ਪੁਲਿਸ ਹਿਰਾਸਤ 'ਚੋਂ ਛੁਡਵਾਏ ਗਏ ਆਪ ਵਾਲੰਟੀਅਰਾਂ ਨੂੰ ਮੁੜ ਬਾਬੋਵਾਲ ਦੇ ਬੂਥ 'ਤੇ ਬਿਠਾਉਣ ਮੌਕੇ ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੰਘ ਸਿੱਧੂ ਅਤੇ ਹੋਰ ਆਪ ਆਗੂ।
ਟਾਹਲੀ ਸਾਹਿਬ (ਅੰਮ੍ਰਿਤਸਰ), 9 ਫ਼ਰਵਰੀ, 2017 : ਪੰਜਾਬ ਦੇ ਕੁੱਲ 48 ਪੋਲਿੰਗ ਬੂਥਾਂ ਵਿੱਚੋਂ ਮਜੀਠਾ ਵਿਧਾਨ ਸਭਾ ਹਲਕੇ ਦੇ 28 ਬੂਥਾਂ 'ਤੇ ਮੁੜ ਵੋਟਾਂ ਪੈਣ ਦੇ ਕੰਮ ਦੌਰਾਨ ਅੱਜ ਹਲਕੇ ਦੇ ਪਿੰਡ ਬਾਬੋਵਾਲ ਵਿਖੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਵਰਕਰਾਂ ਵੱਲੋਂ 10 ਆਪ ਵਾਲੰਟੀਅਰ ਪੁਲਿਸ ਨੂੰ ਚੁਕਵਾ ਦਿੱਤੇ ਗਏ ਜੋ ਉੱਚ ਅਧਿਕਾਰੀਆਂ ਦੇ ਦਖ਼ਲ ਉਪਰੰਤ ਪੁਲਿਸ ਦੁਆਰਾ ਛੱਡੇ ਜਾਣ 'ਤੇ ਇੱਕ ਘੰਟੇ ਅੰਦਰ ਹੀ ਮੁੜ ਬੂਥ 'ਤੇ ਪਹੁੰਚ ਗਏ।
ਸੱਤਾਧਾਰੀ ਧਿਰ ਵੱਲੋਂ ਬੀਤੇ ਕੱਲ੍ਹ ਪੰਨਵਾਂ ਅਤੇ ਮਰੜ੍ਹੀ ਕਲਾਂ ਵਿਖੇ ਦੋ ਪ੍ਰਮੁੱਖ ਕਾਂਗਰਸੀ ਆਗੂਆਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰਵਾਏ ਜਾਣ ਉਪਰੰਤ ਅੱਜ ਟਾਹਲੀ ਸਾਹਿਬ ਨੇੜਲੇ ਪਿੰਡ ਬਾਬੋਵਾਲ ਵਿਖੇ ਵੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਹਿਣ 'ਤੇ ਪੁਲਿਸ ਨੇ 10 ਆਪ ਵਾਲੰਟੀਅਰਾਂ ਨੂੰ ਹਿਰਾਸਤ 'ਚ ਲੈ ਲਿਆ। ਮਜੀਠਾ ਹਲਕੇ ਦੇ ਪਿੰਡਾਂ ਦੇ ਹੀ ਵਸਨੀਕ ਇਹ ਆਪ ਵਾਲੰਟੀਅਰ ਬਾਬੋਵਾਲ ਪਿੰਡ ਦੇ ਬਾਹਰੀ ਬੂਥ 'ਤੇ ਬੈਠੇ ਸਨ ਕਿ ਅਕਾਲੀ ਵਰਕਰਾਂ, ਜਿਨ੍ਹਾਂ 'ਚ ਖ਼ੁਦ ਅੰਮ੍ਰਿਤਸਰ ਸ਼ਹਿਰ ਦੇ ਦੋ ਕੌਂਸਲਰ ਸ਼ਾਮਲ ਸਨ, ਨੇ ਇਨ੍ਹਾਂ ਨੂੰ ਬਾਹਰੀ ਵਿਅਕਤੀ ਦੱਸ ਕੇ ਝਗੜਾ ਕਰਨ ਦਾ ਯਤਨ ਕੀਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੇ ਚੋਣ ਇੰਚਾਰਜ ਐਡਵੋਕੇਟ ਫ਼ੈਰੀ ਨੇ ਮੌਕੇ 'ਤੇ ਪੁੱਜ ਕੇ ਮਜੀਠੀਆ ਨਾਲ ਬਹਿਸ ਕੀਤੀ ਅਤੇ ਇਸ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਪਰ ਥ੍ਵਣਾ ਕੱਥੂਨੰਗਲ ਦੀ ਪੁਲਿਸ ਇਨ੍ਹਾਂ ਆਪ ਵਾਲੰਟੀਅਰਾਂ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ।
ਪੁਲਿਸ ਕਾਰਵਾਈ ਦਾ ਪਤਾ ਲੱਗਣ 'ਤੇ ਐਡਵੋਕੇਟ ਸ਼ੇਰਗਿੱਲ, ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੱਧੂ ਅਤੇ ਹੋਰ ਆਪ ਆਗੂ ਥਾਣੇ ਪਹੁੰਚ ਗਏ ਜਿੱਥੇ ਸ਼ੇਰਗਿੱਲ ਦੀ ਉੱਥੇ ਮੌਜੂਦ ਐਸ.ਪੀ. (ਡੀ) ਜਗਤਪ੍ਰੀਤ ਸਿੰਘ ਨਾਲ ਭਖ਼ਵੀਂ ਬਹਿਸ ਅਤੇ ਗਰਮਾਗਰਮੀ ਵੀ ਹੋਈ। ਸ਼ੇਰਗਿੱਲ ਵੱਲੋਂ ਸਾਰਾ ਮਾਮਲਾ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਉਪਰੰਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਖ਼ਲ ਦੇ ਕੇ ਸਾਰੇ ਆਪ ਵਾਲੰਟੀਅਰਾਂ ਨੂੰ ਤੁਰੰਤ ਛੱਡਣ ਦੇ ਆਦੇਸ਼ ਦਿੱਤੇ। ਇਸ ਉਪਰੰਤ ਜੇਤੂ ਰੌਂਅ 'ਚ ਆਮ ਆਦਮੀ ਪਾਰਟੀ ਵੱਲੋਂ ਹਿਰਾਸਤ 'ਚੋਂ ਛੁਡਵਾਏ ਗਏ ਵਾਲੰਟੀਅਰਾਂ ਨੂੰ ਮੁੜ ਬਾਬੋਵਾਲ ਬੂਥ 'ਤੇ ਜਾ ਕੇ ਬਿਠਾਇਆ ਗਿਆ ਅਤੇ ੋਇਸ ਸਮੁੱਚੀ ਕਾਰਵਾਈ ਨੂੰ ਜ਼ੁਲਮ-ਜ਼ਬਰ ਦੀ ਹਾਰ ਕਰਾਰ ਦਿੱਤਾ ਗਿਆ। ਇਸ ਮੌਕੇ 'ਤੇ ਆਪ ਵਾਲਮਟੀਅਰਾਂ 'ਚ ਸ਼ਾਮਲ ਇੱਕ ਅੰਮ੍ਰਿਤਧਾਰੀ ਸਿੰਘ ਜੋ ਸਤਿਕਾਰ ਕਮੇਟੀ ਮੈਂਬਰ ਵੀ ਹੈ, ਨੇ ਦੋਸ਼ ਲਾਇਆ ਕਿ ਮਾਲ ਮੰਤਰੀ ਬਿਕਰਮ ਮਜੀਠੀਆ ਨੇ ਖ਼ੁਦ ਉਸ ਨੂੰ ਧੀਆਂ-ਭੈਣਾਂ ਦੀਆਂ ਗਾਲ੍ਹਾਂ ਕੱਢੀਆਂ। ਇਸ ਮੌਕੇ 'ਤੇ ਆਪ ਆਗੂ ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੰਘ ਸਿੱਧੂ, ਹਰਿੰਦਰ ਸਿੰਘ ਸੇਖੋਂ, ਸ਼ਿਸ਼ਪਾਲ ਸਿੰਘ ਤਲਵੰਡੀ, ਜਸਪਾਲ ਸਿੰਘ ਚੋਗਾਵਾਂ ਅਤੇ ਕ੍ਰਿਪਾਲ ਸਿੰਘ ਮਜੀਠਾ ਆਦਿ ਵੀ ਹਾਜ਼ਰ ਸਨ।