ਪਿੰਡ ਵਡਾਲਾ ਵਿਖੇ ਵਾਲਮੀਕ ਭਾਈਚਾਰੇ ਦੇ ਆਗੂਆਂ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਹਮਾਇਤ ਦਾ ਐਲਾਨ ਕਰਦੇ ਹੋਏ ਅਤੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਪਰਿਵਾਰ।
ਮਜੀਠਾ, 17 ਜਨਵਰੀ, 2017 : ਹਲਕਾ ਮਜੀਠਾ 'ਚ ਆਲ ਇੰਡੀਆ ਸ਼ਡੂਲ ਕਾਸਟ ਫੈਡਰੇਸ਼ਨ ਦੀ ਅਗਵਾਈ ਹੇਠ ਵਾਲਮੀਕ ਭਾਈਚਾਰੇ ਨੇ ਵਾਲਾਮੀਕ ਅਸਥਾਨ (ਰਾਮ ਤੀਰਥ) ਦੇ ਵਿਕਾਸ ਤੇ ਸੁੰਦਰੀਕਰਨ ਤੋਂ ਪ੍ਰਭਾਵਿਤ ਹੋਕੇ ਅਕਾਲੀ ਦਲ ਦੇ ਉਮੀਦਵਾਰ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ ਹੈ, ਇਸੇ ਦੌਰਾਨ ਦਰਜਨਾਂ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਸ: ਮਜੀਠੀਆ ਦੀ ਚੋਣ ਮੁਹਿੰਮ ਨੂੰ ਭਾਰੀ ਬਲ ਮਿਲਿਆ ਹੈ ।
ਮਜੀਠੀਆ ਪਿੰਡ ਵਡਾਲਾ ਵਿਖੇ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਦਾ ਕਰਜ਼ਾ ਮੁਆਫ਼ੀ ਸਿਰਫ਼ ਚੋਣ ਸਟੰਟ ਹਨ ਅਤੇ ਉਹ ਕਿਸਾਨਾਂ ਨੂੰ ਝੂਠੀਆਂ ਤਸਲੀਆਂ ਦੇ ਕੇ ਵੋਟ ਬਟੋਰਨਾ ਚਾਹੁੰਦੇ ਹਨ। ਪਰ ਲੋਕ ਕੈਪਟਨ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਜੇ ਉਸ ਨੂੰ ਕਰਜ਼ਾ ਮੁਆਫ਼ੀ ਯੋਜਨਾ 'ਤੇ ਪੂਰਾ ਯਕੀਨ ਹੈ ਅਤੇ ਇਸ ਪ੍ਰਤੀ ਗੰਭੀਰ ਹਨ ਤਾਂ ਉਹ ਕਿਸਾਨਾਂ ਨੂੰ ਇਹ ਹਲਫ਼ਨਾਮਾ ਵੀ ਦੇਣ ਕਿ ਕਰਜ਼ਾ ਮੁਆਫ਼ ਨਾ ਹੋਇਆ ਤਾਂ ਉਹ ਮੋਤੀ ਮਹਿਲ ਲੋਕਾਂ ਨੂੰ ਸੌਂਪ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਅਤੇ ਟੋਪੀ ਵਾਲਿਆਂ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ ਰਿਹਾ।
ਮਜੀਠੀਆ ਨੇ ਪੰਜਾਬ ਦੇ ਪਾਣੀਆਂ ਪ੍ਰਤੀ ਵਾਰ ਵਾਰ ਯੂ ਟਰਨ ਲੈਣ ਵਾਲੇ ਕੇਜਰੀਵਾਲ ਨੂੰ ਪਾਣੀਆਂ ਪ੍ਰਤੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ।ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਤਾਕ ਵਿੱਚ ਹੈ ਜਿਸ ਪ੍ਰਤੀ ਪੰਜਾਬੀਆਂ ਲੂੰ ਸੁਚੇਤ ਰਹਿਣ ਦੀ ਲੋੜ ਹੈ। ਕੇਜਰੀਵਾਲ ਵੱਲੋਂ ਵਿਰੋਧੀਆਂ ਤੋਂ ਪੈਸੇ ਲੈ ਕੇ ''ਆਪ' ਨੂੰ ਵੋਟ ਪਾਉਣ ਲਈ ਕਹਿਣ 'ਤੇ ਤਿੱਖਾ ਪ੍ਰਤੀਕਿਰਿਆ ਦਿੰਦਿਆਂ ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਬਹਾਦਰ ਪੰਜਾਬੀਆਂ ਨੂੰ ਵਿਕਾਊ ਸਮਝ ਕੇ ਵਾਰ ਵਾਰ ਉਹਨਾਂ ਦੀ ਤੌਹੀਨ ਕਰਨ ਦੀ ਹਮਾਕਤ ਕਰ ਰਹੇ ਹਨ।ਉਹਨਾਂ ਕਿਹਾ ਕਿ ਕੇਜਰੀਵਾਲ ਦੇ ਉਕਤ ਨੁਕਤੇ ਨੇ ਉਸ ਦੀ ਪੰਜਾਬੀਆਂ ਪ੍ਰਤੀ ਮਾੜੀ ਮਾਨਸਿਕਤਾ ਤੇ ਸੋਚ ਦਾ ਪਰਦਾਫਾਸ਼ ਕਰਦਿਤਾ ਹੈ।ਜਿਸ ਪ੍ਰਤੀ ਉਹਨਾਂ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਆਪਣੀ ਤੌਹੀਨ ਲਈ ਪੰਜਾਬੀ ਕੇਜਰੀਵਾਲ ਨੂੰ ਕਦੀ ਮੁਆਫ਼ ਨਹੀਂ ਕਰਨਗੇ ਅਤੇ ਚੋਣਾਂ 'ਚ ਉਸ ਦੇ ਉਮੀਦਵਾਰਾਂ ਨੂੰ ਵੱਡੀਆਂ ਹਾਰਾਂ ਦੇ ਕੇ ਉਸ ਨੂੰ ਵੱਟੇ ਵੱਟ ਪਾਉਣਗੇ। ਵਿਰੋਧੀ ਵਿਕਾਸ ਦੇ ਮੁੱਦੇ 'ਤੇ ਚੋਣ ਪ੍ਰਚਾਰ ਕਰਰਿਆ ਕਰਦੇ ਸਨ ਅਤੇ ਸਰਕਾਰ ਨੂੰ ਘੇਰਿਆ ਕਰਦੇ ਸਨ ਪਰ ਇਸ ਵਾਰ ਵਿਰੋਧੀ ਵਿਕਾਸ ਪ੍ਰਤੀ ਚੁੱਪੀ ਧਾਰਨ ਲਈ ਮਜਬੂਰ ਹਨ ਕਿਉਂਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਲਿਆ ਕੇ ਵਿਰੋਧੀਆਂ ਨੂੰ ਵੀ ਹੈਰਾਨ ਕਰਦਿਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਸ: ਬਾਦਲ ਨੇ ਰਾਜ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਵਲ ਵਿਸ਼ੇਸ਼ ਧਿਆਨ ਦਿੱਤਾ ਹੈ ਹੁਣ ਸ: ਬਾਦਲ ਨੂੰ ਮੁੜ ਮੁੱਖ ਮੰਤਰੀ ਬਣਾ ਕੇ ਤਰੱਕੀ ਦੀ ਰਫ਼ਤਾਰ ਨੂੰ ਹੋਰ ਤੇਜ ਕਰਨ ਦੀ ਵਾਰੀ ਹੈ।
ਇਸ ਮੌਕੇ ਉਹਨਾਂ ਤਕੜੀ ਨੂੰ ਅਤੇ ਲੋਕ ਸਭਾ ਦੀ ਉਪ ਚੋਣ ਲਈ ਰਜਿੰਦਰ ਮੋਹਨ ਸਿੰਘ ਛੀਨਾ ਲਈ ਕਮਲ ਦੇ ਫੁੱਲ ਨੂੰ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਰਪੰਚ ਕੁੰਦਨ ਸਿੰਘ ਵਡਾਲਾ, ਗਗਨਦੀਪ ਭਕਨਾ, ਸਰਬਜੀਤ ਸਪੁਰੀਵਿੰਡ, ਹਰਬੰਸ ਸਿੰਘ ਮਲੀ, ਸਰਦੂਲ ਸਿੰਘ, ਵਾਲਮੀਕ ਆਗੂ ਪ੍ਰਧਾਨ ਗੁਰਪ੍ਰੀਤ ਵਾਲਾ, ਪ੍ਰਧਾਨ ਜਗਦੀਸ਼ ਕੁਮਾਰ ਜੱਗਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਰਮੇਸ਼ ਮੇਸ਼ਾ ਮਸੀਹ, ਕਾਲਾ ਮਸੀਹ,ਮਹਿੰਦਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਨੰਬਰਦਾਰ ਕਸ਼ਮੀਰ ਸਿੰਘ, ਸਤਵਿੰਦਰ ਸਿੰਘ ਜੇਈ, ਮਨਿੰਦਰ ਸਿੰਘ, ਬਲਰਾਜ ਸਿੰਘ, ਗੁਰਵਿੰਦਰ ਸਿੰਘ, ਹਰਪਾਲ ਸਿੰਘ, ਸੁੱਚਾ ਸਿੰਘ, ਅਮਰਦੀਪ ਸਿੰਘ ਆਦਿ ਮੌਜੂਦ ਸਨ।