ਨਵੀਂ ਦਿੱਲੀ, 4 ਫਰਵਰੀ, 2017 : ਪੰਜਾਬ ਅਤੇ ਗੋਆ 'ਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵੋਟਿੰਗ 'ਚ ਵਧ-ਚੜ੍ਹ ਕੇ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉੱਥੇ ਹੀ ਪੰਜਾਬ ਅਤੇ ਗੋਆ ਦੀਆਂ ਚੋਣਾਂ 'ਚ ਪਹਿਲੀ ਵਾਰ ਕਿਸਮਤ ਅਜਮਾ ਰਹੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰ ਕੇ ਇਨ੍ਹਾਂ ਦੋਹਾਂ ਹੀ ਰਾਜਾਂ 'ਚ ਇਤਿਹਾਸ ਰਚਣ ਦਾ ਦਾਅਵਾ ਕੀਤਾ।
ਉੱਥੇ ਹੀ ਗੋਆ 'ਚ ਮੌਜੂਦਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਲਕਸ਼ਮੀਕਾਂਤ ਪਾਰੇਸਕਰ ਨੇ ਆਪਣੇ ਕੀਤੇ ਕੰਮਾਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਨੂੰ ਪੂਰਨ ਬਹੁਮਤ ਨਾਲ ਜਿੱਤ ਮਿਲਣ ਦਾ ਦਾਅਵਾ ਕੀਤਾ। ਉੱਥੇ ਹੀ 'ਆਪ' ਨੇਤਾ ਅਤੇ ਗੋਆ 'ਚ ਪਾਰਟੀ ਦੇ ਪ੍ਰਚਾਰ ਦੀ ਕਮਾਨ ਸੰਭਾਲੇ ਕੁਮਾਰ ਵਿਸ਼ਵਾਸ ਨੇ ਟਵੀਟ ਕਰ ਕੇ ਕਿਹਾ,''ਬਿਹਤਰ ਪੰਜਾਬ ਅਤੇ ਗੋਆ ਬਣਾਉਣ ਦਾ ਸੰਕਲਪ ਸਿਰਫ 'ਆਪ' ਦਾ ਹੈ। ਸਮਾਂ ਆ ਗਿਆ ਹੈ, 'ਆਪ' ਨੂੰ ਵੋਟ ਕਰਨ ਲਈ ਬਾਹਰ ਨਿਕਲਣਾ ਚਾਹੀਦਾ।'' ਜ਼ਿਕਰਯੋਗ ਹੈ ਕਿ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਅਤੇ ਪੰਜਾਬ ਦੀਆਂ 117 ਸੀਟਾਂ ਲਈ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਦੋਹਾਂ ਹੀ ਰਾਜਾਂ 'ਚ ਤ੍ਰਿਕੋਣੀ ਮੁਕਾਬਲਾ ਹੈ।