ਕਿੱਕੀ ਢਿੱਲੋਂ ਨੂੰ ਤੁਸੀਂ ਜਿਤਾਓ ਸਭ ਤੋਂ ਪਹਿਲਾ ਕੈਬਨਿਟ ਮੰਤਰੀ ਮੈਂ ਬਣਾਵਾਂਗਾ : ਚੰਨੀ
- ਝਾੜੂ ਖੜ੍ਹਾ ਕਰਨਾ ਬਦਸ਼ਗਨੀ ਹੁੰਦੀ ਹੈ, ਸੋ ਪੰਜਾਬ ਵਿਚ ਝਾੜੂ ਖੜ੍ਹਾ ਨਹੀਂ ਹੋਣ ਦੇਣਾ
ਫਰੀਦਕੋਟ, 16 ਫਰਵਰੀ 2022 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਅਗਲੀ ਕਾਂਗਰਸ ਸਰਕਾਰ ਵਿਚ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮੰਤਰੀ ਮੰਡਲ ਵਿਚ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਅੱਜ ਇਥੇ ਕੀਤੀ ਗਈ ਚੰਨੀ ਦੀ ਵੱਡੀ ਰੈਲੀ ਨੇ ਫਰੀਦਕੋਟ ਵਿਚ ਵੋਟਰਾਂ ਦੀ ਹਵਾ ਹੀ ਬਦਲ ਕੇ ਰੱਖ ਦਿੱਤੀ ਕਿਉਂਕਿ ਅੱਜ ਦਾ ਇਕੱਠ ਫਰੀਦਕੋਟ ਵਿਚ ਕਿਸੇ ਵੀ ਰਾਜਸੀ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਹੋ ਨਿੱਬੜਿਆ। ਇਸ ਮੌਕੇ ਚੰਨੀ ਨੇ ਕਿਹਾ ਕਿ ਝਾੜੂ ਖੜ੍ਹਾ ਕਰਨਾ ਬਦਸ਼ਗਨੀ ਦਾ ਪ੍ਰਤੀਕ ਹੁੰਦਾ ਹੈ, ਇਸ ਲਈ ਪੰਜਾਬ ਵਿਚ ਝਾੜੂ ਨੂੰ ਖੜ੍ਹਾ ਨਹੀਂ ਹੋਣ ਦੇਣਾ।
ਅੱਜ ਇਥੋਂ ਦੀ ਦਾਣਾ ਮੰਡੀ ਵਿਚ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਵੀ ਸ਼ਰਾਬ ਪੀ ਕੇ ਚਲਾ ਜਾਂਦਾ ਹੈ ਅਤੇ ਪਾਰਲੀਮੈਂਟ ਵਿਚ ਵੀ ਸ਼ਰਾਬ ਪੀ ਕੇ ਚਲਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਘਰ ਵਾਲੀ ਛੱਡ ਦਿੱਤੀ, ਬੱਚੇ ਛੱਡ ਦਿੱਤੇ, ਪਰ ਸ਼ਰਾਬ ਨਹੀਂ ਛੱਡੀ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਹਮੇਸ਼ਾਂ ਭਾਜਪਾ ਦੀ ਬੋਲੀ ਬੋਲਦਾ ਹੈ ਅਤੇ ਪੰਜਾਬ ਦਾ ਸਰਹੱਦ ਨਾਲੋਂ 50 ਕਿੱਲੋਮੀਟਰ ਤੱਕ ਦਾ ਇਲਾਕਾ ਬੀ.ਐਸ.ਐਫ. ਦੇ ਅਧੀਨ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਵਲੋਂ ਬਣਾਏ ਗਏ ਕਾਲੇ ਕਾਨੂੰਨ ਸਭ ਤੋਂ ਪਹਿਲਾਂ ਦਿੱਲੀ ਵਿਚ ਕੇਜਰੀਵਾਲ ਨੇ ਲਾਗੂ ਕੀਤੇ ਸਨ।
ਉਨ੍ਹਾਂ ਨੇ ਕਿਹਾ ਕਿ ਸਾਡਾ ਹਰਿਆਣਾ ਅਤੇ ਦਿੱਲੀ ਨਾਲ ਪਾਣੀਆਂ ਦਾ ਵੀ ਝਗੜਾ ਹੈ ਅਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਵੀ ਝਗੜਾ ਹੈ। ਫਿਰ ਅਸੀਂ ਹਰਿਆਣਾ ਦੇ ਜੰਮਪਲ ਦਿੱਲੀ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਵਾਗਡੋਰ ਕਿਉਂ ਸੰਭਾਲਨ ਦੇਈਏ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿਚ ਮੈਨੂੰ 111 ਦਿਨ ਕੰਮ ਕਰਨ ਦਾ ਮੌਕਾ ਮਿਲਿਆ, ਇਸ ਥੋੜੇ ਜਿਹੇ ਸਮੇਂ ਦੌਰਾਨ ਹੀ ਅਸੀਂ ਪਾਣੀ ਅਤੇ ਬਿਜਲੀ ਦੇ ਬਕਾਏ ਮੁਆਫ ਕੀਤੇ, ਤਿੰਨ ਰੁਪਏ ਬਿਜਲੀ ਸਸਤੀ ਕਰ ਦਿੱਤੀ, ਪਿੰਡਾਂ ਵਿਚ ਵਾਟਰ ਵਰਕਸਾਂ ਦੇ ਬਿੱਲ ਮੁਆਫ ਕਰ ਦਿੱਤੇ, ਪੈਟਰੋਲ ਤੇ ਡੀਜਲ ਸਸਤਾ ਕਰ ਦਿੱਤ। ਉਨ੍ਹਾਂ ਨੇ ਕਿਹਾ ਕਿ ਹਰ ਵਰਗ ਦੇ ਹਰ ਘਰ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੀ ਕਾਂਗਰਸ ਸਰਕਾਰ ਵਿਚ ਸਿੱਖਿਆ ਸਹੂਲਤਾਂ ਵਧਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਕੱਲੇ ਆਟਾ ਦਾਲ ਨਾਲ ਵਿਕਾਸ ਨਹੀਂ ਹੋਣਾ, ਸਗੋਂ ਸਿੱਖਿਆ ਨਾਲ ਵਿਕਾਸ ਹੋਵੇਗਾ। ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਕਾਸ ਲਈ ਜਰੂਰੀ ਹੈ ਕਿ ਹਰ ਘਰ ਦਾ ਬੱਚਾ ਪੜ੍ਹੇ, ਹਰ ਘਰ ਨੂੰ ਸਿਹਤ ਸਹੂਲਤਾਂ ਮਿਲਣ।
ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕਿ ਅਗਲੀ ਕਾਂਗਰਸ ਸਰਕਾਰ ਵਿਚ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਨੇ ਫਰਦੀਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਹੋਰ ਪਾਰਟੀ ਨੂੰ ਵੋਟ ਪਾਓਗੇ ਤਾਂ ਵਿਧਾਇਕ ਚੁਣੋਗੇ, ਪਰ ਜੇਕਰ ਕਿੱਕੀ ਢਿੱਲੋਂ ਨੂੰ ਵੋਟ ਪਾਓਗੇ ਤਾਂ ਇਕ ਕੈਬਨਿਟ ਮੰਤਰੀ ਚੁਣੋਗੇ।
ਇਸ ਮੌਕੇ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਫਰੀਦਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਪਹਿਲਾਂ ਸੁਖਬੀਰ ਬਾਦਲ ਨੂੰ ਵੀ ਜਿਤਾ ਕੇ ਦੇਖ ਲਿਆ, ਉਸ ਨੇ ਫਰੀਦਕੋਟ ਦੀ ਕੋਈ ਸਾਰ ਨਹੀਂ ਲਈ। ਇਸ ਤੋਂ ਬਾਅਦ ਫੇਰ ਆਮ ਆਦਮੀ ਪਾਰਟੀ ਦੇ ਪ੍ਰੋ ਸਾਧੂ ਸਿੰਘ ਨੂੰ ਵੀ ਜਿਤਾ ਕੇ ਦੇਖ ਲਿਆ, ਜਿਸ ਨੇ ਲੋਕਾਂ ਨੂੰ ਸ਼ਕਲ ਵੀ ਨਹੀਂ ਦਿਖਾਈ। ਇਸ ਲਈ ਹੁਣ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਓ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਜਿਲੇ ਵਿਚ ਜਦੋਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਉਥੇ ਵੱਡਾ ਪੰਥਕ ਇਕੱਠ ਕੀਤਾ ਗਿਆ। ਇਸ ਪੰਥਕ ਇਕੱਠ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਭਗਵੰਤ ਮਾਨ ਸ਼ਰਾਬ ਪੀ ਕੇ ਚਲਾ ਗਿਆ ਸੀ, ਜਿਸ ਨੂੰ ਉਥੇ ਸੰਗਤ ਦੇ ਵਿਰੋਧ ਕਾਰਨ ਭੱਜਣਾ ਪਿਆ ਸੀ। ਅਜਿਹੇ ਸ਼ਰਾਬੀ ਨੂੰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਮੈਨੂੰ ਇਕ ਮੌਕਾ ਹੋਰ ਦਿਓ ਅਤੇ ਅਗਲੀ ਸਰਕਾਰ ਵਿਚ ਫਰੀਦਕੋਟ ਇਲਾਕੇ ਵਿਚ ਵਿਕਾਸ ਦੀ ਹਨੇਰੀ ਲਿਆ ਦੇਵਾਂਗੇ।
ਇਸ ਰੈਲੀ ਵਿਚ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਵਿਚ ਟਰਾਲੀਆਂ ਅਤੇ ਮੋਟਰਸਾਈਕਲਾਂ 'ਤੇ ਆਏ। ਸ਼ਹਿਰ ਦੇ ਚਾਰ ਚੁਫੇਰੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਰੈਲੀ ਨੂੰ ਸਾਬਕਾ ਜੇਲ ਮੰਤਰੀ ਉਪਿੰਦਰ ਸ਼ਰਮਾਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸਹੋਤਾ, ਜੈਤੋ ਹਲਕੇ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਢਿੱਲਵਾਂ, ਨਵਦੀਪ ਸਿੰਘ ਬੱਬੂ ਬਰਾੜ, ਸੁਖਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।