ਚੰਡੀਗੜ੍ਹ, 20 ਮਾਰਚ 2017 : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਜਿੱਤੇ ਵਿਧਾਇਕ ਸਰਕਾਰੀ ਗੱਡੀ ਦੇ ਨਾਲ-ਨਾਲ ਗੰਨਮੈਨ ਵੀ ਲੈਣਗੇ। ਇਸ ਗੱਲ ਦਾ ਐਲਾਨ ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਫੂਲਕਾ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਦਾ ਹਰ ਵਿਧਾਇਕ ਆਪਣੇ ਨਾਲ ਚਾਰ ਗੰਨਮੈਨ ਰੱਖੇਗਾ। ਇਸ ਤੋਂ ਇਲਾਵਾ ਫੂਲਕਾ ਨੇ ਦੱਸਿਆ ਕਿ ਸਰਕਾਰੀ ਗੱਡੀ ਦੇ ਨਾਲ-ਨਾਲ ਸਰਕਾਰੀ ਰਿਹਾਇਸ਼ ਵੀ ਵਿਧਾਇਕ ਲੈਣਗੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਜੋ ਲਾਲ ਬੱਤੀ ਕਲਚਰ ਖ਼ਤਮ ਕੀਤਾ ਹੈ, ਇਸ ਦਾ ਸਿਹਰਾ ਵੀ ਆਮ ਆਦਮੀ ਪਾਰਟੀ ਨੂੰ ਜਾਂਦਾ ਹੈ। ਉਨ੍ਹਾਂ ਲਾਲ ਬੱਤੀ ਕਲਚਰ ਖ਼ਤਮ ਲਈ ਕਾਂਗਰਸ ਦਾ ਧੰਨਵਾਦ ਵੀ ਕੀਤਾ।
ਦੂਜੇ ਪਾਸੇ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਆਖਿਆ ਸੂਬੇ ਵਿੱਚ ਕੋਈ ਵੀ ਵਿਧਾਇਕ ਸੁਰਖਿਆ ਨਹੀਂ ਲਵੇਗਾ ਤੇ ਜੇਕਰ ਅਜਿਹਾ ਹੋਵੇਗਾ ਕਰੇਗਾ ਤਾਂ ਉਹ ਇਸ ਦੀ ਜਵਾਬਦੇਹੀ ਕਰਨਗੇ। ਦੱਸਣਯੋਗ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਚੋਣਾਂ ਦੌਰਾਨ ਐਲਾਨ ਕੀਤਾ ਸੀ ਕਿ ਉਹ ਸੁਰੱਖਿਆ ਨਹੀਂ ਲੈਣਗੇ। ਬਾਅਦ ਵਿੱਚ ਸਰਕਾਰ ਦੇ ਗਠਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਨਾ ਸਿਰਫ਼ ਸੁਰੱਖਿਆ ਲਈ ਸਗੋਂ ਸਰਕਾਰੀ ਘਰ ਵੀ ਲਏ।