ਕੀ ਫ਼ਰਕ ਹੈ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਵਿਚਕਾਰ ?
- ਈਮਾਨਦਾਰੀ ਅਤੇ ਬੇਈਮਾਨੀ ਦੀ ਬੁਨਿਆਦ ਤੇ ਖੜ੍ਹੀਆਂ ਹਨ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ
ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਪੰਜਾਬ ਪ੍ਰਤੀ ਇਮਾਨਦਾਰ ਹੋਣ ਅਤੇ ਵਧ ਚੜ੍ਹ ਕੇ ਵਿਕਾਸ ਕਰਨ ਦਾ ਦਾਅਵਾ ਕਰ ਰਹੀਆਂ ਹਨ। ਕੌਣ ਕਿੰਨੇ ਪਾਣੀ ਚ ਇਸ ਦਾ ਤਾਂ ਪਤਾ 10 ਮਾਰਚ ਨੂੰ ਨਤੀਜਿਆਂ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਜੇਕਰ ਆਮ ਲੋਕ ਰਾਏ ਜਾਣੀ ਜਾਵੇ ਤਾਂ ਵੋਟਰ ਇਸ ਵਾਰ ਪੰਜਾਬ ਨੂੰ ਜ਼ਿਆਦਾਤਰ ਦਿੱਲੀ ਦੇ ਨਾਲ ਕੰਪੇਅਰ ਕਰ ਰਹੇ ਹਨ । ਕਾਂਗਰਸ ਅਤੇ ਅਕਾਲੀ ਦਲ ਪੰਜਾਬ ਮਾਡਲ ਦੀ ਤਸਵੀਰ ਪੇਸ਼ ਕਰ ਰਹੇ ਹਨ । ਜਦਕਿ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੀ ਤਰਜ਼ ਤੇ ਉੱਤੇ ਪੰਜਾਬ ਦੇ ਵਿਕਾਸ ਦੀ ਗੱਲ ਕਰ ਰਹੀ ਹੈ ।
ਜੇਕਰ ਦਿੱਲੀ ਮਾਡਲ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਸਰਕਾਰ ਦੇ ਵੱਖ ਵੱਖ ਸਰੋਤਾਂ ਤੋਂ ਆਮਦਨ 60 ਹਜ਼ਾਰ ਕਰੋੜ ਹੈ । ਦਿੱਲੀ ਦੀ ਆਬਾਦੀ 2 ਕਰੋੜ ਤੋਂ ਵੱਧ ਹੈ । ਦਿੱਲੀ ਸਰਕਾਰ 30 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੇ ਵਿਕਾਸ ਉੱਤੇ ਸਾਲਾਨਾ ਪੈਸਾ ਖ਼ਰਚ ਕਰਦੀ ਹੈ। ਇਸ ਵਿੱਚ ਦਿੱਲੀ ਸਰਕਾਰ ਆਪਣੇ ਨਾਗਰਿਕ ਨੂੰ 73 ਪ੍ਰਤੀਸ਼ਤ ਮੁਫ਼ਤ ਬਿਜਲੀ, ਮੁਫ਼ਤ ਸਿਹਤ ਸਹੂਲਤਾਂ, ਮੁਫ਼ਤ ਸਿੱਖਿਆ , 2500 ਰੁਪਏ ਬੁਢਾਪਾ ਪੈਨਸ਼ਨ ,ਬੇਰੁਜ਼ਗਾਰੀ ਭੱਤਾ , ਅਤੇ ਹੋਰ ਸਹੂਲਤਾਂ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ 100 ਤੋਂ ਵੱਧ ਹੋਰ ਅਜਿਹੀਆਂ ਸਹੂਲਤਾਂ ਹਨ ਜੋ ਆਪਣੇ ਨਾਗਰਿਕਾਂ ਨੂੰ ਘਰ ਵਿਚ ਬੈਠਿਆਂ ਹੀ ਮਿਲਦੀਆਂ ਹਨ। ਦਿੱਲੀ ਦੇ ਵਿੱਚ ਝੋਨੇ ਦਾ ਰੇਟ 2667 ਰੁਪਏ ਅਤੇ ਕਣਕ ਦਾ ਰੇਟ 2616 ਰੁਪਏ ਹੈ । ਕੁਦਰਤੀ ਆਫ਼ਤ ਆਉਣ ਤੇ ਦਿੱਲੀ ਸਰਕਾਰ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦਿੰਦੀ ਹੈ ।
ਦੂਜੇ ਪਾਸੇ ਪੰਜਾਬ ਸਰਕਾਰ ਦੀ ਵੱਖ ਵੱਖ ਸਰੋਤਾਂ ਤੋਂ ਆਮਦਨ ਇੱਕ ਲੱਖ 80 ਹਜ਼ਾਰ ਕਰੋਡ਼ ਹੈ । ਮਤਬਲ ਦਿੱਲੀ ਤੋਂ ਤਿੰਨ ਗੁਣਾ ਵੱਧ ਆਮਦਨ ਪੰਜਾਬ ਦੀ ਹੈ। ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਹੈ ।ਪੰਜਾਬ ਸਰਕਾਰ ਆਪਣੇ ਪ੍ਰਤੀ ਵਿਅਕਤੀ ਤੇ 60 ਹਜ਼ਾਰ ਰੁਪਏ ਖਰਚ ਕਰਦੀ ਹੈ । ਪੰਜਾਬ ਵਿੱਚ ਕਣਕ ਦਾ ਰੇਟ 1850 ਰੁਪਏ ਅਤੇ ਝੋਨੇ ਦਾ ਰੇਟ ਵੀ 1850 ਰੁਪਏ ਹੈ । ਪੰਜਾਬ ਸਰਕਾਰ 1500 ਰੁਪਏ ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ,ਦਲਿਤ ਪਰਿਵਾਰਾਂ ਵਾਸਤੇ 200 ਯੂਨਿਟ ਮੁਫ਼ਤ ਦਿੰਦੀ ਹੈ। ਇਸਤੋਂ ਇਲਾਵਾ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੰਦੀ ਹੈ ਅਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਨਾ ਮਾਤਰ ਹਨ। ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਪੱਧਰ ਕੋਈ ਬਹੁਤਾ ਵਧੀਆ ਨਹੀਂ ਹੈ। ਪਿਛਲੇ 10 ਸਾਲ ਤੋਂ ਬਿਜਲੀ ਦੇ ਰੇਟਾਂ ਵਿੱਚ ਬਹੁਤ ਵੱਡੀ ਬੜੋਤਰੀ ਆਈ ਹੈ । ਪੰਜਾਬ ਦੇ ਘਰਾਂ ਵਿੱਚ ਸਭ ਤੋਂ ਵੱਡਾ ਖਰਚ ਬਿਜਲੀ ਦੇ ਬਿੱਲ ਹਨ ।
ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਦਿੱਲੀ ਸਰਕਾਰ 30 ਹਜ਼ਾਰ ਰੁਪਏ ਦੇ ਵਿਚ ਪ੍ਰਤੀ ਵਿਅਕਤੀ ਕਿੰਨੀਆਂ ਵਧੀਆ ਸਹੂਲਤਾਂ ਦੇ ਰਹੀ ਹੈ ਜਦ ਕਿ ਪੰਜਾਬ ਸਰਕਾਰ 60 ਹਜਾਰ ਰੁਪਏ ਪ੍ਰਤੀ ਵਿਅਕਤੀ ਖ਼ਰਚ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਕੋਈ ਵਧੀਆ ਸਹੂਲਤ ਨਹੀਂ ਦੇ ਰਹੀ ਹੈ। ਪੰਜਾਬ ਦਾ ਹਰ ਨਾਗਰਿਕ ਗ਼ਰੀਬੀ ਅਤੇ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ।ਜੇਕਰ ਦੇਖਿਆ ਜਾਵੇ ਜਾਂ ਘੋਖ ਕੀਤੀ ਜਾਵੇ ਤਾਂ ਨਤੀਜਾ ਇਹ ਹੀ ਨਿਕਲਦਾ ਹੈ ਕਿ ਦਿੱਲੀ ਸਰਕਾਰ ਆਪਣੇ ਨਾਗਰਿਕਾਂ ਪ੍ਰਤੀ ਇਮਾਨਦਾਰ ਹੈ ਜਦਕਿ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਪ੍ਰਤੀ ਬੇਈਮਾਨ ਹੈ । ਪੰਜਾਬ ਦੇ ਰਾਜਨੀਤਕ ਨੇਤਾ ਤਾਂ ਦਿਨੋ ਦਿਨ ਅਮੀਰ ਹੋ ਰਹੇ ਹਨ ਤੇ ਆਮ ਨਾਗਰਿਕ ਦਿਨੋਂ ਦਿਨ ਗ਼ਰੀਬ ਹੋ ਰਿਹਾ ਹੈ ।ਸਾਡੇ ਰਾਜਨੀਤਕ ਨੇਤਾਵਾਂ ਦੇ ਵੱਡੇ ਵੱਡੇ ਘਪਲੇ ਹਰ ਰੋਜ਼ ਜੱਗ ਜ਼ਾਹਿਰ ਹੁੰਦੇ ਹਨ ।
ਪੰਜਾਬ ਦੀ ਰਾਜਨੀਤੀ ਵੱਡੇ ਵੱਡੇ ਮਾਫੀਆ ਦੀ ਜਕੜ ਵਿੱਚ ਹੈ। ਦਿੱਲੀ ਸਰਕਾਰ ਦੇ ਸਿਸਟਮ ਵਿੱਚ ਵੀ ਕਈ ਕਮੀਆਂ ਹੋ ਸਕਦੀਆਂ ਹਨ ਪਰ ਦਿੱਲੀ ਦਾ ਨਾਗਰਿਕ ਉੱਥੋਂ ਦੀ ਸਰਕਾਰ ਤੋਂ ਪੂਰਾ ਖੁਸ਼ ਹੈ ਕਿਉਂਕਿ ਸਰਕਾਰ ਆਪਣੇ ਨਾਗਰਿਕਾਂ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਹੈ ਇਸੇ ਕਰਕੇ ਜੇਕਰ ਉੱਥੋਂ ਦੀ ਆਮ ਆਦਮੀ ਪਾਰਟੀ ਨੂੰ 2015 ਦੀਅਾਂ ਵਿਧਾਨ ਸਭਾ ਚੋਣਾਂ ਵਿਚ ਇਕ ਰਾਜਨੀਤਕ ਲਹਿਰ ਦੌਰਾਨ 67 ਸੀਟਾਂ ਮਿਲੀਆਂ ਤਾਂ 2020 ਦੇ ਵਿੱਚ ਉਸੇ ਇਤਿਹਾਸ ਨੂੰ ਦੁਹਰਾਉਂਦਿਆਂ ਆਮ ਆਦਮੀ ਪਾਰਟੀ ਨੇ 62 ਸੀਟਾਂ ਦੀ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਨੇ ਉੱਥੇ ਵੋਟਾਂ ਵੀ ਇਹ ਕਹਿ ਕੇ ਮੰਗੀਆਂ ਕਿ ਜੇਕਰ ਅਸੀਂ ਵਿਕਾਸ ਕੀਤਾ ਹੈ ਅਤੇ ਕੰਮ ਕੀਤੇ ਹਨ ਤਾਂ ਸਾਨੂੰ ਵੋਟ ਪਾ ਦਿਓ।
ਜੇਕਰ ਵਿਕਾਸ ਨਹੀਂ ਕੀਤਾ ਤਾਂ ਵੋਟਾਂ ਨਾ ਪਾਇਓ ਪਰ ਲੋਕਾਂ ਨੇ 56 ਪ੍ਰਤੀਸ਼ਤ ਵੋਟਾਂ ਪਾ ਕੇ ਦਿੱਲੀ ਸਰਕਾਰ ਦੇ ਵਿਕਾਸ ਕੰਮਾਂ ਉੱਤੇ ਮੋਹਰ ਲਾਈ ਹੈ ,ਪਰ ਪੰਜਾਬ ਦੇ ਵਿੱਚ ਕਾਂਗਰਸ ਜਾਂ ਅਕਾਲੀ ਦਲ ਦੇ ਵਿਚ ਇੰਨੀ ਗੱਲ ਕਹਿਣ ਦੀ ਹਿੰਮਤ ਨਹੀਂ ਹੈ ਕਿ ਜੇ ਅਸੀਂ ਵਿਕਾਸ ਕੀਤਾ ਸਾਨੂੰ ਵੋਟਾਂ ਪਾ ਦਿਓ । ਅੱਜ ਵੀ ਅਕਾਲੀ ਅਤੇ ਕਾਂਗਰਸ ਪਾਰਟੀਆਂ ਇੱਕੋ ਰਟ ਲਾ ਰਹੀਆਂ ਹਨ ਕਿ ਸਾਨੂੰ ਇਕ ਮੌਕਾ ਹੋਰ ਦਿਓ , ਅਸੀਂ ਵਿਕਾਸ ਕਰਾਂਗੇ । ਇਹ ਫ਼ੈਸਲਾ ਹੁਣ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਕਿ ਕਿਸ ਪਾਰਟੀ ਨੂੰ ਪੰਜਾਬ ਦੀ ਸੱਤਾ ਸੰਭਾਲਣੀ ਹੈ ਪਰ ਇਹ ਗੱਲ ਜ਼ਰੂਰ ਸਿੱਧ ਹੋ ਗਈ ਹੈ ਕਿ ਦਿੱਲੀ ਦੇ ਵਿਚ ਕੰਮ ਇਮਾਨਦਾਰੀ ਨਾਲ ਹੋ ਰਿਹਾ ਹੈ । ਪੰਜਾਬ ਦੇ ਵਿੱਚ ਬੇਈਮਾਨ , ਧੋਖਾਧੜੀ ਨਾਲ ਹੋ ਰਿਹਾ ਹੈ । ਗੁਰੂ ਭਲੀ ਕਰੇ, ਮੇਰੇ ਵਤਨ ਪੰਜਾਬ ਦਾ ਰੱਬ ਰਾਖਾ ।
ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ - 98143 00722