ਚੰਡੀਗੜ੍ਹ, 27 ਜਨਵਰੀ, 2017 : ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਚੋਣ ਪ੍ਰਚਾਰ ਦੇ ਆਖਰੀ ਪੜਾਅ ਵਿਚ ਲੋਕਾਂ ਅੱਗੇ ਅਕਾਲੀ-ਭਾਜਪਾ ਗਠਜੋੜ ਦੀ 10 ਸਾਲਾਂ ਦੀ ਕਾਰਗੁਜ਼ਾਰੀ ਨੂੰ ਰੱਖਣ। ਇਸ ਨੇ ਦੇ ਨਾਲ ਹੀ ਉਹ ਲੋਕਾਂ ਨੂੰ 2002-2007 ਵੇਲੇ ਦੀ ਕਾਂਗਰਸ ਦੀ ਨਿਕੰਮੀ ਸਰਕਾਰ ਅਤੇ ਕੇਜਰੀਵਾਲ ਦੀ ਦਿੱਲੀ ਵਿਚਲੀ ਘੁਟਾਲੇਬਾਜ਼ ਸਰਕਾਰ ਬਾਰੇ ਵੀ ਦੱਸਣ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਪਾਰਟੀ ਨੇ ਸਭ ਤੋਂ ਵੱਧ ਪ੍ਰਚਾਰ ਵੱਖ ਵੱਖ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਬਾਰੇ ਕਰਨਾ ਹੈ। ਇਸ ਮਾਮਲੇ ਵਿਚ ਕਾਂਗਰਸ ਕੋਲ ਦੱਸਣ ਲਈ ਕੁੱਝ ਨਹੀਂ ਹੈ, ਕਿਉਂਕਿ ਇਸ ਦੇ ਕਾਰਜਕਾਲ ਦੌਰਾਨ ਕੋਈ ਵਿਕਾਸ ਕਾਰਜ ਨਹੀਂ ਹੋਇਆ।
ਸ਼ ਢੀਂਡਸਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ। ਪਰ ਜਦੋਂ ਇਹਨਾਂ ਨੂੰ ਕਾਂਗਰਸ ਦੀਆਂ ਯੋਜਨਾ ਰਹਿਤ ਸਕੀਮਾਂ ਅਤੇ ਢਿੱਲੀ ਕਾਰਗੁਜ਼ਾਰੀ ਦੇ ਮੁਕਾਬਲੇ ਵਿਚ ਰੱਖ ਕੇ ਵੇਖਿਆ ਜਾਂਦਾ ਹੈ ਤਾਂ ਇਹਨਾਂ ਦੀ ਅਹਿਮੀਅਤ ਅਤੇ ਪ੍ਰਭਾਵ ਕਈ ਗੁਣਾ ਵੱਧ ਜਾਂਦਾ ਹੈ।
ਅਕਾਲੀ ਦਲ ਅਤੇ ਕਾਂਗਰਸ ਵਿਚਲੇ ਫਰਕ ਉੱਤੇ ਚਾਨਣਾ ਪਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਕਾਰਗੁਜ਼ਾਰੀ ਸਭ ਤੋਂ ਮੂਹਰੇ ਰੱਖਣ ਦੀ ਲੋੜ ਹੈ। ਸਾਰੀਆਂ ਪਾਰਟੀਆਂ ਚੋਣ ਮਨੋਰਥ ਪੱਤਰਾਂ ਰਾਂਹੀਂ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਰਹੀਆਂ ਹਨ। ਪਰ ਅਕਾਲੀ ਦਲ ਆਪਣੇ ਸਾਰੇ ਵਾਅਦਿਆਂ ਨੂੰ ਪਹਿਲੇ 15 ਦਿਨਾਂ ਵਿੱਚ ਲਾਗੂ ਕਰ ਦੇਵੇਗਾ।
ਉਹਨਾਂ ਕਿਹਾ ਕਿ ਮੁਫਤ ਬਿਜਲੀ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਵਰਗੀਆਂ ਲੋਕ ਭਲਾਈ ਸਕੀਮਾਂ ਨੂੰ ਅਕਾਲੀ ਦਲ ਨੇ ਸੱਤਾ ਵਿਚ ਆਉਣ ਤੋਂ ਕੁਝ ਮਹੀਨਿਆਂ ਮਗਰੋਂ ਹੀ ਲਾਗੂ ਕਰ ਦਿੱਤਾ ਸੀ। ਇਸੇ ਤਰ੍ਹਾਂ ਗਰੀਬ ਤਬਕਿਆਂ ਲਈ ਬਣਾਈ ਆਟਾ ਦਾਲ ਸਕੀਮ ਨੂੰ ਵੀ ਸੱਤਾ ਵਿਚ ਆਉਣ ਤੋਂ ਤਿੰਨ ਮਹੀਨਿਆਂ ਮਗਰੋਂ ਹੀ ਲਾਗੂ ਕੀਤਾ ਸੀ ਅਤੇ ਆਪਣੀ ਮਿਆਦ ਦੇ ਮੁੱਕਣ ਤੱਕ ਨਿਭਾਇਆ। ਇਸ ਦੇ ਉਲਟ ਕਾਂਗਰਸ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਸਿਰਫ ਵੋਟਾਂ ਨੇੜੇ ਆ ਕੇ ਲਾਗੂ ਕਰਦੀ ਰਹੀ ਹੈ। ਕਾਂਗਰਸ ਪਾਰਟੀ ਲੋਕ ਭਲਾਈ ਸ਼ੁਰੂ ਕਰਨ ਨਾਲੋਂ ਵੱਧ ਸਕੀਮਾਂ ਨੂੰ ਬੰਦ ਕਰਨ ਲਈ ਜਾਣੀ ਜਾਂਦੀ ਹੈ।
ਸ਼ ਢੀਂਡਸਾ ਨੇ ਕਿਹਾ ਕਿ ਅਸੀਂ ਜਿਹੜਾ ਵਾਅਦਾ ਕਰਦੇ ਹਾਂ ਉਸ ਨੂੰ ਪੂਰਾ ਕਰਦੇ ਹਾਂ। ਜਦਕਿ ਕਾਂਗਰਸ ਅਤੇ ਆਪ ਦੁਆਰਾ ਕੀਤੇ ਵਾਅਦਿਆਂ ਦੀ ਚੋਣ ਨਤੀਜੇ ਆਉਂਦੇ ਹੀ ਫੂਕ ਨਿਕਲ ਜਾਂਦੀ ਹੈ। ਕਾਂਗਰਸ ਅਤੇ ਆਪ ਵਾਲੇ ਵਾਅਦੇ ਨਾ ਪੂਰੇ ਕਰਨ ਦੇ ਬਹਾਨੇ ਲੱਭਣੇ ਸ਼ੁਰੂ ਕਰ ਦਿੰਦੇ ਹਨ। ਉਹ ਫੰਡਾਂ ਦੀ ਘਾਟ , ਅੰਕੜਿਆਂ ਦੀ ਕਮੀ, ਕੇਂਦਰ ਸਰਕਾਰ ਦੀ ਦਖ਼ਲ ਅੰਦਾਜ਼ੀ ਜਾਂ ਸਰਕਾਰੀ ਆਮਦਨ ਦੀ ਘਾਟ ਵਰਗੇ ਬਹਾਨੇ ਬਣਾਉਣ ਲੱਗ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਵੋਟਰਾਂ ਕੋਲ ਪਾਰਟੀ ਦਾ ਸੁਨੇਹਾ ਬੜਾ ਸਪੱਸ਼ਟ ਜਾਣਾ ਚਾਹੀਦਾ ਹੈ ਕਿ ਅਕਾਲੀ ਦਲ ਨੇ ਜਿਹੜੇ ਵਾਅਦੇ ਕੀਤੇ ਸਨ, ਉਹਨਾਂ ਨੂੰ ਹਰ ਹੀਲੇ ਪੂਰੇ ਕਰਕੇ ਵਿਖਾਇਆ ਹੈ। ਇਸ ਨੇ ਕਿਸੇ ਦੀ ਆਲੋਚਨਾ ਜਾਂ ਨਤੀਜਿਆਂ ਦੀ ਪਰਵਾਹ ਨਹੀਂ ਕੀਤੀ।
ਉਹਨਾਂ ਆਪ ਬਾਰੇ ਬੋਲਦਿਆਂ ਕਿਹਾ ਕਿ ਇਸ ਪਾਰਟੀ ਦੀ ਦਿੱਲੀ ਵਿਚ ਕਾਰਗੁਜ਼ਾਰੀ ਬਹੁਤ ਹੀ ਮਾੜੀ ਰਹੀ ਹੈ। ਇਸ ਨੇ ਆਪਣੇ ਛੋਟੇ ਛੋਟੇ ਵਾਅਦੇ ਜਿਵੇਂ ਲੋਕਾਂ ਨੂੰ ਮੁਫਤ ਵਾਈ-ਫਾਈ ਦੇਣਾ, ਔਰਤਾਂ ਦੀ ਸੁਰੱਖਿਆ ਜਾਂ ਸਸਤਾ ਪਾਣੀ ਦੇਣਾ ਆਦਿ ਵੀ ਪੂਰੇ ਨਹੀਂ ਕੀਤੇ ਹਨ।
ਉਹਨਾਂ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਵੋਟਰਾਂ ਨਾਲ ਇਹ ਵਾਅਦਾ ਕਰ ਰਿਹਾ ਹੈ ਕਿ ਜਿਹੜੇ ਵੀ ਬੇਅਦਬੀ ਦੇ ਅਪਰਾਧਾਂ ਵਿਚ ਸ਼ਾਮਿਲ ਹਨ, ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਪਰ ਉਸ ਨੇ ਸਜ਼ਾ ਦੀ ਕਿਸਮ ਨਹੀਂ ਦੱਸੀ ਅਤੇ ਨਾ ਹੀ ਇਹ ਦੱਸਿਆ ਹੈ ਕਿ ਉਸ ਨੇ ਬੇਅਦਬੀ ਦੇ ਮਾਮਲੇ ਵਿਚ ਫਸੇ ਆਪਣੀ ਪਾਰਟੀ ਵਿਧਾਇਕ ਦਾ ਕਿਉਂ ਬਚਾਅ ਕੀਤਾ ਹੈ, ਜਿਸ ਨੇ ਮਲੇਰ ਕੋਟਲੇ ਵਿਚ ਬੇਅਦਬੀ ਕਾਂਡ ਕਰਕੇ ਫਿਰਕੂ ਹਿੰਸਾ ਭੜਕਾਉਣ ਦੀ ਸਾਜ਼ਿਸ਼ ਰਚੀ ਸੀ। ਉਹ ਕਿਹਾ ਕਿ ਕਾਂਗਰਸ ਅਤੇ ਆਪ ਇਕੱ ਸਿੱਕੇ ਦੇ ਦੋ ਪਹਿਲੂ ਹਨ।