ਅੰਮ੍ਰਿਤਸਰ, 8 ਜਨਵਰੀ, 2017 : ਕਾਂਗਰਸ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਅੱਤਵਾਦ ਦਾ ਸੰਤਾਪ ਝੱਲਿਆ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੇ ਜ਼ਖਮਾਂ ਉੱਤੇ ਮੱਲਮ ਲਾ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਫਿਰ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ ਉੱਤੇ ਪਹੁੰਚਾਉਣ ਦਾ ਕੰਮ ਕੀਤਾ। ਇਹ ਸ਼ਬਦ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਹਨ, ਜੋ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਵਲੋਂ ਕੱਢੀ ਗਈ 8 ਦਿਨਾਂ ਦੀ ਵਿਜੇ ਸਕੰਲਪ ਯਾਤਰਾ ਦੀ ਸਮਾਪਤੀ ਮੌਕੇ ਇੱਥੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਜੇਤਲੀ ਨੇ ਕਿਹਾ ਕਿ ਜੇਕਰ ਪਿਛਲੇ 3 ਦਹਾਕਿਆਂ ਦੇ ਇਤਿਹਾਸ ਦੀ ਇਮਾਨਦਾਰੀ ਨਾਲ ਨਜ਼ਰਸਾਨੀ ਕਰਇਏ ਤਾਂ ਸਾਫ਼ ਹੋ ਜਾਏਗਾ ਕਿ ਕਾਂਗਰਸ ਦੀਆਂ ਨੀਤੀਆਂ ਪੰਜਾਬੀਆਂ ਨੂੰ ਪਾੜ ਕੇ ਅੱਤਵਾਦ ਦੀ ਭੱਠੀ ਵਿੱਚ ਝੋਕਣ ਵਾਲੀਆਂ ਸਨ। ਜਿਸ ਵਿੱਚ ਹਜ਼ਾਰਾਂ ਲੋਕ ਮੌਤ ਦੀ ਭੇਟ ਚੜ੍ਹ ਗਏ ਅਤੇ ਜਿੰਦਗੀ ਅਸਤ ਵਿਅਸਤ ਹੋ ਗਈ । ਪਰ 1997 ਵਿੱਚ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਬਣੀ ਤਾਂ ਇਸ ਨੇ ਲੋਕਾਂ ਦੇ ਜ਼ਖਮਾਂ ਨੂੰ ਮੱਲਮ ਲਾਈ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕੀਤਾ। ਸ੍ਰੀ ਜੇਤਲੀ ਦਾ ਕਹਿਣਾ ਸੀ ਕਿ 2002 ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਬਨਣ ਤੋਂ ਬਾਅਦ ਪੰੰਜਾਬ ਵਿੱਚ ਸਿਆਸੀ ਬਦਲਾਖੋਰੀ, ਝੂਠੇ ਮੁਕੱਦਮੇਬਾਜ਼ੀ ਦਾ ਬੋਲਬਾਲਾ ਰਿਹਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਿਦੇਸ਼ਾਂ ਵਿੱਚ ਜਾਇਦਾਦ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਪਰ ਬਾਦਲ ਸਾਹਿਬ ਦੇ ਉੱਤੇ ਲਾਏ ਦੋਸ਼ ਤਾਂ ਸਾਬਤ ਨਹੀਂ ਹੋਏ , ਕੈਪਟਨ ਅਮਰਿੰਦਰ ਦੇ ਵਿਦੇਸ਼ਾਂ ਵਿੱਚ ਖਾਤੇ ਜਰੂਰ ਨਿਕਲ ਆਏ ਹਨ।
ਸ੍ਰੀ ਜੇਤਲੀ ਨੇ ਕਿਹਾ ਕਿ 2007 ਤੋਂ 2012 ਵਿੱਚ ਅਕਾਲੀ ਭਾਜਪਾ ਦੇ ਸਮਾਜਿਕ ਗਠਜੋੜ ਨੇ ਲੋਕਾਂ ਦੀ ਸਾਂਝ ਵਧਾਈ ਅਤੇ 2012 ਤੋਂ 2017 ਤੱਕ ਪੰਜਾਬ ਵਿੱਚ ਵਿਕਾਸ ਦੇ ਕੀਰਤੀਮਾਨ ਸਥਾਪਿਤ ਕੀਤੇ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਨੂੰ ਦਿੱਤੇ ਏਮਜ਼, ਆਈਆਈਟੀ, ਆਈਆਈਐੱਮ ਵਰਗੇ ਸੰਸਥਾਨ ਇਤਿਹਾਸਕ ਪ੍ਰਾਪਤੀਆਂ ਹਨ। ਜੋ ਸੜ੍ਹਕਾਂ ਦੇ ਜਾਲ,ਵੱਡੇ ਵੱਡੇ ਸੰਸਥਾਨ ਅਤੇ ਢਾਂਚੇ ਦੀ ਸਥਾਪਤੀ ਤੋਂ ਬਾਅਦ ਵਿਕਾਸ ਦਾ ਨਵਾਂ ਚੈਪਟਰ ਸ਼ੁਰੂ ਕਰਨਗੇ। ਉਨ੍ਹਾਂ ਸਮਾਰਟ ਸਿਟੀ ਅਤੇ ਸ੍ਰੀ ਅੰਮਿਤਸਰ ਸਾਹਿਬ ਵਿੱਚ ਹੋਏ ਕੰਮ ਨੂੰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੀ ਕਾਇਅਕਲਪ ਕੀਤੇ ਜਾਣ ਦੀ ਸਭ ਤੋਂ ਪੁਖਤਾ ਮਿਸਾਲ ਦੱਸਿਆ ਜਿਸ ਦੀ ਪੂਰੀ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ।
ਸ੍ਰੀ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੀ ਸੁਰੱਖਿਆ ਲਈ ਕੀਤੇ ਸਰਜੀਕਲ ਸਟਰਾਇਕ, ਭ੍ਰਿਸ਼ਟਾਚਾਰ ਉੱਤੇ ਜ਼ਬਰਦਸਤ ਵਾਰ ਅਤੇ ਪੰਜਾਬ ਦੀ ਤਰੱਕੀ ਲਈ ਨਵੇਂ ਪ੍ਰੋਜੈਕਟ ਦੇ ਜੋ ਇਤਿਹਾਸ ਰਚਿਆ ਜਾ ਰਿਹਾ ਹੈ , ਉਹ ਆਜਾਦ ਭਾਰਤ ਦੇ ਇਤਿਹਾਸ ਵਿੱਚ ਕੋਈ ਵੀ ਕਾਂਗਰਸ ਸਰਕਾਰ ਨਹੀਂ ਕਰ ਸਕੀ। ਸ੍ਰੀ ਜੇਤਲੀ ਨੇ ਵਿਜੇ ਸਾਂਪਲਾਂ ਦੀ ਅਗਵਾਈ ਚ ਪਾਰਟੀ ਵਰਕਰਾਂ ਨੂੰ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਗਠਨ ਲਈ ਤਨ ਮਨ ਧਨ ਨਾਲ ਯਤਨ ਕਰਨ ਦਾ ਸੱਦਾ ਦਿੱਤਾ।
ਸ੍ਰੀ ਜੇਤਲੀ ਤੋਂ ਪਹਿਲਾ ਕੇਂਦਰੀ ਪੇਂਡੂ ਵਿਕਾਸ ਮੰਤਰੀ ਅਤੇ ਪੰਜਾਬ ਦੇ ਚੋਣ ਇੰਚਾਰਜ ਨਰਿੰਦਰ ਤੋਮਰ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਵਿਕਾਸ ਕਾਰਜਾਂ ਦੇ ਏਜੰਡੇ ਉੱਤੇ ਸੂਬੇ ਦੇ ਲੋਕ ਦੁਬਾਰਾ ਮੋਹਰ ਲਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਸਣੇ ਮੁਲਕ ਵਿੱਚੋਂ ਖਤਮ ਹੋ ਚੁੱਕੀ ਹੈ ਅਤੇ ਕੇਜਰੀਵਾਲ ਦਾ ਜਾਦੂ ਖਤਮ ਹੋ ਚੁੱਕਾ ਹੈ। ਪੰਜਾਬ ਦੇ ਲੋਕ ਦਿੱਲੀ ਵਾਲਿਆਂ ਦੇ ਤਜਰਬੇ ਤੋਂ ਸਿੱਖ ਚੁੱਕੀ ਹੈ ਅਤੇ ਕੇਜਰੀਵਾਲ ਨੂੰ ਮੂੰਹ ਨਹੀਂ ਲਾਵੇਗੀ।
ਆਪਣੇ ਸੰਬੋਧਨ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਝੂਠਾ ਅਤੇ ਅੱਯਾਸ਼ ਕਰਾਰ ਦਿੱਤਾ ਤੇ ਕੇਜਰੀਵਾਲ ਨੂੰ ਬੇਈਮਾਨ ਕਹਿ ਕੇ ਸੰਬੋਧਨ ਕੀਤਾ। ਸ੍ਰੀ ਸਾਂਪਲਾ ਨੇ ਕਿਹਾ ਕਿ ਕਾਂਗਰਸ ਅਤੇ ਆਪ ਪੰਜਾਬ ਵਿੱਚ ਵੋਟਾਂ ਮੰਗਣ ਦੇ ਹੱਕਦਾਰ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਪੰਜਾਬ ਦੇ ਵਿਕਾਸ ਵਿੱਚ ਲੱਗੇ ਹੋਏ ਸਨ ਅਤੇ ਕੈਪਟਨ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਅੱਯਾਸ਼ੀ ਕਰਦੇ ਹਨ। ਜੋ ਵਿਰੋਧੀ ਧਿਰ ਰਹਿ ਕੇ ਪੰਜਾਬ ਦੀ ਚਿੰਤਾ ਨਹਂੀਂ ਕਰਦਾ ਉਹ ਸੱਤਾ ਵਿੱਚ ਆ ਕੇ ਕੀ ਕਰੇਗਾ। ਕੇਜ਼ਰੀਵਾਲ ਨੂੰ ਭ੍ਰਿਸ਼ਟਾਚਾਰ ਦੀ ਮਾਂ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਦੋਸ਼ ਆਪ ਦੇ ਵਰਕਰ ਹੀ ਲਾ ਰਹੇ ਹਨ। ਕੇਜਰੀਵਾਲ ਦੀ ਕਹਿਣੀ ਦੇ ਕਥਨੀ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਵਿਜੇ ਸਾਂਪਲਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਇੱਕ ਵਾਰ ਫੇਰ ਅਕਾਲੀ ਭਾਜਪਾ ਗਠਜੋੜ ਹੀ ਸਰਕਾਰ ਬਣਾਏਗਾ।
ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ 'ਚ ਨਤਮਸਤਕ ਹੋਣ ਨਾਲ ਯਾਤਰਾ ਸਮਾਪਤ
ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿੱਚ ਵਿਜੇ ਸੰਕਲਪ ਯਾਤਰਾ ਹੁਸੈਨੀਵਾਲਾ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਉਨ੍ਹਾਂ 23 ਵਿਧਾਨ ਸਭਾ ਹਲਕਿਆਂ ਵਿੱਚ ਗਈ ਜਿੱਥੇ ਭਾਜਪਾ ਚੋਣ ਲੜ੍ਹਦੀ ਹੈ। ਇਸ ਯਾਤਰਾ ਦੌਰਾਨ ਪਿਛਲੇ ਤਿੰਨ ਦਿਨਾਂ ਦੌਰਾਨ ਖਰਾਬ ਮੌਸਮ ਅਤੇ ਵਰਖਾਂ ਵੀ ਹੋਈ ਪਰ ਵਰਕਰਾਂ ਦਾ ਜ਼ੋੋਸ ਮੱਠਾ ਨਹੀਂ ਪਿਆ। ਕਰੀਬ 310 ਥਾਵਾਂ ਉੱਤੇ ਵਰਕਰਾਂ ਨੇ ਵਿਜੇ ਸੰਕਲਪ ਯਾਤਰਾ ਸਵਾਗਤ ਕੀਤਾ। ਇਸ ਯਾਤਰਾ ਦਾ ਮਕਸਦ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਤਿਆਰ ਬਰ ਤਿਆਰ ਕਰਕੇ ਮੈਦਾਨ ਵਿੱਚ ਏਕੇ ਅਤੇ ਰਲ ਮਿਲ ਕੇ ਵਿਰੋਧੀਆਂ ਖਿਲਾਫ਼ ਜੁਟਣ ਦਾ ਸੱਦਾ ਦੇਣਾ ਸੀ। ਐਤਵਾਰ ਸਵੇਰੇ ਇਸ ਯਾਤਰਾ ਦਾ ਕਾਫ਼ਲਾ ਵਿਸ਼ਾਲ ਰੈਲੀ ਵਿੱਚ ਬਦਲ ਗਿਆ। ਜਿਸ ਨੂੰ ਪੰਜਾਬ ਅਤੇ ਕੇਂਦਰੀ ਆਗੂਆਂ ਨੇ ਸੰਬਧੋਨ ਕੀਤਾ। ਆਗੂਆਂ ਨੇਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿੱਚ ਨਤਮਸਤਕਹੋ ਕੇ ਯਾਤਰਾ ਖਤਮ ਕੀਤੀ ਅਤੇ ਚੋਣ ਯੁੱਧ ਸ਼ੁਰੂ ਕਰਨ ਦਾ ਬਿਗਲ ਵਜਾ ਦਿੱਤਾ।
ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਚੋਣ ਪ੍ਰਭਾਰੀ ਪ੍ਰਭਾਤ ਝਾ ਨੇ ਕਿਹਾ ਅਕਾਲੀ ਭਾਜਪਾ ਗਠਜੋੜ ਵਿਕਾਸ ਦੇ ਮੁੱਦੇ 'ਤੇ 2017 ਦੇ ਇਨ੍ਹਾਂ ਵਿਧਾਨ ਸਭਾ ਚੋਣਾ ਦੌਰਾਨ ਲੋਕਾਂ ਦੇ ਵਿਚ ਜਾਵੇਗੀ ਅਤੇ ਲੋਕਾਂ ਦਾ ਮਿਲ ਰਿਹਾ ਪਿਆਰ ਅਤੇ ਭਾਜਪਾ ਵਰਕਰਾਂ ਦੀ ਮਿਹਨਤ ਸੱਦਕਾ ਇਸ ਬਾਰ ਇਹ ਗਠਜੋੜ ਜਿੱਤ ਦੀ ਹੈਟਰਿਕ ਲਗਾਏਗਾ।
ਇਕ-ਦੋਂ ਦਿਨਾਂ ਵਿਚ ਹੋ ਜਾਵੇਗਾ ਉਮੀਦਵਾਰਾਂ ਦਾ ਐਲਾਨ: ਜੇਟਲੀ
ਕੇਂਦਰੀ ਵਿੱਤ ਅਰੁਣ ਜੇਤਲੀ ਨੇ ਕਿਹਾ ਕਿ ਪੰਜਾਬ ਵਿਚ ਵਿਧਾਨਸਭਾ ਦਾ ਬਿਗੁਲ ਬੱਜ ਚੁਕਿਆ ਹੈ, ਜਿਸਦੇ ਲਈ ਭਾਰਤੀ ਜਨਤਾ ਪਾਰਟੀ ਵੀ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਲਦ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।