ਬਾਈਡੇਨ ਪ੍ਰਸ਼ਾਸਨ ਦੇ 150 ਦਿਨਾਂ ਦੌਰਾਨ ਕੋਰੋਨਾ ਵੈਕਸੀਨ ਦੀਆਂ ਲੱਗੀਆਂ 300 ਮਿਲੀਅਨ ਖੁਰਾਕਾਂ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਜੂਨ 2021 - ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਵਿਰੁੱਧ ਟੀਕਾਕਰਨ ਮਹਿੰਮ ਜਾਰੀ ਹੈ। ਜੁਲਾਈ ਮਹੀਨੇ ਦੀ 4 ਤਰੀਕ ਤੱਕ ਬਾਈਡੇਨ ਪ੍ਰਸ਼ਾਸਨ ਦੁਆਰਾ 70% ਅਮਰੀਕੀਆਂ ਨੂੰ ਟੀਕੇ ਦੀ ਘੱਟ ਘੱਟ ਇੱਕ ਖੁਰਾਕ ਦੇਣ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹਨਾਂ ਦੇ ਅਹੁਦੇ ਸੰਭਾਲਣ ਤੋਂ ਬਾਅਦ 150 ਦਿਨਾਂ ਵਿੱਚ ਕੋਰੋਨਾ ਵੈਕਸੀਨ ਦੇ 300 ਮਿਲੀਅਨ ਸ਼ਾਟ ਲਗਾਏ ਹਨ। ਟੀਕਾਕਰਨ ਪ੍ਰਕਿਰਿਆ ਦੀ ਇਸ ਸਫਲਤਾ ਲਈ ਬਾਈਡੇਨ ਨੇ ਅਮਰੀਕੀ ਵਿਗਿਆਨੀਆਂ, ਕੰਪਨੀਆਂ , ਰਾਜ ਅਤੇ ਸਥਾਨਕ ਸਰਕਾਰਾਂ ਆਦਿ ਦਾ ਧੰਨਵਾਦ ਕੀਤਾ।
ਅਮਰੀਕਾ ਦਾ ਟੀਕਾਕਰਨ ਪ੍ਰੋਗਰਾਮ, ਟਰੰਪ ਪ੍ਰਸ਼ਾਸਨ ਦੇ ਅਧੀਨ ਸ਼ੁਰੂ ਕੀਤਾ ਗਿਆ ਸੀ। ਟਰੰਪ ਪ੍ਰਸ਼ਾਸਨ ਦੇ ਅੰਤਮ ਦਿਨਾਂ ਵਿਚ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਹਰ ਰੋਜ਼ ਟੀਕੇ ਦੀਆਂ 10 ਲੱਖ ਖੁਰਾਕਾਂ ਲਗਾਈਆਂ ਜਾ ਰਹੀਆਂ ਹਨ ਅਤੇ ਲੱਗਭਗ ਟੀਕੇ ਦੀ ਇਹੀ ਗਿਣਤੀ ਅੱਜ ਦਿੱਤੀ ਜਾ ਰਹੀ ਹੈ। ਰਾਸ਼ਟਰਪਤੀ ਨੇ ਚਾਰ ਜੁਲਾਈ ਤੱਕ 160 ਮਿਲੀਅਨ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਾਉਣ ਅਤੇ 70 ਪ੍ਰਤੀਸ਼ਤ ਬਾਲਗਾਂ ਨੂੰ ਘੱਟੋ ਘੱਟ ਇੱਕ ਖੁਰਾਕ ਦੇਣ ਦਾ ਟੀਚਾ ਮਿੱਥਿਆ ਹੈ। ਇਸ ਸਬੰਧੀ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ(ਸੀ ਡੀ ਸੀ) ਦੇ ਤਾਜ਼ਾ ਅੰਕੜਿਆਂ ਅਨੁਸਾਰ, 143 ਮਿਲੀਅਨ ਬਾਲਗ ਪੂਰੀ ਤਰਾਂ ਟੀਕੇ ਲਗਵਾ ਚੁੱਕੇ ਹਨ ਅਤੇ 65.1 ਪ੍ਰਤੀਸ਼ਤ ਨੇ ਆਪਣੀ ਪਹਿਲੀ ਸ਼ਾਟ ਲਗਵਾਈ ਹੈ। ਨਿਰਧਾਰਿਤ ਸਮੇਂ ਤੱਕ ਇਸ ਟੀਚੇ ਨੂੰ ਪੂਰਾ ਕਰਨ ਦੀ ਬਾਈਡੇਨ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਜਾਰੀ ਹੈ।