ਕੋਰੋਨਾ ਦੀ ਰੋਕਥਾਮ ਲਈ ਜਿਲ੍ਹਾ ਰੈੱਡ ਕਰਾਸ ਸ਼ਾਖਾ ਦਾ ਵੱਡਾ ਉਪਰਾਲਾ
ਪਰਵਿੰਦਰ ਸਿੰਘ ਕੰਧਾਰੀ
- ਬੱਸ ਸਟੈਂਡ ਫਰੀਦਕੋਟ ਤੇ ਮੁਫਤ ਮਾਸਕ ਵੰਡਣ ਅਤੇ ਲੋਕਾਂ ਨੂੰ ਸੈਨੇਟਾਈਜ਼ ਕਰਨ ਲਈ ਵਿਸ਼ੇਸ਼ ਕਾਊਟਰ ਸਥਾਪਤ-ਸੇਤੀਆ
ਫਰੀਦਕੋਟ 10 ਜੂਨ 2021 - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਮਹਾਂਮਾਰੀ ਦੀ ਰੋਕਥਾਮ, ਟੀਕਾਕਰਨ , ਟੈਸਟਿੰਗ ਤੇ ਸਾਵਧਾਨੀਆਂ ਵਰਤਣ ਲਈ ਜਿੱਥੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਜਿਲ੍ਹਾ ਰੈੱਡ ਕਰਾਸ ਸੰਸਥਾ ਵੱਲੋਂ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਅਗਵਾਈ ਹੇਠ ਨਵਾਂ ਉਪਰਾਲਾ ਕਰਦਿਆਂ ਬੱਸ ਸਟੈਂਡ ਫਰੀਦਕੋਟ ਵਿਖੇ ਹਫਤਾ ਭਰ ਯਾਤਰੀਆਂ ਨੂੰ ਮੁਫਤ ਮਾਸਕ ਵੰਡਣ ਅਤੇ ਉਨ੍ਹਾਂ ਨੂੰ ਸੈਨੇਟਾਈਜ਼ ਕਰਨ ਦੇ ਲਈ ਵਿਸ਼ੇਸ਼ ਕਾਊਂਟਰ ਸਥਾਪਤ ਕੀਤਾ ਗਿਆ ਹੈ।ਜਿਸ ਦਾ ਅੱਜ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਬੱਸ ਸਟੈਂਡ ਤੋਂ ਰੋਜ਼ਾਨਾ ਹੀ ਸੈਂਕੜੇ ਲੋਕ ਬੱਸਾਂ ਰਾਹੀਂ ਆਵਜਾਈ ਕਰਦੇ ਹਨ ਅਤੇ ਰੈੱਡ ਕਰਾਸ ਸੁਸਾਇਟੀ ਨੇ ਕਰੋਨਾ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਣ ਅਤੇ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਬੱਸ ਸਟੈਂਡ ਤੇ ਇਕ ਕਾਊਂਟਰ ਸਥਾਪਤ ਕੀਤਾ ਹੈ ਜਿਸ ਤੋਂ ਬੱਸਾਂ ਰਾਹੀਂ ਆਉਣ ਜਾਣ ਵਾਲੇ ਹਰ ਲੋੜਵੰਦ ਯਾਤਰੀ ਨੂੰ ਜਿੱਥੇ ਮੁਫਤ ਮਾਸਕ ਦਿੱਤੇ ਜਾਣਗੇ ਉੱਥੇ ਹੀ ਉਨ੍ਹਾਂ ਦੇ ਹੱਥ ਵਗੈਰਾ ਵੀ ਸੈਨੇਟਾਈਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸ਼ਾਖਾ ਵੱਲੋਂ ਇਹ ਜਾਗਰੂਕਤਾ ਮੁਹਿੰਮ ਇਕ ਹਫਤਾ ਤੱਕ ਚਲਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਜਿਲ੍ਹਾ ਰੈੱਡ ਕਰਾਸ ਸੰਸਥਾ ਦੇ ਸੈਕਟਰੀ ਸ੍ਰੀ ਸੁਭਾਸ਼ ਕੁਮਾਰ, ਸ੍ਰੀ ਮਹਿੰਦਰਪਾਲ, ਪੀ.ਆਰ.ਟੀ.ਸੀ. ਦੇ ਅਧਿਕਾਰੀ, ਸੀਤਾ ਰਾਮ, ਪਰਮਿੰਦਰ ਸਿੰਘ, ਕਸ਼ਮੀਰ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।