ਆਪ ਆਗੂ ਡਾ. ਰਮਨਦੀਪ ਨੇ ਆਕਸੀਜਨ ਕੰਸਨਟਰੇਟਰ ਮੁਹੱਈਆ ਕਰਵਾਏ
ਮਨਿੰਦਰਜੀਤ ਸਿੱਧੂ
ਜੈਤੋ, 6 ਜੂਨ, 2021 - ਮਸ਼ਹੂਰ ਫਿਜਿਓਥਰੈਪਿਸਟ, ਆਮ ਆਦਮੀ ਪਾਰਟੀ ਦੇ ਡਾਕਟਰ ਵਿੰਗ ਦੇ ਆਗੂ ਅਤੇ ਗੁਰੂ ਨਾਨਕ ਸੇਵਾ ਸੋਸਾਇਟੀ ਦੇ ਅਹੁਦੇਦਾਰ ਡਾ. ਰਮਨਦੀਪ ਸਿੰਘ ਵੱਲੋਂ ਪਿਛਲੇ ਦਿਨੀਂ ਸ਼ਹਿਰ ਦੇ ਨੌਜਵਾਨਾਂ ਨਾਲ ਮਿਲ ਕੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸ਼ਹਿਰ ਨੂੰ ਸੈਨੇਟਾਈਜ ਕੀਤਾ ਗਿਆ ਸੀ, ਉੱਥੇ ਹੁਣ ਉਹਨਾਂ ਪੰਜਾਬ ਫਸਟ ਦੇ ਮੈਡਮ ਸ਼ੀਨਾ ਸਾਹਣੀ ਦੀ ਮਦਦ ਨਾਲ ਇਲਾਕਾ ਵਾਸੀਆਂ ਦੀ ਸਹੁਲ਼ਤ ਲਈ ਆਕਸੀਜਨ ਕੰਨਸਨਟਰੇਟਰਾਂ ਦਾ ਪ੍ਰਬੰਧ ਕੀਤਾ। ਜਿਕਰਯੋਗ ਹੈ ਕਿ ਪਿਛਲੇ ਕੁੱਝ ਹਫਤਿਆਂ ਦੌਰਾਨ ਆਕਸੀਜਨ ਦੀ ਕਮੀ ਦੇ ਚਲਦਿਆਂ ਸਮੁੱਚੇ ਦੇਸ਼ ਵਿੱਚ ਹਜਾਰਾਂ ਕੀਮਤੀ ਜਾਨਾਂ ਗਈਆਂ ਹਨ। ਡਾ. ਰਮਨਦੀਪ ਸਿੰਘ ਵੱਲੋਂ ਇਹਨਾਂ ਆਕਸੀਜਨ ਕੰਨਸਨਟਰੇਟਰਾਂ ਨੂੰ ਲੋਕ ਅਰਪਣ ਕਰਦਿਆਂ ਇਹਨਾਂ ਦੀ ਸੇਵਾ ਸੰਭਾਲ ਦਾ ਜਿੰਮਾਂ ਗੁਰੂ ਨਾਨਕ ਸੇਵਾ ਸੋਸਾਇਟੀ ਨੂੰ ਸੌਂਪ ਦਿੱਤਾ।
ਇਸ ਸਮਾਰੋਹ ਵਿੱਚ ਸ਼ਾਮਲ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਠੀਕ ਹੋਣ ਉਪਰੰਤ ਵੀ ਮਰੀਜਾਂ ਨੂੰ ਆਕਸੀਜਨ ਦੀ ਬਹੁਤ ਜਰੂਰਤ ਪੈਂਦੀ ਹੈ। ਇਲਾਕੇ ਵਿੱਚ ਡਾ. ਰਮਨਦੀਪ ਦੇ ਉੱਦਮ ਸਦਕਾ ਆਏ ਇਹਨਾਂ ਉਪਰਕਨਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਗੁਰੂ ਨਾਨਕ ਸੇਵਾ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਜੱਸਾ ਰੋੜੀਕਪੂਰਾ ਨੇ ਕਿਹਾ ਕਿ ਅਸੀਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਜੈਤੋ ਦੇ ਐੱਸ.ਡੀ.ਐੱਮ ਦੇ ਬਹੁਤ ਧੰਨਵਾਦੀ ਹਾਂ ਜਿੰਨਾਂ ਦੇ ਯਤਨਾਂ ਸਦਕਾ ਸਾਨੂੰ ਇਹ ਆਕਸੀਜਨ ਕੰਨਸਨਟਰੇਟਰ ਉਪਲੱਪਧ ਹੋਏ। ਡਾ. ਰਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਕਤਰਾ ਕਤਰਾ ਲੋਕਾਂ ਦੀ ਸੇਵਾ ਲਈ ਹਾਜਰ ਹੈ ਅਤੇ ਮੈਂ ਹਮੇਸ਼ਾ ਤਨ ਮਨ ਧਨ ਨਾਲ ਲੋਕਾਂ ਦੀ ਸੇਵਾ ਕਰਦਾ ਰਹਾਂਗਾ।