ਪਿੰਡ ਕੋਟਲਾ ਗੁੱਜਰਾਂ ਵਿਖੇ ਪ੍ਰਭਾਵਸ਼ਾਲੀ ਚੋਣ ਮੀਟਿੰਗ ਦੌਰਾਨ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਹਰਵਿੰਦਰ ਸਿੰਘ ਪੱਪੂ ਕੋਟਲਾ ਤੇ ਹੋਰ।
ਮਜੀਠਾ, 15 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਤੋਂ ਪੈਸੇ ਲੈ ਕੇ ਟੋਪੀ ਵਾਲਿਆਂ ਨੂੰ ਵੋਟ ਦੇਣ ਦੇ ਬਿਆਨ ਲਈ ਉਹਨਾਂ 'ਤੇ ਸਖ਼ਤ ਹਮਲਾ ਬੋਲਿਆ ਅਤੇ ਕਿਹਾ ਕਿ ਕੇਜਰੀਵਾਲ ਅਣਖੀ ਪੰਜਾਬੀਆਂ ਦੀ ਤੌਹੀਨ ਕਰਨਾ ਅਤੇ ਵੰਗਾਰਨਾ ਬੰਦ ਕਰਨ ਨਹੀਂ ਤਾਂ ਪੰਜਾਬੀ ਉਹਨਾਂ ਨੂੰ ਨਾ ਭੁਲਣਯੋਗ ਸਬਕ ਸਿਖਾਉਣਗੇ।
ਮਜੀਠੀਆ ਹਲਕਾ ਮਜੀਠਾ ਦੇ ਪਿੰਡ ਕੋਟਲਾ ਗੁੱਜਰਾਂ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੋਣ ਕਮਿਸ਼ਨ ਨੂੰ ਕੇਜਰੀਵਾਲ ਦੇ ਚੋਣ ਨਿਯਮਾਂ ਦੇ ਉਲਟ ਦਿੱਤੇ ਗਏ ਉਕਤ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਸ: ਮਜੀਠੀਆ ਨੇ ਕਿਹਾ ਕਿ ਕੀ ਕੇਜਰੀਵਾਲ ਇਹ ਕਹਿ ਰਹੇ ਹਨ ਕਿ ਪੈਸੇ ਦੇ ਕੇ ਵੋਟ ਲਓ? ਕੀ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਪੰਜਾਬੀ ਵਿਕਾਊ ਹਨ? ਸ: ਮਜੀਠੀਆ ਨੇ ਸਖ਼ਤ ਲਹਿਜ਼ੇ ਨਾਲ ਕਿਹਾ ਕਿ ਕੇਜਰੀਵਾਲ ਨੇ ਪੰਜਾਬੀਆਂ ਵਿਰੁੱਧ ਅਜਿਹੀ ਹੋਛੀ ਗਲ ਕਰਕੇ ਇਹ ਦਸ ਦਿੱਤਾ ਹੈ ਕਿ ਉਸ ਨੇ ਪੰਜਾਬੀਆਂ ਅਤੇ ਦਿੱਲੀ ਦੇ ਇਤਿਹਾਸ ਨੂੰ ਭੁਲਾ ਲਿਆ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦਿਲੀ ਨੂੰ ਲੁੱਟਣ ਬਾਹਰੋਂ ਆਉਣ ਵਾਲੇ ਹਮਲਾਵਰਾਂ ਨੂੰ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਰ ਕੀਤੇ ਬਿਨਾ ਕੁਰਬਾਨ ਕਰ ਕੇ
ਰੋਕਿਆ , ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਜੇ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਸੀਸ ਬਲੀਦਾਨ ਕੀਤਾ। ਅੱਜ ਦਿੱਲੀ ਤੋਂ ਆਏ ਇਹ ਲੋਕ ਪੰਜਾਬੀਆਂ ਦਾ ਮਾਣ ਸਤਿਕਾਰ ਕਰਨ ਦੀ ਥਾਂ ਪੰਜਾਬੀਆਂ ਪ੍ਰਤੀ ਅਜਿਹੀ ਮਾੜੀ ਸੋਚ ਰਖ ਰਹੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਖ਼ਿਲਾਫ਼ ਚੋਣ ਕਮਿਸ਼ਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਵਿੱਚ ਸ਼ਾਮਿਲ ਹੋਣ ਬਾਰੇ ਟਿੱਪਣੀ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਦੇ ਕਾਂਗਰਸ ਦੀਆਂ ਨੀਤੀਆਂ ਨੂੰ ਲੋਕ ਮਾਰੂ ਗਰਦਾਨਦਿਆਂ ਉਸ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਸਿੱਧੂ ਲਈ ਅੱਜ ਕਾਂਗਰਸ ਕਿਵੇਂ ਦੁੱਧ ਧੋਤਾ ਬਣ ਗਿਆ? ਅਸਲ ਵਿੱਚ ਸਿੱਧੂ ਦਾ ਬੜੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਸੌਦਾ ਸਿਰੇ ਨਹੀਂ ਸੀ ਚੜ ਰਿਹਾ ਅੱਜ ਸਿਰੇ ਚੜ ਗਿਆ ਤਾਂ ਉਹ ਸੌਦਾ ਉਹਨਾਂ ਨੂੰ ਮੁਬਾਰਕ।ਇਸ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ। ਉਹਨਾਂ ਦੇ ਸਿਆਸੀ ਵਿਰੋਧੀਆਂ ਵੱਲੋਂ ਇਹ ਕਹਿਣਾ ਕਿ ਮਜੀਠੀਆ ਨੂੰ ਜਿੱਤ ਲਿਆ ਤਾਂ ਪੰਜਾਬ ਜਿੱਤ ਲਿਆ 'ਤੇ ਟਿੱਪਣੀ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਇਹ ਲੋਕ ਆਪਣੀਆਂ ਨਜ਼ਰ ਆਉਂਦੀਆਂ ਹਾਰਾਂ ਤੋਂ ਬੁਖਲਾਏ ਹੋਏ ਹਨ । ਪਰ ਉਹਨਾਂ ਨੂੰ ਯਕੀਨ ਹੈ ਕਿ ਮਜੀਠਾ ਦੇ ਲੋਕ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰ ਕੇ ਹੀ ਛੱਡਣਗੇ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕੈਪਟਨ ਅਤੇ ਕੇਜਰੀਵਾਲ ਵਰਗੇ ਝੂਠਿਆਂ 'ਤੇ ਇਤਬਾਰ ਨਾ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਕੈਪਟਨ 3ਸਾਲ ਐੱਮ ਪੀ ਰਹੇ ਪਰ ਨਾ ਲੋਕ ਸਭਾ 'ਚ ਹਾਜ਼ਰੀ ਲਵਾਈ ਨਾ ਇਲਾਕੇ ਦੀ ਵਕਾਲਤ ਕੀਤੀ ਨਾ ਹੀ ਲੋਕਾਂ ਨੂੰ ਮਿਲੇ ਹਨ, ਜੋ ਆਪਣੇ ਪਰਿਵਾਰ ਦੀ ਸਾਰ ਨਹੀਂ ਲੈਂਦਾ ਉਹ ਅੱਜ ਦੂਜਿਆਂ ਨੂੰ ਸਮਾਰਟ ਫੋਨਾਂ ਅਤੇ ਘਰ ਘਰ ਨੌਕਰੀ ਦਾ ਲਾਰਾ ਲਾ ਕੇ ਕਾਮਯਾਬ ਹੋਣਾ ਚਾਹੁੰਦਾ ਹੈ । ਉਹਨਾਂ ਕਿਹਾ ਕਿ ਲੋਕ ਕੈਪਟਨ ਦੀ ਪਿਛਲੀ ਕਾਰਗੁਜ਼ਾਰੀ ਨੂੰ ਭੁੱਲੇ ਨਹੀਂ ਹਨ, ਜਦ ਉਹਨਾਂ ਮੁੱਖ ਮੰਤਰੀ ਹੁੰਦਿਆਂ ਵੈੱਲਫੇਅਰ ਸਕੀਮਾਂ ਬੰਦ ਕਰਦਿਤੀਆਂ ਅਤੇ ਨੌਕਰੀਆਂ 'ਤੇ ਬੰਦਸ਼ਾਂ ਲਾ ਦਿੱਤਿਆਂ ਸਨ। ਉਵੇਂ ਹੀ ਕੇਜਰੀਵਾਲ ਲਖਾਂ ਨੌਕਰੀਆਂ ਦੇਣ ਦਾ ਲਾਰਾ ਲਾ ਰਿਹਾ ਹੈ ਪਰ ਅਸਲੀਅਤ 'ਚ ਉਹ ਦਿਲੀ 'ਚ ਵੀ 200 ਨੂੰ ਨੌਕਰੀਆਂ ਨਹੀਂ ਦੇ ਸਕਿਆ। ਅਖੀਰ 'ਚ ਉਹਨਾਂ ਤਕੜੀ ਨੂੰ ਮੋਹਰਾਂ ਲਾ ਕੇ ਹਲਕੇ ਦੇ ਵਿਕਾਸ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਹਰਵਿੰਦਰ ਸਿੰਘ ਪੱਪੂ ਕੋਟਲਾ,ਸਰਬਜੀਤ ਸਿੰਘ ਸਪਾਰੀਵਿੰਡ,ਬਲਜਿੰਦਰ ਮਪੀ,ਬਾਪੂ ਰਘਬੀਰ ਸਿੰਘ, ਬਬੀ ਭੰਗਵਾਂ, ਗਗਨਦੀਪ ਭਕਨਾ,ਕੇਵਲ ਸਿੰਘ, ਕੁਲਦੀਪ ਸਿੰਘ, ਸਖਦੇਵ ਸਿੰਘ ਸਾਬਕਾ ਸਰਪੰਚ, ਸਰਪੰਚ ਜਗਤਾਰ ਸਿੰਘ, ਡਾ: ਕੁਲਬੀਰ ਸਿੰਘ, ਸਰਪੰਚ ਹਰਭਜਨ ਸਿੰਘ ਰਖ ਭੰਗਵਾਂ, ਨੰਬਰਦਾਰਨੀ ਕਿਰਨਦੀਪ ਕੌਰ, ਜਸਬੀਰ ਕੌਰ, ਸਰਪੰਚ ਰਾਜ ਸਿੰਘ, ਰੇਸ਼ਮ ਸਿੰਘ ਸਰਪੰਚ, ਪੂਰਨ ਸਿੰਘ ਸਰਪੰਚ, ਰਘਬੀਰ ਸਿੰਘ ਆਦਿ ਮੌਜੂਦ ਸਨ।