ਫਰੀਦਕੋਟ: ਝੋਨਾ ਲਾਉਣ ਆਏ ਮਜ਼ਦੂਰਾਂ ਦਾ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ
ਪਰਵਿੰਦਰ ਸਿੰਘ ਕੰਧਾਰੀ
- ਨੇੜੇ ਦੇ ਹੈਲਥ ਵੈਲਨੈੱਸ ਸੈਂਟਰ ਤੇ ਸੈਂਪਲਿੰਗ ਤੇ ਟੀਕਾਕਰਨ ਜਾਰੀ
ਫਰੀਦਕੋਟ 12 ਜੂਨ 2021 - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਭਰ ਵਿੱਚ ਪਿੰਡਾਂ ਨੂੰ ਕੋਰੋਨਾ ਮਹਾਂਮਾਰੀ ਮੁਕਤ ਬਨਾਉਣ ਲਈ ਮਿਸ਼ਨ ਫਤਿਹ 2 ਚਲਾਇਆ ਜਾ ਰਿਹਾ ਹੈ |ਸਿਹਤ ਵਿਭਾਗ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੀ ਯੋਗ ਅਗਵਾਈ ਹੇਠ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ |
ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਜੰਡ ਸਾਹਿਬ ਡਾ.ਰਜੀਵ ਭੰਡਾਰੀ ਅਤੇ ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਬਲਾਕ ਅਧੀਨ ਗੋਲੇਵਾਲਾ ਦੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਅਤੇ ਕੋਰੋਨਾ ਟੀਕਾਕਰਨ ਤੇ ਸੈਂਪਲਿੰਗ ਸਬੰਧੀ ਕੰਮ-ਕਾਜ ਦਾ ਜਾਇਜ਼ਾ ਲਿਆ | ਉਨ੍ਹਾਂ ਸਮੂਹ ਫੀਲਡ ਸਟਾਫ,ਆਸ਼ਾ ਵਰਕਰਾਂ,ਪੰਚਾਇਤਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਝੋਨੇ ਦੇ ਸੀਜ਼ਨ ਮੌਕੇ ਬਾਹਰਲੇ ਰਾਜਾਂ ਤੋਂ ਆ ਰਹੇ ਮਜ਼ਦੂਰਾਂ ਦਾ ਸਿਹਤ ਵਿਭਾਗ ਵੱਲੋਂ ਸਥਾਪਿਤ ਨੇੜੇ ਦੇ ਫਲੂ ਕਾਰਨਰ-ਹੈਲਥ ਵੈੱਲਨੈਸ ਸੈਂਟਰਾਂ ਤੇ ਕੋਰੋਨਾ ਸੈਂਪਲ ਦੇ ਕੇ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ ਜਾਂ ਉਮਰ ਤੇ ਕੈਟਾਗਰੀ ਮੁਤਾਬਕ ਟੀਕਾਕਰਨ ਕਰਵਾਇਆ ਜਾਵੇ,ਜਿੰਨਾ ਵਿਅਕਤੀਆਂ ਨੂੰ ਫਲੂ ਦੇ ਲੱਛਣ ਨਾ ਵੀ ਹੋਣ ਜੇ ਉਹ ਕੋਰੋਨਾ ਦਾ ਸ਼ੱਕ ਦੂਰ ਕਰਨਾ ਚਹੁੰਦੇ ਹਨ ਤਾਂ ਉਹ ਨੇੜੇ ਦੇ ਸੈਂਟਰ ਤੇ ਬਿਨਾ ਕਿਸੇ ਡਰ ਦੇ ਸੈਂਪਲ ਦੇ ਸਕਦੇ ਹਨ | ਉਨਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ | ਇਸ ਮੌਕੇ ਫਾਰਮੇਸੀ ਅਫਸਰ ਅਨਿਲ ਕੁਮਾਰ ਅਤੇ ਸੀ.ਐਚ.ਓ ਮੈਡਮ ਚੰਦਨ ਨੇ ਕੋਰੋਨਾ ਬਚਾਅ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਅਤੇ ਅੰਕੜੇ ਸਾਂਝੇ ਕੀਤੇ |