"ਭਾਜਪਾ ਦੀ ਸਰਕਾਰ ਬਣਨ ਤੇ ਕੋਈ ਮਾਈ ਦਾ ਲਾਲ ਵੇਚ ਕੇ ਵਿਖਾਵੇ ਨਸ਼ਾ" - ਰਾਜਨਾਥ ਸਿੰਘ
ਕੁਲਵਿੰਦਰ ਸਿੰਘ
- ਰਾਜਨਾਥ ਸਿੰਘ ਰੱਖਿਆ ਮੰਤਰੀ ਨੇ ਕੀਤਾ ਜਨਤਾ ਨੂੰ ਸੰਬੋਧਨ ਸ਼ੁਰੁਆਤ ਕੀਤੀ ਚੰਨੀ ਦੇ ਵਿਵਾਦਤ ਬਿਆਨ ਤੋਂ
ਅੰਮ੍ਰਿਤਸਰ, 17 ਫਰਵਰੀ 2022 - ਅੱਜ ਅੰਮ੍ਰਿਤਸਰ ਵਿਖੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਆਪਣੇ ਭਾਸ਼ਣ ਦੀ ਸ਼ੁਰੂਆਤ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਯੂ ਪੀ ਬਿਹਾਰ ਤੇ ਦਿੱਲੀ ਦੇ ਬਈਆ ਵਾਲੇ ਬਿਆਨ ਤੋਂ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ ਜਦਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਤਾਂ ਸਾਂਝੀਵਾਲਤਾ ਦਾ ਹੈ ਨਾ ਕਿ ਰੰਗ ਭੇਦ ਜਾਂ ਜਾਤੀਵਾਦ ਦਾ।
ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ ਹੈ ਅਤੇ ਪੂਰੇ ਦਿੱਲੀ ਦੇ ਵਿੱਚ ਸ਼ਰਾਬ ਮਾਫ਼ੀਆ ਨੂੰ ਫੈਲਾ ਰਿਹਾ ਹੈ।
ਅੰਮ੍ਰਿਤਸਰ ਤੋਂ ਕੇਂਦਰੀ ਹਲਕੇ ਅਤੇ ਮੌਜੂਦਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਦੇ ਸਾਹਮਣੇ ਖੜ੍ਹੇ ਭਾਜਪਾ ਉਮੀਦਵਾਰ ਡਾ ਰਾਮ ਚਾਵਲਾ ਦੇ ਹੱਕ ਵਿੱਚ ਬੋਲਦੇ ਉਨ੍ਹਾਂ ਕਿਹਾ ਕਿ ਡਾ ਰਾਮ ਚਾਵਲਾ ਇੱਕ ਸੂਝਵਾਨ ਅਤੇ ਕਾਬਲ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਕੇਂਦਰ ਦੀਆਂ ਸਾਰੀਆਂ ਸਕੀਮਾਂ ਪੰਜਾਬ ਵਿੱਚ ਲਾਗੂ ਕੀਤੀਆਂ ਜਾਣਗੀਆਂ।
ਨਸ਼ੇ ਦੇ ਬਾਰੇ ਸਿੱਧੀ ਗੱਲ ਕਰਦੇ ਹੋਏ ਰਾਜਨਾਥ ਸਿੰਘ ਨੇ ਲਲਕਾਰਾ ਮਾਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਹੜਾ ਮਾਈ ਦਾ ਲਾਲ ਹੋਵੇਗਾ ਜਿਹੜਾ ਭਾਜਪਾ ਦੇ ਹੁੰਦਿਆਂ ਨਸ਼ਾ ਵੇਚ ਸਕੇਗਾ।
ਉਨ੍ਹਾਂ ਕਾਂਗਰਸ ਦੀ ਅੰਦਰੂਨੀ ਲੜਾਈ ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਜਿਹੜੀ ਪਾਰਟੀ ਦੇ ਨੇਤਾ ਆਪਸ ਵਿਚ ਹੀ ਲੜ ਰਹੇ ਹਨ ਉਹ ਪੰਜਾਬ ਨੂੰ ਕੀ ਬਚਾਉਣਗੇ ਅਤੇ ਪੰਜਾਬ ਵਿੱਚ ਇਨ੍ਹਾਂ ਦਾ ਮਕਸਦ ਵਿਕਾਸ ਨਹੀਂ ਬਲਕਿ ਆਪਣੀ ਚੌਧਰ ਨੂੰ ਕਾਇਮ ਰੱਖਣਾ ਹੈ।
ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਗੱਲ ਵੀ ਕਹੀ।
ਹਾਲਾਂਕਿ ਜਿਸ ਪਿਛਲੇ ਪੰਜ ਸਾਲ ਦੀ ਕਾਂਗਰਸ ਸਰਕਾਰ ਨੂੰ ਰਾਜਨਾਥ ਸਿੰਘ ਵੱਲੋਂ ਭੰਡਿਆ ਜਾ ਰਿਹਾ ਸੀ ਉਸ ਦੇ ਸਰਪ੍ਰਸਤ ਅਤੇ ਮੁਖੀ ਰਹੇ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਭਾਜਪਾ ਨਾਲ ਗੱਠਜੋੜ ਕਰ ਕੇ ਚੋਣ ਲੜ ਰਹੇ ਹਨ।
ਇਸ ਮੌਕੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਭਾਜਪਾ ਸੀਨੀਅਰ ਨੇਤਾ ਰਾਜਿੰਦਰ ਮੋਹਨ ਸਿੰਘ ਛੀਨਾ ਭਾਜਪਾ ਅੰਮ੍ਰਿਤਸਰ ਮੁਖੀ ਸੁਰੇਸ਼ ਮਹਾਜਨ ਡਾ ਰਾਮ ਚਾਵਲਾ ਡਾ ਬਲਦੇਵ ਰਾਜ ਚਾਵਲਾ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਹੋਰ ਭਾਜਪਾ ਦੇ ਕਾਰਜਕਰਤਾ ਮੌਜੂਦ ਸਨ।