ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਭਗਵੰਤ ਮਾਨ, ਰਵਨੀਤ ਸਿੰਘ ਬਿੱਟੂ, ਵਰਦੇਵ ਸਿੰਘ ਮਾਨ, ਸ਼ੇਰ ਸਿੰਘ ਘੁਬਾਇਆ ਦੀਆਂ ਫਾਇਲ ਤਸਵੀਰਾਂ।
ਗੁਰੂਹਰਸਹਾਏ/ਫਿਰੋਜ਼ਪੁਰ, 7 ਫਰਵਰੀ, 2017 : ਚੱਲ ਰਿਹਾ ਪੰਜਾਬ ਵਿਧਾਨ ਸਭਾ ਚੋਣਾਂ ਦਾ ਅਮਲ ਇਕੱਲੀ ਪੰਜਾਬ ਸਰਕਾਰ ਦਾ ਹੀ ਫੈਸਲਾ ਨਹੀ ਕਰਨ ਜਾ ਰਹੀ ਬਲਕਿ ਇਸ ਨਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਸਿਆਸੀ ਘਰਾਣਿਆਂ ਦਾ ਭਵਿੱਖ ਤੈਅ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵਾਪਰੀਆਂ ਵੱਡੀਆਂ ਘਟਨਾਵਾਂ ਵਿੱਚ ਅਕਾਲੀ ਦਲ ਦੇ ਥੰਮ ਵੱਜੋ ਜਾਣੇ ਜਾਂਦੇ ਸ: ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰਕ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਵੱਲੋ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਆਪ ਦੀ ਟਿਕਟ ਤੇ ਚੋਣ ਲੜਨਾ, ਕਾਂਗਰਸ ਤੋਂ ਨਿਰਾਸ਼ ਹੋ ਕੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਦਾ ਬਾਦਲ ਦਲ ਵਿੱਚ ਰਲੇਵਾਂ ਹੋਣ ਦੇ ਨਾਲ ਹੀ ਅਕਾਲੀ ਦਲ ਤੋਂ ਵੱਖ ਹੋ ਕੇ ਕਾਂਗਰਸ ਦਾ ਲੜ ਫੜਣ ਵਾਲੇ ਅਕਾਲੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਵੱਲੋ ਕਾਂਗਰਸ ਟਿਕਟ ਤੇ ਵਿਧਾਨ ਸਭਾ ਚੋਣ ਲੜਨਾ ਵੱਡੀਆਂ ਸਿਆਸੀ ਘਟਨਾਵਾਂ ਇਨ੍ਹਾਂ ਚੋਣਾਂ ਦਰਮਿਆਨ ਵਾਪਰ ਚੁੱਕੀਆਂ ਹਨ। ਵਿਧਾਨ ਸਭਾ ਚੋਣਾਂ ਦੇ ਨਤੀਜੇ ਵਿੱਚ ਜੇਕਰ ਜਲਾਲਾਬਾਦ ਹਲਕੇ ਤੋਂ ਸੁਖਬੀਰ ਬਾਦਲ ਆਪਣੇ ਨੇੜਲੇ ਵਿਰੋਧੀ ਭਗਵੰਤ ਮਾਨ ਤੋਂ ਜੇਕਰ ਚੋਣ ਹਾਰ ਜਾਂਦੇ ਹਨ ਤਾਂ ਇਹ ਅਕਾਲੀ ਦਲ ਦੇ ਇਤਿਹਾਸ ਵਿੱਚ ਵਾਪਰਣ ਵਾਲੀ ਵੱਡੀ ਘਟਨਾਂ ਹੋਣ ਦੇ ਨਾਲ ਹੀ ਪੰਜਾਬ ਦੀ ਰਾਜ ਨੀਤੀ ਨੂੰ ਸਿੱਧੇ ਤੋਰ ਤੇ ਪ੍ਰਭਾਵਿਤ ਕਰੇਗੀ। ਸ਼ੇਰ ਸਿੰਘ ਘੁਬਾਇਆ ਦਾ ਲੜਕਾ ਦਵਿੰਦਰ ਘੁਬਾਇਆ ਜੇਕਰ ਕਾਂਗਰਸ ਟਿਕਟ ਤੋਂ ਫਾਜਿਲਕਾ ਵਿਧਾਨ ਸਭਾ ਚੋਣ ਨਹੀ ਜਿੱਤ ਪਾਉਂਦਾ ਤਾਂ ਇਹ ਘੁਬਾਇਆ ਪਰਿਵਾਰ ਦੇ ਸਿਆਸੀ ਜੀਵਨ ਨੂੰ ਹਨੇਰੇ ਵੱਲ ਲੈ ਜਾਵੇਗਾ। ਇਸ ਦੇ ਨਾਲ ਹੀ ਅਜ਼ਾਦ ਉਮੀਦਵਾਰ ਬੀਬਾ ਰਾਜਬੀਰ ਕੌਰ ਅਤੇ ਸੁਰਜੀਤ ਕੁਮਾਰ ਜਿਆਨੀ ਦਾ ਸਿਆਸੀ ਭਵਿੱਖ ਵੀ ਇਸ ਚੋਣ ਨਾਲ ਜੁੜਿਆਂ ਹੋਇਆਂ ਹੈ। ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਮਰਹੂਮ ਸਾਂਸਦ ਜੋਰਾ ਸਿੰਘ ਮਾਨ ਦਾ ਫਰਜੰਦ ਵਰਦੇਵ ਸਿੰਘ ਮਾਨ ਅਤੇ ਕਾਂਗਰਸ ਦੇ ਲਗਾਤਾਰ ਤਿੰਨ ਵਾਰ ਤੋਂ ਸੀਟਿੰਗ ਵਿਧਾਇਕ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਸਾਥੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਜਿੱਤ ਹਾਰ ਇਨ੍ਹਾਂ ਦੀ ਆਪਣੀ ਜਿੱਤ ਹਾਰ ਨਹੀ ਬਲਕਿ ਮਾਲਵਾ ਖੇਤਰ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਘਟਨਾ ਹੋਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਟਿਕਟ ਤੇ ਚੋਣ ਲੜ ਰਹੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਰਨ ਕੌਰ ਬਰਾੜ, ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਜਿੱਤ ਹਾਰ ਅਤੇ ਸੁਨੀਲ ਕੁਮਾਰ ਜਾਖੜ ਦੀ ਜਿੱਤ ਹਾਰ ਹੁਣ ਤੱਕ ਰਾਜਨੀਤੀ ਵਿੱਚ ਸਥਾਪਤ ਘਰਾਣਿਆਂ ਦੇ ਭਵਿੱਖ ਨੂੰ ਤੈਅ ਕਰੇਗੀ। ਲੁਧਿਆਣਾ ਜਿਲ੍ਹੇ ਅੰਦਰ ਆਪ ਨਾਲ ਮਿਲ ਕੇ ਚੋਣ ਲੜ ਰਹੇ ਬੈਂਸ ਭਰਾਵਾਂ ਦੀ ਜਿੱਤ ਹਾਰ ਵੀ ਪੰਜਾਬ ਅੰਦਰ ਉਨ੍ਹਾਂ ਦੇ ਸਿਆਸੀ ਵਜੂਦ ਅਤੇ ਭਵਿੱਖ ਨੂੰ ਤੈਅ ਕਰਨ ਜਾ ਰਹੀ ਹੈ। ਹੁਣ ਤੱਕ ਚਾਹੇ ਬਹੁਤੀ ਵਾਰ ਪੰਜਾਬ ਦਾ ਮੁੱਖ ਮੰਤਰੀ ਮਾਲਵਾ ਖੇਤਰ ਤੋਂ ਹੀ ਚੁਣ ਕੇ ਜਾਂਦਾ ਰਿਹਾ ਹੈ ਅਤੇ ਇਸ ਵਾਰ ਵੀ ਕਾਂਗਰਸ ਅਤੇ ਅਕਾਲੀ ਦਲ ਵੱਲੋ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਮਾਲਵਾ ਖੇਤਰ ਵਿੱਚੋਂ ਹੀ ਹਨ, ਪਰ ਇਨ੍ਹਾਂ ਚੋਣਾਂ ਵਿੱਚ ਮਰਹੂਮ ਮੁੱਖ ਮੰਤਰੀ ਸ: ਬੇਅੰਤ ਸਿੰਘ, ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਮਰਹੂਮ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਮਰਹੂਮ ਚੌਧਰੀ ਬਲਰਾਮ ਜਾਖੜ, ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ, ਜੱਥੇਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਅਤੇ ਰਾਏ ਸਿੱਖ ਆਗੂ ਸ਼ੇਰ ਸਿੰਘ ਘੁਬਾਇਆ ਅਤੇ ਚੱਲ ਵੱਸੇ ਨੌਜਵਾਨ ਆਗੂ ਜਸਵਿੰਦਰ ਸਿੰਘ ਰੌਕੀ ਦੇ ਪਰਿਵਾਰ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਣ ਜਾ ਰਿਹਾ ਹੈ।