ਬਰਨਾਲਾ/ ਮਹਿਲ ਕਲਾਂ/ ਭਦੌੜ, 28 ਜਨਵਰੀ, 2017 : ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਆਪ ਦੀ ਮਾਝਾ ਅਤੇ ਦੋਆਬਾ ਖੇਤਰ ਵਿਚ ਪਹਿਲਾਂ ਹੀ ਕੋਈ ਹੋਂਦ ਨਹੀਂ ਸੀ ਅਤੇ ਹੁਣ ਮਾਲਵੇ ਵਿਚ ਵੀ ਇਸ ਪਾਰਟੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਜਿਸ ਮਗਰੋਂ ਹੁਣ ਸਿਰਫ 18 ਸੀਟਾਂ ਉੱਤੇ ਤਿਕੋਣਾ ਮੁਕਾਬਲਾ ਰਹਿ ਗਿਆ ਹੈ।
ਉਹਨਾਂ ਕਿਹਾ ਕਿ ਆਪ ਦਾ ਬੁਲਬੁਲਾ ਫੁੱਟ ਚੁੱਕਿਆ ਹੈ। ਇਹ ਪਾਰਟੀ ਕੁੱਝ ਦਿਨ ਪਹਿਲਾਂ 21-22 ਸੀਟਾਂ ਉੱਤੇ ਤਿਕੋਣਾ ਮੁਕਾਬਲਾ ਦੇ ਰਹੀ ਸੀ, ਹੁਣ ਇਸ ਦਾ ਆਧਾਰ ਸਿਮਟ ਕੇ ਸਿਰਫ 18 ਸੀਟਾਂ ਉੱਤੇ ਰਹਿ ਗਿਆ ਹੈ। ਮੈਂ ਕਹਿੰਦਾ ਆ ਰਿਹਾ ਹਾਂ ਕਿ ਆਪ 10 ਤੋਂ ਵੱਧ ਸੀਟਾਂ ਨਹੀਂ ਜਿੱਤੇਗੀ। ਹੁਣ ਤਾਂ ਇਹ ਲੱਗਦਾ ਹੈ ਕਿ ਆਪ ਲਈ 8 ਦਾ ਅੰਕੜਾ ਪਾਰ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।
ਵਿਧਾਨ ਸਭਾ ਹਲਕਾ ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਵਿਖੇ ਕ੍ਰਮਵਾਰ ਪਾਰਟੀ ਉਮੀਦਵਾਰਾਂ ਅਜੀਤ ਸਿੰਘ ਸ਼ਾਂਤ, ਸੁਰਿੰਦਰਪਾਲ ਸਿਬੀਆ ਅਤੇ ਬਲਬੀਰ ਸਿੰਘ ਘੁੰਨਸ ਦੇ ਹੱਕ ਵਿਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਗੇੜਿਆਂ ਨੇ ਆਪ ਨੂੰ ਕਮਜ਼ੋਰ ਕੀਤਾ ਹੈ। ਉਹ ਜਿੰਨੇ ਵੱਧ ਗੇੜੇ ਪੰਜਾਬ ਵਿਚ ਲਾਉਂਦਾ ਹੈ, ਆਪ ਥੱਲੇ ਡਿੱਗੀ ਜਾਂਦੀ ਹੈ। ਪੰਜਾਬੀਆਂ ਨੇ ਕੇਜਰੀਵਾਲ ਦੀ ਉਹਨਾਂ ਉੱਤੇ ਹਕੂਮਤ ਕਰਨ ਦੀ ਗੇਮ ਨੂੰ ਸਮਝ ਲਿਆ ਹੈ। ਉਹਨਾਂ ਨੂੰ ਪਤਾ ਚੱਲ ਗਿਆ ਹੈ ਕਿ ਕੇਜਰੀਵਾਲ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਇਸੇ ਲਈ ਉਹ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਹੀਂ ਕਰ ਰਿਹਾ।
ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਕਿਸੇ ਬਾਹਰਲੇ ਨੂੰ ਆਪਣੇ ਉੱਤੇ ਹਕੂਮਤ ਨਹੀਂ ਕਰਨ ਦੇਣਗੇ। ਇਸੇ ਕਰਕੇ ਆਪ ਦੇ ਖਿਲਾਫ ਅਤੇ ਅਕਾਲੀ-ਭਾਜਪਾ ਗਠਜੋੜ ਦੇ ਹੱਕ ਵਿਚ ਲਹਿਰ ਉੱਠ ਖੜ੍ਹੀ ਹੈ। ਇਹ ਗੱਲ ਸ਼ੁੱਕਰਵਾਰ ਨੂੰ ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਅਤੇ ਫਰੀਦਕੋਟ ਵਿਖੇ ਅਕਾਲੀ-ਭਾਜਪਾ ਦੀਆਂ ਰੈਲੀਆਂ ਵਿਚ ਹੋਏ ਭਰਵੇਂ ਇੱਕਠਾਂ ਤੋਂ ਵੇਖੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਆਪ-ਵਿਰੋਧੀ ਲਹਿਰ ਦਾ ਫਾਇਦਾ ਸਿਰਫ ਅਕਾਲੀ-ਭਾਜਪਾ ਗਠਜੋੜ ਨੂੰ ਹੀ ਮਿਲੇਗਾ। ਕਿਸਾਨਾਂ ਨੂੰ ਸਿਰਫ ਅਕਾਲੀ ਦਲ ਉੱਤੇ ਭਰੋਸਾ ਹੈ ਕਿ ਇਹ ਪਾਰਟੀ ਉਹਨਾਂ ਦੇ ਹਿੱਤਾਂ ਦੀ ਰਾਖੀ ਕਰੇਗੀ। ਕਿਸਾਨ ਸਮਝਦੇ ਹਨ ਕਿ ਉਹਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਸਰਦਾਰ ਬਾਦਲ ਦੀ ਵਿਰਾਸਤ ਦਾ ਮੁੱਢ ਹੈ। ਉਹ ਇਹ ਵੀ ਜਾਣਦੇ ਹਨ ਕਿ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਦੇ ਹੀ ਉਹਨਾਂ ਤੋ ਇਹ ਸਹੂਲਤ ਖੋਹ ਲਈ ਸੀ। ਉਹ ਉਸ ਉੱਤੇ ਮੁੜ ਭਰੋਸਾ ਨਹੀਂ ਕਰ ਸਕਦੇ।
ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਨੇ ਹਮੇਸ਼ਾਂ ਹੀ ਆਪਣੇ ਕੀਤੇ ਵਾਅਦੇ ਨਿਭਾਏ ਹਨ। ਹੁਣ ਅਸੀਂ ਸਾਰੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਕਣਕ ਅਤੇ ਝੋਨੇ ਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਵੀ ਵਾਅਦਾ ਕੀਤਾ ਹੈ। ਅਸੀਂ ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਅਤੇ ਗਰੀਬ ਤਬਕਿਆਂ ਨੂੰ 5 ਕਿਲੋ ਖੰਡ 10 ਰੁਪਏ ਕਿਲੋ ਅਤੇ 2 ਕਿਲੋ ਘਿਓ 25 ਰੁਪਏ ਕਿਲੋ ਦੇਣ ਦਾ ਵੀ ਫੈਸਲਾ ਲਿਆ ਹੈ। ਅਸੀਂ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਸਮੇਂ ਖੇਤ ਮਜ਼ਦੂਰਾਂ ਨੂੰ ਵੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ।
ਲੋਕਾਂ ਤੋਂ ਵਿਕਾਸ ਦੇ ਨਾਂ 'ਤੇ ਵੋਟ ਮੰਗਦੇ ਹੋਏ ਸ਼ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਿਰਫ ਆਪਣੀ ਕਾਰਗੁਜ਼ਾਰੀ ਦੇ ਸਿਰ 'ਤੇ ਲੋਕਾਂ ਦੀਆਂ ਵੋਟਾਂ ਮੰਗ ਰਿਹਾ ਹੈ। ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਅਗਲੇ ਪੰਜਾ ਸਾਲਾਂ ਦਾ ਵੀ ਨਕਸ਼ਾ ਤਿਆਰ ਕਰ ਲਿਆ ਹੈ। ਕਿਰਪਾ ਕਰਕੇ ਸਾਡੀ ਕਾਰਗੁਜ਼ਾਰੀ ਅਤੇ ਵਾਅਦੇ ਨਿਭਾਉਣ ਦੀ ਕਾਬਲੀਅਤ ਨੂੰ ਦੇਖਦੇ ਹੋਏ ਸਾਨੂੰ ਇੱਕ ਵਾਰੀ ਮੁੜ ਵੋਟਾਂ ਪਾ ਕੇ ਸੱਤਾ ਵਿਚ ਲਿਆਓ।