ਚੰਡੀਗੜ੍ਹ, 25 ਜਨਵਰੀ, 2017: ਆਮ ਆਦਮੀ ਪਾਰਟੀ ਅਤੇ ਕਾਂਗਰਸ ਸਿਰਫ ਗਾਲੀ-ਗਲੋਚ ਦੀ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਉੱਤੇ ਹਕੂਮਤ ਕਰਨ ਦੇ ਸੱਤਾ ਸੁਫਨੇ ਲੈ ਰਹੀਆਂ ਹਨ। ਉਹਨਾਂ ਕੋਲ ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ। ਦੂਜੇ ਪਾਸੇ ਅਕਾਲੀ-ਭਾਜਪਾ ਗਠਜੋੜ ਨੇ ਵਿਕਾਸ ਨੂੰ ਮੁੱਖ ਏਜੰਡਾ ਬਣਾ ਕੇ ਪੰਜਾਬ ਵਿਚ ਹਾਂ-ਪੱਖੀ ਸਿਆਸਤ ਦਾ ਮੁੱਢ ਬੰਨ੍ਹਿਆ ਹੈ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਜਨਰਲ ਸਕੱਤਰ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਲੋਕ-ਪੱਖੀ ਸਿਆਸਤ ਉਹ ਹੁੰਦੀ ਹੈ, ਜਿਸ ਵਿਚ ਲੋਕਾਂ ਦੀ ਮੁਸ਼ਕਿਲਾਂ ਘਟਾਉਣ ਅਤੇ ਸਹੂਲਤਾਂ ਵਧਾਉਣ ਬਾਰੇ ਚਰਚਾ ਹੋਵੇ। ਪਰ ਅਫਸੋਸ ਦੀ ਗੱਲ ਹੈ ਕਿ ਆਪ ਅਤੇ ਕਾਂਗਰਸ ਦੋਵੇਂ ਹੀ ਲੋਕ ਵਿਰੋਧੀ ਸਿਆਸਤ ਕਰਨ ਵਿਚ ਰੁੱਝੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਸਿਰਫ ਬਾਦਲ ਪਰਿਵਾਰ ਖਿਲਾਫ ਮੰਦਾ ਬੋਲ ਕੇ ਪੰਜਾਬ ਦੇ ਲੋਕਾਂ ਤੋਂ ਸੱਤਾ ਦੀ ਕੁਰਸੀ ਉੱਤੇ ਬੈਠਣ ਦਾ ਹੱਕ ਮੰਗ ਰਿਹਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਕੋਲ ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ। ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਅਤੇ ਹੋਰ ਵਰਗਾਂ ਨੂੰ ਵਰਗਲਾਉਣ ਲਈ ਕਾਂਗਰਸ ਨੇ ਚੋਣ ਵਾਅਦਿਆਂ ਰਾਂਹੀ ਜਿਹੜੇ ਝੂਠ ਬੋਲੇ ਹਨ, ਉਹਨਾਂ ਦਾ ਚੋਣਾਂ ਤੋਂ ਪਹਿਲਾਂ ਹੀ ਭਾਂਡਾ ਫੁੱਟ ਚੁੱਕਿਆ ਹੈ। ਕਾਂਗਰਸ ਨਾ ਕਿਸਾਨਾਂ ਦੇ ਕਰਜ਼ੇ ਮਾਫ ਕਰ ਸਕਦੀ ਹੈ ਅਤੇ ਨਾ ਹੀ ਨੌਜਵਾਨਾਂ ਨੂੰ ਨੌਕਰੀਆਂ ਦੇ ਸਕਦੀ ਹੈ।
ਸ਼ ਚੰਦੂਮਾਜਰਾ ਨੇ ਕਿਹਾ ਕਿ ਆਪ ਆਗੂਆਂ ਨੂੰ ਪੰਜਾਬ ਦੇ ਕਲਚਰ ਦੀ ਕੋਈ ਸਮਝ ਹੀ ਨਹੀਂ ਹੈ। ਇਸ ਪਾਰਟੀ ਵਿਚ ਸਾਰੇ ਫੈਸਲੇ ਗੈਰ-ਪੰਜਾਬੀ ਆਗੂਆਂ ਵੱਲੋਂ ਲਏ ਜਾਂਦੇ ਹਨ, ਜਿਸ ਕਰਕੇ ਐਸਵਾਈਐਲ, ਸਿੱਖ ਧਰਮ ਨਾਲ ਜੁੜੇ ਮੁੱਦਿਆਂ ਅਤੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਵਾਲੇ ਮੁੱਦਿਆਂ ਉੱਤੇ ਉਹਨਾਂ ਦੀ ਪਹੁੰਚ ਪੰਜਾਬ-ਵਿਰੋਧੀ ਹੈ। ਉਹਨਾਂ ਕਿਹਾ ਕਿ ਆਪ ਆਗੂਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਦਿੱਲੀ ਦੇ ਲੋਕਾਂ ਨੂੰ ਉਹਨਾਂ ਵਿਚੋਂ ਇੱਕ ਵੀ ਸਹੂਲਤ ਨਹੀਂ ਦਿੱਤੀ ਗਈ ਹੈ। ਕਾਂਗਰਸ ਵਾਂਗ ਹੀ ਆਪ ਆਗੂ ਵੀ ਅਕਾਲੀ-ਭਾਜਪਾ ਸਰਕਾਰ ਨੂੰ ਬੁਰਾ ਭਲਾ ਕਹਿ ਕੇ ਸੱਤਾ ਦੀ ਕੁਰਸੀ ਉੱਤੇ ਬੈਠਣਾ ਚਾਹੁੰਦੇ ਹਨ। ਪਰ ਪੰਜਾਬ ਦੇ ਲੋਕ ਇੰਨੇ ਮੂਰਖ ਨਹੀ ਹਨ ਕਿ ਉਹ ਹਾਂ-ਪੱਖੀ ਸਿਆਸਤ ਅਤੇ ਨਾਂਹ-ਪੱਖੀ ਸਿਆਸਤ ਵਿਚ ਫਰਕ ਨਾ ਕਰ ਸਕਣ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਿਰਫ ਮੌਜੂਦਾ ਚੋਣਾਂ ਨੇੜੇ ਆ ਕੇ ਹੀ ਉਸਾਰੂ ਸਿਆਸਤ ਨਹੀਂ ਕਰ ਰਹੀ, ਸਗੋਂ ਪਿਛਲੇ 10 ਸਾਲਾਂ ਦੌਰਾਨ ਵੀ ਇਸ ਦਾ ਸਭ ਤੋਂ ਵੱਧ ਫੋਕਸ ਵਿਕਾਸ ਕਾਰਜਾਂ ਉੱੇਤੇ ਹੀ ਰਿਹਾ ਹੈ। ਪੰਜਾਬ ਦੇ ਲੋਕ ਅਕਾਲੀ-ਭਾਜਪਾ ਨੂੰ ਤੀਜੀ ਵਾਰ ਸੱਤਾ ਵਿਚ ਲਿਆਉਣ ਦੀ ਤਿਆਰੀ ਕਰੀ ਬੈਠੇ ਹਨ, ਕਿਉਂਕਿ ਇਹ ਗਠਜੋੜ ਸੂਬੇ ਦਾ ਵਿਕਾਸ ਕਰਨ ਅਤੇ ਲੋਕ-ਭਲਾਈ ਕਾਰਜ ਕਰਨ ਵਿਚ ਵਿਸ਼ਵਾਸ਼ ਰੱਖਦਾ ਹੈ, ਗਾਲੀ ਗਲੋਚ ਦੀ ਸਿਆਸਤ ਵਿਚ ਨਹੀਂ।