ਵੋਟਾਂ ਵਾਲੇ ਦਿਨ ਜਾਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਕੋਈ ਸਿਆਸੀ ਇਸ਼ਤਿਹਾਰ ਦੇਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਦੀ ਪੂਰਵ ਪ੍ਰਵਾਨਗੀ ਜ਼ਰੂਰੀ-ਜ਼ਿਲ੍ਹਾ ਚੋਣ ਅਫ਼ਸਰ
ਮੁਹੰਮਦ ਇਸਮਾਈਲ ਏਸ਼ੀਆ /ਹਰਮਿੰਦਰ ਸਿੰਘ ਭੱਟ
ਮਲੇਰਕੋਟਲਾ 16 ਫਰਵਰੀ 2022: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਵੋਟਾਂ ਵਾਲੇ ਦਿਨ ਜਾਂ ਵੋਟਾਂ ਪੈਣ ਤੋਂ ਇੱਕ ਦਿਨ (19 ਅਤੇ 20 ਫਰਵਰੀ, 2022 ਨੂੰ) ਪਹਿਲਾਂ ਕੋਈ ਸਿਆਸੀ ਇਸ਼ਤਿਹਾਰ ਪ੍ਰਿੰਟ ਮੀਡੀਆ ਵਿੱਚ ਨਹੀਂ ਛਪਾਇਆ ਜਾ ਸਕੇਗਾ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਮਾਧਵੀ ਕਟਾਰੀਆ ਨੇ ਦਿੱਤੀ । ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਉਮੀਦਵਾਰ ਜਾਂ ਰਾਜਨੀਤਿਕ ਪਾਰਟੀਆਂ ਨੂੰ 19 ਤੇ 20 ਫਰਵਰੀ ਨੂੰ ਪ੍ਰਿੰਟ ਮੀਡੀਆ ਵਿੱਚ ਸਿਆਸੀ ਇਸ਼ਤਿਹਾਰ ਛਪਵਾਉਣ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਤੋਂ ਪੂਰਵ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਇਸ ਪ੍ਰਵਾਨਗੀ ਲਈ ਘੱਟੋ ਘੱਟ ਦੋ ਦਿਨ ਪਹਿਲਾਂ ਅਪਲਾਈ ਕਰਨਾ ਲਾਜ਼ਮੀ ਹੈ।
ਉਨ੍ਹਾਂ ਪ੍ਰਿੰਟ ਮੀਡੀਆ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ 19 ਤੇ 20 ਫਰਵਰੀ ਨੂੰ ਕੋਈ ਵੀ ਸਿਆਸੀ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਸਬੰਧਿਤ ਵਿਅਕਤੀ ਤੋਂ ਸਟੇਟ ਜਾਂ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਤੋਂ ਜਾਰੀ ਸਰਟੀਫਿਕੇਟ ਦੀ ਕਾਪੀ ਜ਼ਰੂਰੀ ਲੈਣ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਲਈ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ’ਤੇ ਚੋਣਾਂ ਸਬੰਧੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਵੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਤੋਂ ਪੂਰਵ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਦਾ ਮੀਡੀਆ ਸੈੱਲ ਸਰਕਾਰੀ ਕਾਲਜ ਮਲੇਰਕੋਟਲਾ ਦੇ ਪੁਰਾਣੇ ਬੀ.ਐਂਡ ਕਾਲਜ ਵਿਖੇ ਸਥਾਪਿਤ ਸਥਾਪਿਤ ਕੀਤਾ ਗਿਆ ਹੈ।