ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ 'ਤੇ ਕੁਲਜੀਤ ਸਿੰਘ ਨਾਗਰਾ ਹੋਣਗੇ ਅਹਿਮ ਮੰਤਰੀ: ਸੁਰਜੇਵਾਲਾ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 15 ਫਰਵਰੀ 2022 - ਪੰਜਾਬ ਵਿੱਚ ਕਾਂਗਰਸ ਪਾਰਟੀ ਦੋ ਤਿਹਾਈ ਸੀਟਾਂ ਉੱਤੇ ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ ਤੇ ਉਸ ਸਰਕਾਰ ਵਿਚ ਕੁਲਜੀਤ ਸਿੰਘ ਨਾਗਰਾ ਅਹਿਮ ਮੰਤਰੀ ਹੋਣਗੇ। ਸਰਹਿੰਦ ਮੰਡੀ ਤੇ ਰੇਲਵੇ ਰੋਡ,ਹਮਾਯੂੰਪੁਰ ਸਰਹਿੰਦ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਆਖੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੱਡੇ ਆਗੂਆਂ ਨਾਲ ਧੋਖੇ ਕੀਤੇ ਹਨ, ਜਿਨ੍ਹਾਂ ਵਿਚ ਹਰਿੰਦਰ ਸਿੰਘ ਖਾਲਸਾ, ਧਰਮਵੀਰ ਗਾਂਧੀ, ਐਡਵੋਕੇਟ ਐਚ ਐਸ ਫੂਲਕਾ ਸ਼ਾਮਲ ਹਨ।
ਅਰਵਿੰਦ ਕੇਜਰੀਵਾਲ ਲੋਕਾਂ ਨੂੰ ਵਰਤਦੇ ਹਨ ਤੇ ਫੇਰ ਉਹਨਾਂ ਤੋਂ ਪਾਸਾ ਵੱਟ ਲੈਂਦੇ ਹਨ। ਇਹੀ ਸੋਚ ਉਹਨਾਂ ਦੀ ਪੰਜਾਬ ਲਈ ਹੈ, ਇਸ ਲਈ ਲੋਕ ਆਪ ਦੀਆਂ ਗੱਲਾਂ ਵਿਚ ਨਾ ਆਉਣ। ਸਿਰਫ ਕਾਂਗਰਸ ਪਾਰਟੀ ਹੀ ਭਾਜਪਾ, ਅਕਾਲੀ ਦਲ ਤੇ ਆਪ ਵਲੋਂ ਫੈਲਾਈਆਂ ਬੇਰੋਜ਼ਗਾਰੀ ਤੇ ਹੋਰ ਮੁਸ਼ਕਲਾਂ ਦਾ ਹੱਲ ਕਰ ਸਕਦੀ ਹੈ। ਓਹਨਾਂ ਕਿਹਾ ਕੇ ਕਾਂਗਰਸ ਪਾਰਟੀ ਕਿਸਾਨਾਂ, ਅੜਤੀਆਂ, ਮਜ਼ਦੂਰਾਂ ਭਾਵ ਹਰ ਵਰਗ ਨਾਲ ਖੜਦੀ ਤੇ ਲੜਦੀ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਾ ਦਿੱਤੇ ਜਾਣ ਸਬੰਧੀ ਸ਼੍ਰੀ ਸੁਰਜੇਵਾਲਾ ਨੇ ਕਿਹਾ ਕਿ ਨਰਿੰਦਰ ਮੋਦੀ ਇੱਕ ਤਾਨਾਸ਼ਾਹ ਵਾਂਗ ਵਿਚਰ ਰਹੇ ਹਨ। ਨਰਿੰਦਰ ਮੋਦੀ ਨੇ ਚਰਨਜੀਤ ਚੰਨੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਨਹੀਂ ਭੁੱਲਣਗੇ। ਉਹਨਾਂ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਅਪਣੀਆਂ ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰਨ ਉੱਤੇ ਵੀ ਭਾਜਪਾ ਸਰਕਾਰ ਵੱਲੋਂ ਦੇਸ਼ਧ੍ਰੋਹੀ ਤੇ ਦਹਿਸ਼ਤਗਰਦ ਐਲਾਨ ਦਿੱਤਾ ਗਿਆ ਤੇ ਅੱਜ ਉਹਨਾਂ ਕਿਸਾਨਾਂ ਤੇ ਮਜ਼ਦੂਰਾਂ ਕੋਲੋਂ ਭਾਜਪਾ ਕਿਸ ਮੂੰਹ ਨਾਲ ਵੋਟਾਂ ਮੰਗ ਰਹੀ ਹੈ।
ਇਸ ਦੌਰਾਨ ਸ ਕੁਲਜੀਤ ਸਿੰਘ ਨਾਗਰਾ ਨੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਅੱਜ ਉਹਨਾਂ ਨੂੰ ਕਾਂਗਰਸ ਪਾਰਟੀ ਵਿਚ ਦੇਸ਼ ਦੇ ਵੱਡੇ ਆਗੂਆਂ ਨਾਲ ਥਾਂ ਮਿਲੀ ਹੈ ਤਾਂ ਉਹ ਰਣਦੀਪ ਸਿੰਘ ਸੁਰਜੇਵਾਲਾ ਸਦਕੇ ਹੈ। ਉਹਨਾਂ ਕਿਹਾ ਕਿ ਉਹਨਾਂ ਲਈ ਹਲਕੇ ਦੇ ਲੋਕ ਪਹਿਲਾਂ ਹਨ ਤੇ ਪਰਿਵਾਰ ਬਾਅਦ ਵਿਚ ਹੈ। ਓਹਨਾਂ ਕਿਹਾ ਕੇ ਓਹਨਾ ਨੇ 05 ਸਾਲ ਵਿਚ ਦਿਨਰਾਤ ਇਕ ਕਰ ਕੇ ਹਲਕੇ ਦਾ ਵਿਕਾਸ ਕਰਵਾਇਆ ਹੈ ਤੇ 30-30 ਜਾਂ 40-40 ਸਾਲ ਤੋਂ ਰੁੱਕੇ ਕੰਮ ਪੂਰੇ ਕੀਤੇ ਹਨ। ਇਸ ਮਿਹਨਤ ਸਦਕਾ ਉਹਨਾਂ ਨੂੰ ਲੋਕਾਂ ਦਾ ਬੇਅੰਤ ਪਿਆਰ ਮਿਲ ਰਿਹਾ ਹੈ।
ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਨੇ ਇਸ ਸਬੰਧੀ ਕਿਹਾ ਕਿ ਸਾਲ 2017 ਵਿਚ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ, ਉਸ ਨੂੰ ਨਿਭਾਉਣ ਲਈ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੇ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਹੈ। ਹਲਕੇ ਦੀਆਂ ਵੱਡੀਆਂ ਮੁਸ਼ਕਲਾਂ ਹੱਲ ਕੀਤੀਆਂ।
ਨਾਗਰਾ ਨੇ ਕਿਹਾ ਕਿ ਉਹਨਾਂ ਨੂੰ ਇਹ ਨਿਸ਼ਚਾ ਹੈ ਕਿ ਲੋਕ ਉਹਨਾਂ ਨੂੰ ਵੱਡੀ ਲੀਡ ਨਾਲ ਵਿਧਾਨ ਸਭਾ ਭੇਜਣਗੇ। ਉਹਨਾਂ ਕਿਹਾ ਕਿ ਅਗਲੀ ਵਾਰ ਕਾਂਗਰਸੀ ਦੀ ਸਰਕਾਰ ਬਣਨ ਉੱਤੇ ਵਿਕਾਸ ਦੇ ਹੋਰ ਵੱਡੀ ਗਿਣਤੀ ਕਾਰਜ ਕੀਤੇ ਜਾਣਗੇ। ਉਹਨਾਂ ਨੇ ਪੰਜ ਸਾਲਾਂ ਵਿਚ ਹਲਕੇ ਦਾ ਮਿਸਾਲੀ ਵਿਕਾਸ ਕਰਵਾਇਆ ਹੈ ਤੇ ਕਾਂਗਰਸ ਸਰਕਾਰ ਆਉਣ ਤੇ ਹਲਕੇ ਦਾ ਵੱਡੇ ਪੱਧਰ ਉੱਤੇ ਵਿਕਾਸ ਕਰਵਾਇਆ ਜਾਵੇਗਾ।
ਨਾਗਰਾ ਨੇ ਕਿਹਾ ਕਿ ਪੰਜਾਬ ਵਿੱਚੋਂ ਸਭ ਤੋਂ ਵੱਧ ਵਿਕਾਸ ਹਲਕਾ ਫਤਿਹਗੜ੍ਹ ਸਾਹਿਬ ਦਾ ਹੋਇਆ ਹੈ ਤੇ ਵਿਕਾਸ ਕਾਰਜਾਂ ਤੋਂ ਹੀ ਲੋਕ ਉਹਨਾਂ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਸਹਿਜੇ ਲਾ ਸਕਦੇ ਹਨ। ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੀਮਤ ਸਾਧਨਾਂ ਦੇ ਬਾਵਜੂਦ ਸੂਬੇ ਨੂੰ ਤਰੱਕੀ ਦੇ ਰਾਹ ਪਾਇਆ ਹੈ ਤੇ ਸੂਬੇ ਨੇ ਤਰੱਕੀ ਪੱਖੋਂ ਮਿਸਾਲ ਕਾਇਮ ਕੀਤੀ ਹੈ। ਜਿੱਥੇ ਵਿਕਾਸ ਕਾਰਜ ਲਗਾਤਾਰ ਮੁਕੰਮਲ ਹੋਏ ਹਨ, ਓਥੇ ਜੰਗੀ ਪੱਧਰ ਉੱਤੇ ਜਾਰੀ ਵੀ ਹਨ, ਜਿਹੜੇ ਕਿ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਉਹਨਾਂ ਕਿਹਾ ਕਿ ਚੰਗੇ ਲੋਕਾਂ ਨੂੰ ਹੀ ਨੁਮਾਇੰਗੀ ਦਿੱਤੀ ਜਾਵੇ ਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਤੇ ਦੇਸ਼ ਤਰੱਕੀ ਕਰ ਸਕੇ।ਇਸ ਮੌਕੇ ਜਿਲਾ ਪ੍ਰਧਾਨ ਸ਼ੁਭਾਸ਼ ਸੂਦ,ਨਗਰ ਕੌਂਸਲ ਪ੍ਰਧਾਨ,ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ,ਵੱਖ-ਵੱਖ ਚੇਅਰਮੈਨ,ਸਮੂਹ ਕੌਂਸਲਰ,ਜਿਲਾ ਪ੍ਰੀਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰ,ਸਰਪੰਚ,ਪੰਚ,ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਤੇ ਸ਼ਹਿਰ ਵਾਸੀ ਹਾਜ਼ਰ ਸਨ।