ਚੰਡੀਗੜ੍ਹ, 21 ਜਨਵਰੀ, 2017 : ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਇੱਕ ਪਾਸੇ ਆਪਣੇ ਪਾਰਟੀ ਦੇ ਵਰਕਰਾਂ ਦਾ ਮਨੋਬਲ ਵਧਾਉਣ ਲਈ ਦੂਜੀਆਂ ਪਾਰਟੀਆਂ ਵਿਚੋਂ ਦਲਬਦਲੂਆਂ ਦੀ ਭੀੜ ਇਕੱਠੀ ਕਰ ਰਿਹਾ ਹੈ ਅਤੇ ਦੂਜੇ ਪਾਸੇ ਪਾਰਟੀ ਵਰਕਰਾਂ ਨੂੰ ਹੀ ਇਹ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਚੋਣਾਂ ਵਿਚ ਕੋਈ ਆਗੂ ਪਾਰਟੀ ਉਮੀਦਵਾਰਾਂ ਦੇ ਖਿਲਾਫ ਖੜ੍ਹਾ ਹੋਇਆ ਤਾਂ ਉਹਨਾਂ ਨੂੰ ਉਮਰ ਭਰ ਲਈ ਕਾਂਗਰਸ ਵਿਚੋਂ ਕੱਢ ਦਿੱਤਾ ਜਾਵੇਗਾ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਚੋਣਾਂ ਮੌਕੇ ਕਾਂਗਰਸ ਆਪਣੇ ਵਰਕਰਾਂ ਨੂੰ ਕੱਢਣ ਦੀ ਧਮਕੀ ਦੇ ਰਹੀ ਹੈ ਅਤੇ ਦੂਜੀਆਂ ਪਾਰਟੀਆਂ ਦੇ ਦਲਬਦਲੂਆਂ ਨੂੰ ਭੱਜ ਭੱਜ ਕੇ ਕੁੱਛੜ ਚੁੱਕ ਰਹੀ ਹੈ। ਇਸ ਲਈ ਕਾਂਗਰਸੀ ਬਾਗੀ ਅਮਰਿੰਦਰ ਦੀ ਧਮਕੀਆਂ ਨੂੰ ਟਿੱਚ ਸਮਝ ਰਹੇ ਹਨ।
ਉਹਨਾਂ ਕਿਹਾ ਕਿ ਜੇਕਰ ਅਮਰਿੰਦਰ ਖੁਦ ਦਸ ਸਾਲ ਮਗਰੋਂ ਕਾਂਗਰਸ ਵਿਚ ਵਾਪਸ ਆ ਸਕਦਾ ਹੈ ਜਾਂ ਪਾਰਟੀ ਦਾ ਮਨੋਬਲ ਉੱਚਾ ਚੁੱਕਣ ਲਈ ਦਲਬਦਲੂਆਂ ਦੀ ਭਰਤੀ ਕਰ ਸਕਦਾ ਹੈ ਜਾਂ ਉਹਨਾਂ ਬੰਦਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਸਕਦਾ ਹੈ , ਜਿਹਨਾਂ ਨੂੰ ਡੰਡੇ ਨਾਲ ਵੀ ਛੂਹਣ ਤੋਂ ਕਤਰਾਉਂਦਾ ਸੀ ਤਾਂ ਫਿਰ ਉਸ ਦੀ ਕਾਂਗਰਸੀ ਵਰਕਰਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਧਮਕੀ ਕਿੰਨਾ ਕੁ ਵਜ਼ਨ ਰੱਖਦੀ ਹੈ? ਇਸ ਦੇ ਉਲਟ ਬਾਗੀਆਂ ਦੀ ਦਲੀਲ ਇਹ ਹੈ ਕਿ ਜਿੰਨੀ ਤੇਜੀ ਨਾਲ ਕਾਂਗਰਸ ਨੂੰ ਖੋਰਾ ਲੱਗ ਰਿਹਾ ਹੈ, ਅਗਲੀਆਂ ਚੋਣਾਂ ਤੱਕ ਇਸ ਦਾ ਮੁਕੰਮਲ ਖਾਤਮਾ ਹੋ ਜਾਣਾ ਹੈ ਅਤੇ ਕਿਸੇ ਨੇ ਕਾਂਗਰਸ ਦੀ ਟਿਕਟ ਲਈ ਇੱਛਾ ਹੀ ਨਹੀਂ ਰੱਖਣੀ।
ਸ਼ ਚੰਦੂਮਾਜਰਾ ਨੇ ਕਿਹਾ ਕਿ ਹਰ ਰਸੂæਖ ਵਾਲਾ ਕਾਂਗਰਸੀ ਆਗੂ ਜਾਣਦਾ ਹੈ ਕਿ ਪਾਰਟੀ ਵਿਚੋਂ ਕੱਢੇ ਜਾਣ ਦੀ ਧਮਕੀ ਕਿੰਨੀ ਕੁ ਵਜ਼ਨਦਾਰ ਹੈ ਅਤੇ ਪਾਰਟੀ ਵਿਚ ਦੁਬਾਰਾ ਸ਼ਾਮਿਲ ਹੋਣਾ ਕਿੰਨਾ ਕੁ ਸੌਖਾ ਅਤੇ ਅਸਾਨ ਹੋਵੇਗਾ। ਇਹ ਧਮਕੀ ਇਸੇ ਲਈ ਬਾਗੀਆਂ ਉੱਤੇ ਕੋਈ ਅਸਰ ਨਹੀਂ ਕਰ ਰਹੀ, ਕਿਉਕਿ ਉਹ ਜਾਣਦੇ ਹਨ ਕਿ ਜਿਹੜੇ ਬਹੁਤਾ ਗਰਜਦੇ ਹਨ, ਉਹ ਕਦੇ ਵੀ ਵਰ੍ਹਦੇ ਨਹੀਂ।
ਅਕਾਲੀ ਆਗੂ ਨੇ ਕਿਹਾ ਕਿ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣ ਦੀ ਥਾਂ ਕਾਂਗਰਸੀ ਇਹ ਕਹਿ ਕੇ ਮਜ਼ਾਕ ਉਡਾ ਰਹੇ ਹਨ ਕਿ ਬਾਗੀ ਉਮੀਦਵਾਰਾਂ ਦੀ ਕਾਰਗੁਜ਼ਾਰੀ ਵੇਖ ਕੇ ਕੁੱਝ ਮਹੀਨਿਆਂ ਮਗਰੋਂ ਕਾਂਗਰਸ ਬੜੇ ਮਾਣ ਨਾਲ ਉਹਨਾਂ ਦੀ 'ਘਰ ਵਾਪਸੀ' ਕਰਵਾਏਗੀ।
ਸ਼ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਅਜਿਹੇ ਆਗੂਆਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ, ਜਿਹਨਾਂ ਨੇ ਗਾਂਧੀ ਪਰਿਵਾਰ ਨੂੰ ਵੀ ਨਹੀਂ ਸੀ ਬਖਸ਼ਿਆ। ਸਾਰੇ ਜਾਣਦੇ ਹਨ ਕਿ ਗਾਂਧੀ ਪਰਿਵਾਰ ਅਮਰਿੰਦਰ ਸਮੇਤ ਸਾਰੇ ਕਾਂਗਰਸੀਆਂ ਲਈ ਗਊ ਵਰਗਾ ਪਵਿੱਤਰ ਰੁਤਬਾ ਰੱਖਦਾ ਹੈ। ਕਾਂਗਰਸ ਨੇ ਸਰਵਣ ਸਿੰਘ ਫਿਲੌਰ ਅਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਆਪਣੀ ਕੁੱਛੜ ਵਿਚ ਲੈ ਲਿਆ, ਜਿਹਨਾਂ ਨੂੰ ਇਹ ਕੁੱਝ ਹੀ ਸਮਾਂ ਪਹਿਲਾਂ ਦਾਗੀ ਕਹਿ ਕੇ ਭੰਡਦੀ ਸੀ। ਕਾਂਗਰਸ ਹਮੇਸ਼ਾਂ 'ਵਰਤੋਂ ਅਤੇ ਸੁੱਟੋ' ਦੀ ਨੀਤੀ ਉੱਤੇ ਚੱਲਦੀ ਹੈ। ਬਾਗੀ ਨੇਤਾ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਦੋਂ ਵੀ ਪਾਰਟੀ ਨੂੰ ਉਹਨਾਂ ਦੀ ਲੋੜ ਹੋਵੇਗੀ, ਉਹਨਾਂ ਦਾ ਦੋਵੇਂ ਬਾਹਾਂ ਖੋਲ੍ਹ ਕੇ ਸਵਾਗਤ ਕੀਤਾ ਜਾਵੇਗਾ।