ਚੰਡੀਗੜ੍ਹ, 10 ਜਨਵਰੀ, 2017 : ਆਖਰ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆ ਹੀ ਗਿਆ। ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖ ਰਿਹਾ ਹੈ। ਇਹ ਗੱਲ ਉਨ੍ਹਾਂ ਦੀ ਪਾਰਟੀ ਦੇ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹੀ ਜੱਗ ਜਾਹਰ ਕਰ ਦਿੱਤੀ। ਇਹ ਟਿੱਪਣੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਜਿਵੇਂ ਪਹਿਲਾਂ ਹੀ ਖ਼ਦਸ਼ਾ ਸੀ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਗੈਂਗ ਪੰਜਾਬ ਉਤੇ ਕਬਜ਼ਾ ਕਰਨ ਨੂੰ ਫਿਰਦਾ ਹੈ, ਹੁਣ ਉਹ ਖ਼ਦਸ਼ਾ ਸਾਫ਼ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਇੱਛਾ ਪਾਲੀ ਬੈਠੇ ਹਨ ਕਿ ਮੈਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਂਗਾ। ਜਿਕਰਯੋਗ ਹੈ ਕਿ ਮੁਹਾਲੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਆਖਿਆ ਕਿ ਪੰਜਾਬ ਦੇ ਸੀਐੱਮ ਅਰਵਿੰਦ ਕੇਜਰੀਵਾਲ ਹੀ ਹੋਣਗੇ। ਇਸ ਬਿਆਨ 'ਤੇ ਆਪਣੀ ਗੱਲ ਮੀਡੀਆ ਨਾਲ ਸਾਂਝੀ ਕਰਦਿਆਂ ਵਿਜੇ ਸਾਂਪਲਾ ਨੇ ਆਖਿਆ ਕਿ ਜਿਵੇਂ ਦਿੱਲੀ ਦਾ ਵਿਧਾਇਕ ਜਰਨੈਲ ਸਿੰਘ ਉਥੋਂ ਦੇ ਲੋਕਾਂ ਨਾਲ ਧੋਖਾ ਕਰਕੇ ਪੰਜਾਬ ਚੋਣ ਲੜਨ ਆ ਗਿਆ ਹੈ, ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਵੀ ਦਿੱਲੀ ਤੋਂ ਭਗੌੜਾ ਹੋਣ ਲਈ ਫਿਰਦਾ ਹੈ। ਵਿਜੇ ਸਾਂਪਲਾ ਨੇ ਆਖਿਆ ਕਿ ਕੇਜਰੀਵਾਲ ਸੁਪਨਿਆਂ ਵਿਚ ਹੀ ਪੰਜਾਬ ਦਾ ਮੁੱਖ ਮੰਤਰੀ ਚਾਹੇ ਬਣ ਲਵੇ ਪਰ ਹਕੀਕਤ ਵਿਚ ਅਜਿਹਾ ਹੋਣ ਵਾਲਾ ਨਹੀਂ। ਸਾਂਪਲਾ ਨੇ ਆਖਿਆ ਕਿ ਕੇਜਰੀਵਾਲ ਨੇ ਦਿੱਲੀ ਵਾਸੀਆਂ ਨਾਲ ਕੀਤੇ ਵਾਅਦੇ ਤਾਂ ਪੂਰੇ ਨਹੀਂ ਕੀਤੇ ਤੇ ਉਹ ਸੁਪਨੇ ਪੰਜਾਬ ਦੇ ਲੈ ਰਿਹਾ ਹੈ, ਜੋ ਦਿੱਲੀ ਦਾ ਨਾ ਹੋਇਆ ਉਹ ਪੰਜਾਬ ਦਾ ਕਿੱਥੋਂ ਬਣ ਜਾਵੇਗਾ। ਉਨ੍ਹਾ ਆਖਿਆ ਆਖਰ ਇਸ ਬਿਆਨ ਨਾਲ 'ਆਪ' ਦੀ ਬਿੱਲੀ ਥੈਲੇ ਤੋਂ ਬਾਹਰ ਆ ਹੀ ਗਈ।