ਚੰਡੀਗੜ੍ਹ, 8 ਜਨਵਰੀ, 2017 : ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਟੀਮ ਸਿੱਖ ਜਾਂ ਪੰਜਾਬੀ ਚਿਹਰਿਆਂ ਨੂੰ ਸਿਰਫ ਬਲੀ ਦੇ ਬੱਕਰੇ ਬਣਾਉਣ ਲਈ ਇਸਤੇਮਾਲ ਕਰ ਰਹੀ ਹੈ। ਜਦਕਿ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਵਰਗੇ ਵੱਡੇ ਅਹੁਦੇ ਦਿੱਲੀ ਵਾਲੇ ਆਗੂ ਆਪਣੇ ਕੋਲ ਹੀ ਰੱਖਣਾ ਚਾਹੁੰਦੇ ਹਨ।
ਇਹ ਸ਼ਬਦ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਪਾਰਟੀ ਆਬਜ਼ਰਬਰ ਸੰਜੇ ਸਿੰਘ ਵੱਲੋਂ ਆਪ ਆਗੂ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਦਾਅਵੇ ਨੂੰ ਰੱਦ ਕੀਤੇ ਜਾਣ ਉੱਤੇ ਟਿੱਪਣੀ ਕਰ ਰਹੇ ਸਨ।
ਡਾ. ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੀ ਅੱਖ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਉੱਤੇ ਹੈ। ਇਸੇ ਕਰਕੇ ਉਹ ਆਪਣਾ ਮੁੱਖ ਮੰਤਰੀ ਉਮੀਦਵਾਰ ਘੋਸ਼ਿਤ ਕਰਨ ਤੋਂ ਟਾਲਾ ਵੱਟ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਭਗਵੰਤ ਮਾਨ ਨੇ ਕੁੱਝ ਰੈਲੀਆਂ ਦੌਰਾਨ ਖੁਦ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਪੇਸ਼ ਕਰਨ ਵਾਲਾ ਬਿਆਨ ਦਿੱਤਾ ਤਾਂ ਦਿੱਲੀ ਦੇ ਆਗੂਆਂ ਨੂੰ ਤੁਰੰਤ ਵੱਟ ਚੜ੍ਹ ਗਏ। ਅਗਲੇ ਦੀ ਦਿਨ ਸੰਜੇ ਸਿੰਘ ਨੇ ਮਾਨ ਦੇ ਦਆਵੇ ਨੂੰ ਰੱਦ ਕਰਦਿਆਂ ਐਲਾਨ ਕਰ ਦਿੱਤਾ ਕਿ ਉਹ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ ਹੈ। ਪਾਰਟੀ ਹਾਈਕਮਾਂਡ ਇਸ ਦਾ ਫੈਸਲਾ ਚੋਣਾਂ ਤੋਂ ਬਾਅਦ ਹੀ ਕਰੇਗੀ।
ਅਕਾਲੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿੰਨੇ ਵੀ ਸਿੱਖ ਅਤੇ ਪੰਜਾਬੀ ਚਿਹਰੇ ਅੱਗੇ ਕੀਤੇ ਹਨ, ਇਹ ਮਹਿਜ਼ ਲੋਕਾਂ ਤੋਂ ਵੋਟਾਂ ਵਟੋਰਨ ਲਈ ਕੀਤੇ ਹਨ। ਪੰਜਾਬ ਵਿਚ ਆਪ ਦੀ ਸਰਕਾਰ ਬਣਨ ਦੀ ਸੂਰਤ ਵਿਚ ਦਿੱਲੀ ਵਾਲੀ ਟੀਮ ਆ ਕੇ ਸਾਰੇ ਵੱਡੇ ਅਹੁਦਿਆਂ ਉੱਤੇ ਕਬਜ਼ਾ ਕਰ ਲਵੇਗੀ। ਉਹਨਾਂ ਕਿਹਾ ਕਿ ਦਿੱਲੀ ਦੇ ਆਗੂਆਂ ਨੂੰ ਜਰਨੈਲ ਸਿੰਘ ਨੂੰ ਲੰਬੀ ਹਲਕੇ ਤੋਂ, ਭਗਵੰਤ ਮਾਨ ਨੂੰ ਜਲਾਲਾਬਾਦ ਤੋਂ, ਹਿੰਮਤ ਸਿੰਘ ਸ਼ੇਰਗਿੱਲ ਨੂੰ ਮਜੀਠਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰ ਕੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਹੈ। ਇਹਨਾਂ ਸਾਰੇ ਹਲਕਿਆਂ ਤੋਂ ਆਪ ਆਗੂਆਂ ਦਾ ਜਿੱਤਣਾ ਤਾਂ ਦੂਰ ਜ਼ਮਾਨਤ ਬਚਾਉਣਾ ਵੀ ਮੁਸ਼ਕਿਲ ਹੋਵੇਗਾ। ਇਹੀ ਦਿੱਲੀ ਵਾਲੀ ਟੀਮ ਚਾਹੁੰਦੀ ਹੈ ਕਿ ਕੋਈ ਵੀ ਪ੍ਰਸਿੱਧ ਸਿੱਖ ਜਾਂ ਪੰਜਾਬੀ ਚਿਹਰਾ ਜਿੱਤ ਕੇ ਵਿਧਾਨ ਸਭਾ ਵਿਚ ਨਾ ਪਹੁੰਚੇ ਅਤੇ ਪੰਜਾਬ ਵਿਚ ਆਪ ਦੀ ਸਰਕਾਰ ਦਾ ਰਿਮੋਟ ਕੰਟਰੋਲ ਦਿੱਲੀ ਵਾਲਿਆਂ ਦੇ ਹੱਥ ਵਿਚ ਰਹੇ।
ਡਾæ ਚੀਮਾ ਨੇ ਕਿਹਾ ਕਿ ਆਪ ਦੀ ਦਿੱਲੀ ਵਾਲੀ ਟੀਮ ਸਿਰਫ ਪੈਸੇ ਅਤੇ ਸੱਤਾ ਹਾਸਿਲ ਕਰਨ ਦੇ ਉਦੇਸ਼ ਨਾਲ ਪੰਜਾਬ ਅੰਦਰ ਦਾਖਲ ਹੋਈ ਹੈ। ਉਹਨਾਂ ਦਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਨਾਲ ਕੋਈ ਵਾਸਤਾ ਨਹੀਂ ਹੈ। ਉਲਟਾ ਹਰ ਮੁੱਦੇ ਉੱਤੇ ਚਾਹੇ ਉਹ ਐਸਵਾਈਐਲ ਦਾ ਮੁੱਦਾ ਹੋਵੇ ਜਾਂ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦਾ, ਉਹਨਾਂ ਦੇ ਹਿੱਤ ਪੰਜਾਬ ਨਾਲ ਟਕਰਾਉਂਦੇ ਹਨ। ਇਸੇ ਕਰਕੇ ਉਹਨਾਂ ਨੇ ਚੋਣਾਂ ਜਿੱਤਣ ਲਈ ਪੰਜਾਬੀ ਆਗੂ ਅੱਗੇ ਕੀਤੇ ਹਨ, ਜਦਕਿ ਸਰਕਾਰ ਦੀ ਵਾਂਗਡੋਰ ਉਹ ਆਪਣੇ ਹੱਥ ਵਿਚ ਰੱਖਣ ਦੀ ਧਾਰੀ ਬੈਠੇ ਹਨ।