ਇਸ ਵਾਰ ਪੰਜਾਬ ਦੇ ਲੋਕ ਨਸ਼ੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣਗੇ : ਭਗਵੰਤ ਮਾਨ
- ਨਸ਼ਾ ਮਾਫੀਆ ਅਤੇ ਸਵਾਰਥੀ ਆਗੂਆਂ ਨੇ ਮਿਲ ਕੇ ਪੰਜਾਬ ਦੇ ਲੱਖਾਂ ਨੌਜਵਾਨਾਂ ਦਾ ਜੀਵਨ ਬਰਬਾਦ ਕੀਤਾ: ਭਗਵੰਤ ਮਾਨ
ਪਟਿਆਲਾ/ ਚੰਡੀਗੜ੍ਹ,17 ਫਰਵਰੀ 2022 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਬਾਦਲ 'ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਬਾਦਲ ਪਰਿਵਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੁੱਝ ਸਵਾਰਥੀ ਆਗੂਆਂ ਨੇ ਸੱਤਾ ਵਿੱਚ ਬੈਠ ਕੇ ਪੂਰੇ ਪੰਜਾਬ ਵਿੱਚ ਨਸ਼ੇ ਦਾ ਨਜਾਇਜ਼ ਕਾਰੋਬਾਰ ਚਲਾਇਆ ਅਤੇ ਨਸ਼ਾ ਮਾਫੀਆ ਨਾਲ ਮਿਲੀਭੁਗਤ ਕਰਕੇ ਪੰਜਾਬ ਦੇ ਲੱਖਾਂ ਨੌਜਵਾਨਾਂ ਦਾ ਜੀਵਨ ਬਰਬਾਦ ਕਰ ਦਿੱਤਾ ਹੈ। ਇਨਾਂ ਸਵਾਰਥੀ ਆਗੂਆਂ ਨੇ ਪੈਸੇ ਕਮਾਉਣ ਲਈ ਲੱਖਾਂ ਮਾਂਵਾਂ ਦੇ ਪੁੱਤਾਂ ਨੂੰ ਖੋਹ ਲਿਆ ਅਤੇ ਲੱਖਾਂ ਪਰਿਵਾਰਾਂ ਤਬਾਹ ਕਰ ਦਿੱਤੇ ਹਨ। ਇਸ ਵਾਰ ਪੰਜਾਬ ਦੇ ਲੋਕ ਨਸ਼ੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣਗੇ।
ਵੀਰਵਾਰ ਨੂੰ ਭਗਵੰਤ ਮਾਨ ਨੇ ਪਟਿਆਲਾ ਦੇ ਵੱਖ ਵੱਖ ਹਲਕਿਆਂ ਵਿੱਚ 'ਆਪ' ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਇੱਥੇ ਉਨਾਂ ਘਨੌਰ ਹਲਕੇ 'ਚ ਪਾਰਟੀ ਉਮੀਦਵਾਰ ਗੁਰਲਾਲ ਸਿੰਘ ਘਨੌਰ, ਸਨੌਰ ਹਲਕੇ 'ਚ ਹਰਮੀਤ ਸਿੰਘ ਪਠਾਨ ਮਾਜਰਾ, ਪਟਿਆਲਾ ਸ਼ਹਿਰੀ 'ਚ ਅਜੀਤਪਾਲ ਸਿੰਘ ਕੋਹਲੀ, ਸਮਾਣਾ 'ਚ ਚੇਤਨ ਸਿੰਘ ਜੌੜਮਾਜਰਾ ਅਤੇ ਸ਼ੁਤਰਾਣਾ ਹਲਕੇ 'ਚ ਕੁਲਵੰਤ ਬਾਜੀਗਰ ਲਈ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ 'ਆਪ' ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਦੀ ਅਪੀਲ ਕੀਤੀ।
ਸੱਤਾਧਾਰੀ ਕਾਂਗਰਸ 'ਤੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਚੋਣਾ ਵਿੱਚ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਚਾਰ ਹਫ਼ਤਿਆਂ ਵਿੱਚ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਾ ਮਾਫੀਆ ਨੂੰ ਸਰਕਾਰੀ ਸੁਰੱਖਿਆ ਦਿੱਤੀ। ਸੱਤਾ 'ਚ ਬੈਠੇ ਆਗੂਆਂ ਅਤੇ ਨਸ਼ਾ ਮਾਫੀਆ ਦੀ ਮਿਲੀਭੁਗਤ ਕਾਰਨ ਅੱਜ ਪੂਰੇ ਪੰਜਾਬ 'ਚ ਹਰ ਥਾਂ ਧੜੱਲੇ ਨਾਲ ਚਿੱਟਾ ਅਤੇ ਹੋਰ ਘਾਤਕ ਨਸ਼ੀਲੇ ਪਦਾਰਥ ਮਿਲ ਰਹੇ ਹਨ। ਨਸ਼ੇ ਦਾ ਨਜਾਇਜ ਕਾਰੋਬਾਰ ਕਰਨ ਵਾਲੇ ਬੇਖੌਫ ਆਪਣਾ ਧੰਦਾ ਚਲਾ ਰਹੇ ਹਨ। ਉਨਾਂ ਨੂੰ ਪੁਲੀਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ ਕਿਉਂਕਿ ਉਨਾਂ ਨੂੰ ਸੱਤਾ ਦੀ ਸੁਰੱਖਿਆ ਪ੍ਰਾਪਤ ਹੈ। ਨਸ਼ਾ ਮਾਫੀਆ ਅਤੇ ਸੱਤਾਧਾਰੀ ਆਗੂਆਂ ਦਾ ਗਠਜੋੜ ਬਣਿਆ ਹੋਇਆ ਹੈ। ਇਸ ਗੱਠਜੋੜ ਨੇ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚੋਂ ਕਲਮ, ਕਿਤਾਬ ਖੋਹ ਕੇ ਚਿੱਟਾ ਫੜਾ ਦਿੱਤਾ ਅਤੇ ਲੱਖਾਂ ਪਰਿਵਾਰਾਂ ਦਾ ਜੀਵਨ ਤਬਾਹ ਕਰ ਦਿੱਤਾ ਹੈ।
ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਾ ਮਾਫੀਆ ਨੂੰ ਪੰਜਾਬ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਵਾਰ ਸਾਡੇ ਕੋਲ ਮੌਕਾ ਹੈ, ਨਸ਼ੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣ ਦਾ। ਇਸ ਵਾਰ ਮੌਕਾ ਹੈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢ ਕੇ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਣ ਦਾ। ਮਾਂਵਾਂ ਦੇ ਪੁੱਤ ਬਚਾਉਣ ਦਾ। ਸਾਨੂੰ ਸਿਰਫ਼ ਇੱਕ ਦੇਵੋ। ਅਸੀਂ ਇਨਾਂ ਸਵਾਰਥੀ ਆਗੂਆਂ ਅਤੇ ਨਸ਼ਾ ਮਾਫੀਆ ਦੇ ਨਾਪਾਕ ਗਠਜੋੜ ਨੂੰ ਖ਼ਤਮ ਕਰਾਂਗੇ। ਪੰਜਾਬ 'ਚੋਂ ਨਸ਼ਾ ਤਸਕਰੀ ਪੂਰੀ ਤਰਾਂ ਖ਼ਤਮ ਕਰ ਕੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਕੱਢਾਂਗੇ ਅਤੇ ਉਨਾਂ ਨੂੰ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਵਾਂਗੇ।