ਨਵੀਂ ਦਿੱਲੀ, 12 ਜਨਵਰੀ 2017: ਕਾਂਗਰਸ ਪਾਰਟੀ ਨੇ ਇਕ ਪਰਿਵਾਰ-ਇਕ ਟਿਕਟ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਵੀਰਵਾਰ ਨੂੰ ਜ਼ਰੀ ਕੀਤੀ ਆਪਣੀ 23 ਉਮੀਦਵਾਰਾਂ ਦੀ ਤੀਜ਼ੀ ਲਿਸਟ 'ਚ ਉਮੀਦਵਾਰਾਂ ਦੇ ਨਾਂਮਾਂ ਦੀ ਚੋਣ ਦਾ ਇਕੋ ਇਕ ਅਧਾਰ ਉਨ੍ਹਾਂ ਦੇ ਜਿੱਤਣ ਦੀ ਕਾਬਲਿਅਤ ਰਖੀ ਹੈ।
ਇਸ ਲੜੀ ਹੇਠ ਪਾਰਟੀ ਨੇ ਪਰਿਵਾਰ 'ਚੋਂ ਇਕ ਤੋਂ ਵੱਧ ਵਿਅਕਤੀ ਨੂੰ ਟਿਕਟ ਨਾ ਦੇਣ ਦੇ ਫੈਸਲੇ ਉਪਰ ਬਣੇ ਰਹਿੰਦਿਆਂ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਫਿਲੌਰ (ਰਾਖਵੀਂ) ਸੀਟ ਤੋਂ ਨਾਮਜ਼ਦ ਕੀਤਾ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਦੇ ਬੇਟੇ ਰਜਿੰਦਰ ਸਿੰਘ ਨੂੰ ਸਮਾਨਾ ਤੋਂ ਪਾਰਟੀ ਦੀ ਟਿਕਟ ਦਿੱਤੀ ਗਈ ਹੈ।
ਪਹਿਲੀ ਵਾਰ ਚੋਣ ਲੜਨ ਵਾਲਿਆਂ 'ਚ ਮੌਜ਼ੂਦਾ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਨੂੰ ਫਾਜ਼ਿਲਕਾ ਤੋਂ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ, ਤੀਜ਼ੀ ਲਿਸਟ 'ਚ ਦੋ ਔਰਤਾਂ ਨੂੰ ਟਿਕਟ ਦਿੱਤੇ ਜਾਣ ਦੇ ਨਾਲ ਹੁਣ ਤੱਕ ਔਰਤਾਂ ਦੀ ਕੁੱਲ ਗਿਣਤੀ 10 ਨੂੰ ਪਹੁੰਚ ਚੁੱਕੀ ਹੈ।
ਪ੍ਰਦੇਸ਼ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਮੀਦਵਾਰਾਂ ਦੀ ਚੋਣ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਬਾਕੀ 17 ਸੀਟਾਂ ਦਾ ਵੀ ਜ਼ਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੁਹਰਾਇਆ ਕਿ ਪਾਰਟੀ ਚੋਣਾਂ ਦੀ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਰੋਸਾ ਜਤਾਇਆ ਕਿ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ 'ਚ ਕਾਂਗਰਸ ਵਿਰੋਧੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ।
ਇਸ ਦਿਸ਼ਾ 'ਚ ਹਾਲੇ 'ਚ ਕਾਂਗਰਸ 'ਚ ਸ਼ਾਮਿਲ ਹੋਏ ਸਾਬਕਾ ਅਕਾਲੀ ਆਗੂ ਤੇ ਕਦੇ ਬੈਂਸ ਭਰਾਵਾਂ ਦੇ ਸੱਜੇ ਹੱਥ ਮੰਨੇ ਜਾਂਦੇ ਕਮਲਜੀਤ ਸਿੰਘ ਕੜਵਲ ਨੂੰ ਆਤਮ ਨਗਰ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਲਈ ਸੱਭ ਤੋਂ ਸਹੀ ਉਮੀਦਵਾਰ ਵਜੋਂ ਚੁਣਿਆ ਗਿਆ ਹੈ। ਇਸ ਸੂਚੀ 'ਚ ਇਕ ਹੋਰ ਸਾਬਕਾ ਅਕਾਲੀ ਆਗੂ ਪ੍ਰੀਤਮ ਸਿੰਘ ਕੋਟਭਾਈ ਦਾ ਵੀ ਨਾਂਮ ਹੈ, ਜਿਨ੍ਹਾਂ ਨੂੰ ਭੁੱਚੋ ਮੰਡੀ ਤੋਂ ਟਿਕਟ ਦਿੱਤੀ ਗਈ ਹੈ।
ਲਿਸਟ 'ਚ ਸ਼ਾਮਿਲ ਕੁਝ ਮਹੱਤਵਪੂਰਨ ਨਾਂਮਾਂ 'ਚ ਮੌਜ਼ੂਦਾ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ (ਲੁਧਿਆਣਾ ਉੱਤਰੀ) ਤੇ ਨਿਹਾਲ ਸਿੰਘ ਵਾਲਾ (ਰਾਖਵੀਂ) ਤੋਂ ਮੌਜ਼ੂਦਾ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭਗੀਕੇ ਵੀ ਸ਼ਾਮਿਲ ਹਨ।
ਜਲੰਧਰ ਇੰਪਰੂਵਮੇਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇਜਿੰਦਰ ਬਿੱਟੂ (ਜਲੰਧਰ ਉੱਤਰੀ) ਤੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ (ਆਦਮਪੁਰ) ਇਸ ਲਿਸਟ 'ਚ ਸ਼ਾਮਿਲ ਹੋਰ ਮੁੱਖ ਨਾਂਮ ਹਨ।
ਜਦਕਿ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਨਵੇਂ ਆਗੂਆਂ 'ਚ ਦੀਪਇੰਦਰ ਸਿੰਘ ਢਿਲੋਂ (ਡੇਰਾ ਬੱਸੀ) ਨੂੰ ਵੀ ਪਾਰਟੀ ਨੇ ਟਿਕਟ ਦੇਣ ਦਾ ਫੈਸਲਾ ਲਿਆ ਹੈ।
ਇਸੇ ਤਰ੍ਹਾਂ, ਪਾਰਟੀ ਨੇ ਬੀਤੇ ਦੱਸ ਸਾਲਾਂ ਦੌਰਾਨ ਆਪਣੇ ਵਿਧਾਨ ਸਭਾ ਹਲਕੇ 'ਚ ਸਖ਼ਤ ਮਿਹਨਤ ਕਰਨ ਵਾਲੇ ਸਾਬਕਾ ਵਿਧਾਇਕਾਂ ਨੂੰ ਮੁੜ ਮੌਕਾ ਦੇਣ ਦੇ ਨਾਲ, ਦਸੂਆ ਤੋਂ ਇਕ ਵਾਰ ਫਿਰ ਤੋਂ ਪੰਜਾਬ ਦੇ ਸਾਬਕਾ ਮੰਤਰੀ ਰਮੇਸ਼ ਚੰਦਰ ਡੋਗਰਾ ਦੇ ਬੇਟੇ ਅਰੂਨ ਡੋਗਰਾ ਨੂੰ ਮੌਕਾ ਦਿੱਤਾ ਹੈ।