ਕੁਰਾਲੀ, 14 ਜਨਵਰੀ, 2017 : ਦਿਲ ਤਾਂ ਕਰਦਾ ਸੀ ਆਪ ਹਲਕਾ ਖਰੜ ਤੋਂ ਐਮਐਲਏ ਦੀਆਂ ਚੋਣਾਂ ਲੜਾਂ, ਕਿਉਂਕਿ ਇਹ ਹਲਕਾ ਚੰਡੀਗੜ੍ਹ ਦੇ ਨੇੜੇ ਹੋਣ ਦੇ ਨਾਲ ਨਾਲ ਪੜ੍ਹੇ ਲਿਖੇ ਤੇ ਸੂਝਵਾਨ ਲੋਕਾਂ ਦਾ ਹੈ, ਜਿਹੜੇ ਆਪਣੇ ਵਿਕਾਸ ਲਈ ਸਹੀ ਨੇਤਾ ਚੁਣਨ ਦੀ ਕਾਬਲੀਅਤ ਰੱਖਦੇ ਹਨ। ਵੋਟਰਾਂ ਦੀ ਭੂਮਿਕਾ ਹੀ ਤੈਅ ਕਰਦੀ ਹੈ ਹਲਕੇ ਦਾ ਵਿਕਾਸ। ਉਕਤ ਵਿਚਾਰ ਅੱਜ ਕੁਰਾਲੀ 'ਚ ਹਲਕਾ ਖਰੜ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਉੱਪ ਮੁੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਗਟ ਕੀਤੇ।
ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਕੋਈ ਪੁੱਛ ਗਿੱਛ ਨਹੀਂ ਹੈ, ਕੁਝ ਗਿਣੇ ਚੁਣੇ ਉਮੀਦਵਾਰਾਂ ਤੋਂ ਹੀ ਉਨ੍ਹਾਂ ਨੂੰ ਆਸ ਹੈ। ਉਨ੍ਹਾਂ ਕਿਹਾ ਕਿ ਕੁਝ ਸੀਟਾਂ ਤੇ ਹੀ ਤਿਕੋਣੀ ਲੜਾਈ ਹੋਵੇਗੀ, ਬਾਕੀ ਸਾਰੇ ਪੰਜਾਬ 'ਚ ਕਾਂਗਰਸ ਤੇ ਅਕਾਲੀ ਭਾਜਪਾ ਦੀ ਆਹਮਣੇ ਸਾਹਮਣੇ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵਾਂਗ ਵਾਅਦੇ ਨਹੀਂ ਕਰਦੀ, ਜੋ ਕਹਿੰਦੀ ਹੈ ਉਹ ਕਰਦੀ ਹੈ। ਤੁਸੀਂ ਪਿਛਲੇ ਦਸ ਸਾਲਾਂ 'ਚ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਨੂੰ ਦੇਖ ਸਕਦੇ ਹੋ। ਹਰ ਘਰ 'ਚ ਚੌਵੀ ਘੰਟੇ ਬਿਜਲੀ, ਪੀਣ ਦੇ ਪਾਣੀ ਦਾ ਸੁਚੱਜਾ ਪ੍ਰਬੰਧ, ਸੜਕਾਂ ਦਾ ਜਾਲ, ਸੀਵਰੇਜ ਆਦਿ ਦੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਕੀਤਾ ਗਿਆ ਹੈ।
ਆਮ ਆਦਮੀ ਦੀ ਸੁਵਿਧਾ ਲਈ ਜਿੱਥੇ ਸੜਕਾਂ ਤੋਂ ਇਲਾਵਾ ਐਜੁਕੇਸ਼ਨ, ਮੈਡੀਕਲ ਸੁਵਿਧਾਵਾਂ, ਪੁਲਸ ਸੁਵਿਧਾਵਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਉੱਥੇ ਹੀ ਸਰਕਾਰ ਵੱਲੋਂ ਗਰੀਬ ਭਲਾਈ ਸਕੀਮਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਗਿਆ ਹੈ। ਉਨ੍ਹਾਂ ਨੇ ਰਣਜੀਤ ਸਿੰਘ ਗਿੱਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬੜੇ ਹੀ ਨੇਕ ਇਨਸਾਨ ਹਨ, ਇਹ ਕਾਫੀ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ 'ਚ ਆਪਣਾ ਤਨ, ਮਨ ਤੇ ਧਨ ਨਾਲ ਯੋਗਦਾਨ ਦਿੰਦੇ ਆ ਰਹੇ ਹਨ। ਇਸ ਸੀਟ 'ਤੇ ਉਨ੍ਹਾਂ ਨੂੰ ਜਿਤਾ ਕੇ ਤੁਸੀਂ ਖਰੜ ਦਾ ਵਿਕਾਸ ਨਿਰਧਾਰਿਤ ਕਰ ਸਕਦੇ ਹੋ। ਪਹਿਲਾਂ ਮੋਹਾਲੀ ਨੂੰ ਤੀਜੇ ਨੰਬਰ ਤੇ ਗਿਣਿਆ ਜਾਂਦਾ ਸੀ ਪਰ ਹੁਣ ਮੋਹਾਲੀ ਵੀ ਚੰਡੀਗੜ੍ਹ ਨੂੰ ਬਰਾਬਰ ਦੀ ਟੱਕਰ ਦਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਦੇਖਦੇ ਹੋਏ ਹੋਰਨਾਂ ਸੂਬਿਆਂ ਦੇ ਲੋਕ ਵੀ ਪੰਜਾਬ 'ਚ ਵੱਸਣ ਆ ਰਹੇ ਹਨ, ਜੀਰਕਪੁਰ ਤੇ ਮੋਹਾਲੀ 'ਚ ਹੀ ਪਿਛਲੇ ਕੁਝ ਸਾਲਾਂ 'ਚ ਲਗਭਗ ਢਾਈ ਲੱਖ ਨਵੀਂ ਵੋਟ ਬਣੀ ਹੈ। ਇਹ ਸਾਰੀ ਵੋਟ ਪੰਜਾਬ ਦੇ ਗੁਆਂਢੀ ਰਾਜਾਂ ਤੋਂ ਇਲਾਵਾ ਪੂਰਬੀ ਤੇ ਪੱਛਮੀ ਖੇਤਰਾਂ ਦੀ ਹੈ। ਇਹ ਸਾਰਾ ਵਿਕਾਸ ਦਾ ਹੀ ਨਤੀਜਾ ਹੈ।