ਡੀ.ਐਸ.ਪੀ. ਅਮਲੋਹ ਸ੍ਰੀ ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਨਾਕਾ ਟੀਮ ਅਮਲੋਹ ਏਰੀਏ 'ਚ ਲਗਾਏ ਗਏ ਨਾਕੇ 'ਤੇ ਨਜਾਇਜ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 7 ਜਨਵਰੀ, 2017 : ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ 2017 ਨੂੰ ਮੁੱਖ ਰੱਖਦੇ ਹੋਏ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾਂ ਤੇ ਅਮਲੋਹ ਵਿਖੇ ਵਿਸ਼ੇਸ ਤੌਰ 'ਤੇ ਗਠਿਤ ਕੀਤੀਆਂ ਗਈਆਂ ਨਿਗਰਾਨ ਟੀਮਾਂ ਤੇ ਉਡਨ ਦਸਤਿਆਂ ਵੱਲੋਂ ਲਗਾਏ ਨਾਕਿਆਂ 'ਤੇ ਚੈਕਿੰਗ ਦੌਰਾਨ ਨਜਾਇਜ ਸ਼ਰਾਬ ਦੀਆਂ 422 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਡਨ ਦਸਤਿਆਂ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਰੁੱਧ ਐਕਸਾਈਜ ਐਕਟ ਅਧੀਨ ਪਰਚੇ ਦਰਜ ਕੀਤੇ ਗਏ ਹਨ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ. ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਮਨ ਤੇ ਸ਼ਾਂਤੀ ਦੇ ਮਾਹੌਲ ਵਿੱਚ ਚੋਣਾਂ ਕਰਵਾਉਣ ਅਤੇ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਵੋਟਾਂ ਦੇ ਇਸਤੇਮਾਲ ਲਈ ਨਿਰਪੱਖ ਮਾਹੌਲ ਕਾਇਮ ਕਰਨ ਵਾਸਤੇ ਪੁਲਿਸ, ਨਾਰਕੋਟਿਕ ਵਿੰਗ, ਕਰ ਤੇ ਆਬਕਾਰੀ ਵਿਭਾਗ ਅਤੇ ਡਿਊਟੀ ਮੈਜਿਸਟਰੇਟ ਦੀਆਂ ਗਠਿਤ ਕੀਤੀਆਂ ਗਈਆਂ ਵਿਸ਼ੇਸ ਟੀਮਾਂ ਵੱਲੋਂ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ ਲਗਾਤਾਰ ਗਸ਼ਤ ਜਾਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਨੂੰ ਚੋਣਾਂ ਦੌਰਾਨ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਵੋਟਰਾਂ ਨੂੰ ਪ੍ਰਭਾਵਤ ਕਰਨ ਵਾਲੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਸਖ਼ਤੀ ਨਾਲ ਨਜਿੱਠਆ ਜਾਵੇਗਾ। ਉਨ੍ਹਾਂ ਆਖਿਆ ਕਿ ਨਾਕਾ ਟੀਮਾਂ ਵੱਲੋਂ ਲਗਾਤਾਰ 24 ਘੰਟੇ ਨਾਕੇ ਲਗਾ ਕੇ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਸਮਗਰੀ ਮਿਲਣ 'ਤੇ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਂਦੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਨਾਕਾ ਟੀਮਾਂ ਵੱਲੋਂ ਲਗਾਤਾਰ ਸਮਾਜ ਵਿਰੋਧੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਚੈਕਿੰਗ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰਗੜ੍ਹ ਦੇ ਵਾਸੀ ਦਵਿੰਦਰ ਸਿੰਘ ਅਤੇ ਪਿੰਡ ਨਿਆਮਤਪੁਰ ਦੇ ਵਾਸੀ ਮਨੋਜ ਕੁਮਾਰ ਤੋਂ ਦੇਸੀ ਸ਼ਰਾਬ ਦੀਆਂ 300 ਬੋਤਲਾਂ, ਮੰਡੀ ਗੋਬਿੰਦਗੜ੍ਹ ਨਜ਼ਦੀਕ ਨਸਰਾਲੀ ਪਿੰਡ ਦੇ ਜਸਵਿੰਦਰ ਸਿੰਘ ਤੋਂ ਦੇਸੀ ਸ਼ਰਾਬ ਦੀਆਂ 75 ਬੋਤਲਾਂ, ਗੁਣੀਆਂ ਮਾਜਰਾ ਦੇ ਜਿੰਦਰ ਲਾਲ ਤੋਂ 10 ਬੋਤਲਾਂ, ਪਿੰਡ ਧੀਰਪੁਰ ਦੇ ਵਾਸੀ ਬਲਵੀਰ ਸਿੰਘ ਤੋਂ 12 ਬੋਤਲਾਂ, ਪਿੰਡ ਚਣੋਂ ਦੇ ਵਾਸੀ ਹਰਪਾਲ ਸਿੰਘ ਤੋਂ 14 ਬੋਤਲਾਂ ਅਤੇ ਗੁਰੂ ਨਾਨਕ ਪੁਰਾ ਬਸੀ ਪਠਾਣਾਂ ਦੇ ਵਾਸੀ ਜਸਵੰਤ ਸਿੰਘ ਤੋਂ ਦੇਸੀ ਸ਼ਰਾਬ ਦੀਆਂ 11 ਬੋਤਲਾਂ ਬਰਾਮਦ ਕਰਕੇ ਕਥਿਤ ਦੋਸ਼ੀਆਂ ਵਿਰੁੱਧ ਆਬਕਾਰੀ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।