ਧੂਰੀ ਹਲਕੇ ਦਾ ਚੋਣ ਅਖਾੜਾ ਭਖਿਆ: ਚੋਣ ਮੈਦਾਨ ' ਚ ਨਿੱਤਰੇ ਉਮੀਦਵਾਰ ਆਪੋ ਆਪਣੇ ਮੁੱਦਿਆਂ ਦੇ ਅਧਾਰ ਤੇ ਮੰਗ ਰਹੇ ਨੇ ਵੋਟਾਂ
ਹਿਮਾਂਸ਼ੂ ਗੋਇਲ/ਹਰਮਿੰਦਰ ਸਿੰਘ ਭੱਟ
ਧੂਰੀ ,16, ਫਰਵਰੀ, 2022 - 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਹਲਕਾ ਧੂਰੀ ਅੰਦਰ ਚੋਣ ਅਖਾੜਾ ਹੁਣ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਅਤੇ ਮੈਦਾਨ' ਚ ਨਿੱਤਰੇ ਵੱਖ ਵੱਖ ਉਮੀਦਵਾਰਾਂ ਵੱਲੋਂ ਜਿੱਥੇ ਆਪਣੇ ਰਿਸ਼ਤੇਦਾਰਾਂ ਤੇ ਨੇੜਲਿਆਂ ਰਾਹੀਂ ਵੋਟਰਾਂ ਨੂੰ ਆਪਣੇ ਹੱਕ ' ਚ ਭੁਗਤਣ ਲਈ ਜੋਰ ਲਾਇਆ ਜਾ ਰਿਹਾ ਹੈ ਉਥੇ ਡੋਰ - ਟੂ -ਡੋਰ ਵੋਟਰਾਂ ਨਾਲ ਸੰਪਰਕ ਕਰਨ ਦੇ ਨਾਲ ਨਾਲ ਸਪੀਕਰਾਂ ਰਾਹੀਂ ਅਤੇ ਚੋਣ ਮੀਟਿੰਗਾਂ ਕਰਕੇ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਪੰਜਾਬ ' ਚੋਂ ਮਾਫੀਆ ਰਾਜ ਤੇ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦਿਆਂ ਆਪ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਂਗਰਸ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਆਪਣੇ ਪੰਜ ਸਾਲ ਦੇ ਕਾਰਜਕਾਲ ' ਚ ਕਰਵਾਏ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦਿਆਂ ਇੱਕ ਬਾਰ ਫੇਰ ਸੇਵਾ ਦਾ ਮੌਕਾ ਦੇਣ ਦੀ ਅਪੀਲ ਕਰਦੇ ਹੋਏ ਹਲਕੇ ਅੰਦਰ ਇਸ ਵਾਰ ਚੋਣ ਲੜਾਈ ਅੰਦਰਲਿਆਂ ਦੇ ਬਾਹਰਲਿਆਂ ਵਿੱਚ ਹੋ ਰਹੀ ਹੈ ਜਿਸ ਵਿਚ ਲੋਕ ਉਨ੍ਹਾਂ ਦਾ ਸਾਥ ਦੇਣਗੇ ਦਾ ਪ੍ਰਚਾਰ ਕੀਤਾ ਜਾ ਰਿਹਾ।
ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਵੱਲੋਂ ਆਪਣੇ ਲਈ ਵੋਟਾਂ ਮੰਗਦਿਆਂ ਜਿੱਤ ਦਾ ਦਾਆਵਾ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਵਿਕਾਸ ਹਮੇਸ਼ਾਂ ਅਕਾਲੀ ਸਰਕਾਰਾਂ ਦੇ ਰਾਜ ' ਚ ਹੋਇਆ। ਭਾਜਪਾ ਵੱਲੋਂ ਹਲਕੇ ' ਚ ਪਹਿਲੀ ਬਾਰ ਆਪਣੇ ਚੋਣ ਨਿਸ਼ਾਨ "ਕਮਲ ਦਾ ਫੁੱਲਾ " ਤੇ ਚੋਣ ਮੈਦਾਨ ' ਚ ਉਤਾਰੇ ਰਣਦੀਪ ਸਿੰਘ ਦਿਓਲ ਨਵਾਂ ਪੰਜਾਬ ਸਿਰਜਣ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਭਾਜਪਾ ਦੇ ਹੱਥ ਮਜਬੂਤ ਕਰਨ ਦੀ ਮੰਗ ਕਰਦਿਆਂ ਲੋਕਾਂ ਦੀ ਭਲਾਈ ਲਈ ਕੇਂਦਰ ਵਾਂਗ ਪੰਜਾਬ ' ਚ ਵੀ ਭਾਜਪਾ ਸਰਕਾਰ ਲਿਆਉਣ ਦੀ ਅਪੀਲ ਕਰ ਰਹੇ ਹਨ।
ਸ੍ਰੋਮਣੀ ਅਕਾਲੀ ਦਲ( ਅਮ੍ਰਿਤਸਰ ) ਦੇ ਨਰਿੰਦਰ ਸਿੰਘ ਕਾਲਾਬੂਲਾ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ' ਚ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਦੀ ਸਰਕਾਰ ਲਿਆਉਣ ਲਈ ਵੋਟਾਂ ਮੰਗੀਆਂ ਦਾ ਰਹੀਆਂ ਹਨ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸਰਬਜੀਤ ਸਿੰਘ ਅਲਾਲ ਕੇਂਦਰ ਸਰਕਾਰ ਦੇ ਖਿਲਾਫ਼ ਚੱਲੇ ਲੰਮੇ ਕਿਸਾਨੀ ਸ਼ੰਘਰਸ਼' ਚ ਸ਼ਹੀਦ ਹੋਏ ਕਿਸਾਨਾ ਦੀ ਕੁਰਬਾਨੀ ਨੂੰ ਨਾ ਭੁੱਲਣ ਦੀ ਅਪੀਲ ਕਰਦਿਆਂ ਕਿਸਾਨਾ ਦੇ ਬੇਹਤਰ ਭਵਿੱਖ ਲਈ ਮੋਰਚੇ ਨੂੰ ਮਜਬੂਤ ਕਰਨ ਲਈ ਵੋਟਾਂ ਮੰਗ ਰਹੇ ਹਨ।
ਸੀ ਪੀ ਆਈ (ਲਿਬਰੇਸ਼ਨ ) ਦੇ ਉਮੀਦਵਾਰ ਹਰਪ੍ਰੀਤ ਸਿੰਘ ਵੱਲੋਂ ਵੰਡ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣ ਅਤੇ ਪੰਜਾਬ ਸਿਰ ਚੜ੍ਹੇ ਕਰਜੇ ਨੂੰ ਉਤਾਰਨ ਲਈ ਸੂਬੇ ' ਚ ਖਸ ਖ਼ਸ ਦੀ ਖੇਤੀ ਕਰਨ ਦੀ ਖੁੱਲ੍ਹ ਦੇਣ ਵਰਗੇ ਜਨਤਕ ਮੁੱਦਿਆਂ ਨੂੰ ਲੈਕੇ ਵੋਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਲੋਕ ਇਨਸਾਫ਼ ਪਾਰਟੀ ਦੇ ਜਸਵਿੰਦਰ ਸਿੰਘ ਰਿਖੀ , ਨੈਸ਼ਨਲ ਅਪਨੀ ਪਾਰਟੀ ਦੇ ਸੁਖਵਿੰਦਰ ਸਿੰਘ , ਅਪਨੀ ਏਕਤਾ ਪਾਰਟੀ ਦੇ ਪ੍ਰਦੀਪ ਕੁਮਾਰ ਤੋਂ ਇਲਾਵਾ ਦੋ ਆਜਾਦ ਉਮੀਦਵਾਰ ਸ਼ਕਤੀ ਕੁਮਾਰ ਗੁਪਤਾ ਅਤੇ ਰਿਟਾਇਰਡ ਪੀ ਸੀ ਐਸ ਅਧਿਕਾਰੀ ਵਿਜੇ ਸਿਆਲ ਵੀ ਚੋਣ ਮੈਦਾਨ ' ਚ ਨਿੱਤਰੇ ਹੋਏ ਹਨ।