ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਆਏ 8 ਵੈਂਟੀਲੇਟਰ ਹੋਰਨਾਂ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਭੇਜੇ
ਕਮਲਜੀਤ ਸਿੰਘ ਸੰਧੂ
- ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਜਾਰੀ
- ਕੋਰੋਨਾ ਮਹਾਮਾਰੀ ਦੇ ਦੌਰ ’ਚ ਸਿਹਤ ਸਹੂਲਤਾਂ ਵਿੱਚ ਵਾਧਾ ਕਰਨ ਦੀ ਥਾਂ ਸਹੂਲਤਾਂ ਘਟਾਈਆਂ
- ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਆਏ 8 ਵੈਂਟੀਲੇਟਰ ਹੋਰਨਾਂ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਭੇਜੇ
- ਸਿਹਤ ਅਧਿਕਾਰੀਆਂ ਨੇ ਵੈਂਟੀਲੇਟਰ ਬਾਹਰ ਭੇਜੇ ਜਾਣ ਲਈ ਜ਼ਿਲ੍ਹੇ ਵਿੱਚ ਵੈਂਟੀਲੇਟਰ ਚਲਾਉਣ ਲਈ ਆਈਸੀਯੂ ਯੂਨਿਟ ਜਾਂ ਲੋੜ ਅਨੁਸਾਰ ਸਟਾਫ਼ ਹੋਣ ਨੂੰ ਦੱਸਿਆ ਕਾਰਨ
- ਸਿਵਲ ਹਸਪਤਾਲ ਬਚਾਉ ਕਮੇਟੀ ਨੇ ਵੈਂਟੀਲੇਟਰ ਬਾਹਰੀ ਜ਼ਿਲ੍ਹਿਆਂ ਨੂੰ ਭੇਜੇ ਜਾਣ ਦਾ ਕੀਤਾ ਵਿਰੋਧ
- ਸਰਕਾਰ ਨੂੰ ਵੈਂਟੀਲੇਟਰ ਮੁੜ ਬਰਨਾਲਾ ਹਸਪਤਾਲ ਭੇਜ ਕੇ ਆਈਸੀਯੂ ਵਾਰਡ ਚਲਾਉਣ ਅਤੇ ਲੋੜੀਂਦਾ ਸਟਾਫ਼ ਭੇਜਣ ਦੀ ਸਰਕਾਰ ਤੋਂ ਕੀਤੀ ਮੰਗ
ਬਰਨਾਲਾ, 15 ਜੂਨ 2021 - ਕੋਰੋਨਾ ਮਹਾਮਾਰੀ ਦੇ ਦੌਰ ’ਚ ਸਿਹਤ ਸਹੂਲਤਾਂ ਵਿੱਚ ਵਾਧਾ ਕਰਨ ਦੀ ਥਾਂ ਸਹੂਲਤਾਂ ਘਟਾਈਆਂ ਜਾ ਰਹੀਆਂ ਹਨ ਅਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਆਏ 8 ਵੈਂਟੀਲੇਟਰ ਹੋਰਨਾਂ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਭੇਜੇ ਗਏ ਹਨ। ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਕਾਰਨ 216 ਮੌਤਾਂ ਹੋਈਆਂ ਹਨ। ਉਹਨਾਂ ਵਲੋਂ ਸਿਵਲ ਸਰਜਨ ਦੇ ਤੌਰ ’ਤੇ 25 ਮਈ ਨੂੰ ਚਾਰਜ ਸੰਭਾਲਿਆ ਗਿਆ ਹੈ। ਉਸਤੋਂ ਪਹਿਲਾਂ ਹੀ ਬਰਨਾਲਾ ਵਿਚਲੇ ਵੈਂਟੀਲੇਟਰ ਹੋਰਨਾਂ ਜ਼ਿਲਿਆਂ ਦੇ ਹਸਪਤਾਲਾਂ ਨੂੰ ਭੇਜ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ 8 ਵੈਂਟੀਲੇਟਰ ਸਨ, ਜਿਹਨਾਂ ਵਿੱਚੋਂ 6 ਵੈਂਟੀਲੇਟਰ ਬਠਿੰਡਾ ਅਤੇ 2 ਵੈਂਟੀਲੇਟਰ ਫ਼ਰੀਦਕੋਟ ਹਸਪਤਾਲ ਨੂੰ ਭੇਜ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਵੈਂਟੀਲੇਟਰ ਚਲਾਉਣ ਲਈ ਜ਼ਿਲੇ ਭਰ ਵਿੱਚ ਕੋਈ ਵੀ ਆਈਸੀਯੂ ਯੂਨਿਟ ਜਾਂ ਲੋੜੀਂਦਾ ਸਟਾਫ਼ ਨਹੀਂ ਹੈ। ਇਹ ਸਹੂਲਤ ਦੇਣਾ ਜ਼ਿਲ੍ਹਾ ਪੱਧਰ ’ਤੇ ਸੰਭਵ ਨਹੀਂ ਹੈ। ਜਦਕਿ ਇਹ ਸਹੂਲਤ ਕੇਂਦਰ ਅਤੇ ਪੰਜਾਬ ਸਰਕਾਰ ਦੇ ਹੱਥ ਹੁੰਦਾ ਹੈ। ਉਹਨਾਂ ਕਿਹਾ ਕਿ ਜ਼ਿਲੇ ਵਿੱਚ ਮੌਜੂਦਾ ਸਮੇਂ ਵਿੱਚ ਕੋਰੋਨਾ ਦੇ ਕੇਸ ਵੀ ਘਟ ਗਏ ਹਨ ਅਤੇ ਮੌਤ ਦਰ ਵੀ ਘਟੀ ਹੈ।
ਉਧਰ ਇਸ ਸਬੰਧੀ ਸਿਵਲ ਹਸਪਤਾਲ ਬਚਾਉ ਕਮੇਟੀ ਦੇ ਮੈਂਬਰ ਨਰਾਇਣ ਦੱਤ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਵਧਾਉਣ ਦੀ ਥਾਂ ਸਰਕਾਰਾਂ ਨੇ ਇੱਥੇ ਸਹੂਲਤਾਂ ਦੇਣ ਲਈ ਪਹੁੰਚੇ ਵੈਂਟੀਲੇਟਰ ਵੀ ਵਾਪਸ ਲੈ ਲਏ ਹਨ। ਉਹਨਾਂ ਕਿਹਾ ਕਿ ਐਮਰਜੈਂਸੀ ਹਾਲਤ ਵਿੱਚ ਮਰੀਜ਼ ਨੂੰ ਕੁੱਝ ਮਿੰਟਾਂ ਵਿੱਚ ਹੀ ਵੈਂਟੀਲੇਟਰ ਦੀ ਸਹੂਲਤ ਦੇਣ ਦੀ ਲੋੜ ਹੁੰਦੀ ਹੈ ਅਤੇ ਵੈਂਟੀਲੇਟਰ ਮਿਲਣ ਕਾਰਨ ਮਰੀਜ਼ ਦਾ ਜਾਨ ਬਚਾਈ ਜਾ ਸਕਦੀ ਹੈ। ਬਰਨਾਲਾ ਜ਼ਿਲੇ ਵਿੱਚ ਮੌਤ ਦਰ ਪੰਜਾਬ ਭਰ ਵਿੱਚੋਂ ਤੀਜੇ ਨੰਬਰ ’ਤੇ ਹੈ। ਜਿਸ ਕਰਕੇ ਬਰਨਾਲਾ ਜ਼ਿਲ੍ਹੇ ਨੂੰ ਵੈਂਟੀਲੇਟਰ ਦੀ ਸਹੂਲਤ ਦੀ ਵੱਧ ਲੋੜ ਹੈ। ਜਿਸ ਲਈ ਉਹਨਾਂ ਵਲੋਂ ਡੀਸੀ ਬਰਨਾਲਾ ਅਤੇ ਸਿਹਤ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਬਰਨਾਲਾ ਤੋਂ ਬਾਹਰ ਭੇਜੇ ਗਏ ਵੈਂਟੀਲੇਟਰ ਵਾਪਸ ਭੇਜਣ, ਜ਼ਿਲ੍ਹੇ ਵਿੱਚ ਆਈਸੀਯੂ ਯੂਨਿਟ ਬਣਾ ਕੇ ਲੋੜੀਂਦੇ ਮਾਹਰ ਡਾਕਟਰ ਅਤੇ ਸਟਾਫ਼ ਭੇਜਣ ਦੀ ਮੰਗ ਕੀਤੀ ਗਈ ਹੈ।