ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਕਰਤਾਰਪੁਰ ਤੋਂ ਕਾਂਗਰਸੀ ਆਗੂ ਰਜੇਸ਼ ਕੁਮਾਰ ਨੂੰ ਅਕਾਲੀ ਦਲ 'ਚ ਸ਼ਾਮਲ ਕੀਤਾ।
ਚੰਡੀਗੜ੍ਹ, 10 ਜਨਵਰੀ, 2017 : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਅਕਾਲੀ-ਭਾਜਪਾ ਸਰਕਾਰ ਦੁਆਰਾ ਕੀਤੇ ਵਧੀਆ ਕੰਮਾਂ ਨੂੰ ਹੀ ਤਸਦੀਕ ਕੀਤਾ ਹੈ। ਕਾਂਗਰਸ ਅਕਾਲੀ-ਭਾਜਪਾ ਦੁਆਰਾ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਜਾਰੀ ਰੱਖਣ ਦੇ ਵਾਅਦੇ ਤੋਂ ਇਲਾਵਾ ਆਪਣੇ ਮੈਨੀਫੈਸਟੋ ਵਿਚ ਹੋਰ ਕੁੱਝ ਵੀ ਨਵਾਂ ਨਹੀਂ ਦੇ ਸਕੀ।
ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਦਸਤਾਵੇਜ਼ ਵਿਚ ਕੋਈ ਵੀ ਨਵਾਂ ਉਪਰਾਲਾ ਨਹੀ ਕੀਤਾ ਗਿਆ ਹੈ। ਇੱਥੋਂ ਤੱਕ ਕਾਂਗਰਸ ਪਾਰਟੀ ਉਸ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਵੀ ਮੁਕਰ ਗਈ ਹੈ, ਜਿਸ ਵਾਸਤੇ ਲੱਖਾਂ ਕਿਸਾਨਾਂ ਤੋਂ ਫਾਰਮ ਭਰਵਾਏ ਗਏ ਸਨ। ਉੁਹਨਾਂ ਕਿਹਾ ਕਿ ਕਾਂਗਰਸ ਦੀ ਬੇਈਮਾਨੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੇ ਦਿਨੀਂ ਅਮਰਿੰਦਰ ਵੱਲੋਂ ਜਾਰੀ ਕੀਤੇ 9 ਸੂਤਰੀ ਏਜੰਡੇ ਵਿਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੁਆਰਾ ਜਾਰੀ ਕੀਤੇ ਮੈਨੀਫੈਸਟੋ ਵਿਚ ਸਿਰਫ ਇੰਨਾ ਵਾਅਦਾ ਕੀਤਾ ਗਿਆ ਹੈ ਕਿ ਪਾਰਟੀ ਕਿਸਾਨਾਂ ਦੇ ਕਰਜ਼ੇ ਮੁਆਫ ਕਰਵਾਉਣ ਲਈ ਹੰਭਲਾ ਮਾਰੇਗੀ। ਸੁਖਬੀਰ ਬਾਦਲ ਨੇ ਸੁਆਲ ਕਰਦਿਆਂ ਪੁੱਛਿਆ ਕਿ ਜੇ ਤੁਹਾਡੀ ਇਸ ਮੁੱਦੇ ਨੂੰ ਆਪਣੀ ਮੈਨੀਫੈਸਟੋ ਵਿਚ ਸ਼ਾਮਿਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਤਾਂ ਇੰਨੇ ਮਹੀਨੇ ਕਿਸਾਨਾਂ ਨੂੰ ਬੇਵਕੂਫ ਕਿਉਂ ਬਣਾਇਆ?
ਮੈਨੀਫੈਸਟੋ ਬਾਰੇ ਗੱਲਬਾਤ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਇਸ ਦਸਤਾਵੇਜ਼ ਵਿਚ ਬਿਜਲੀ ਉਤਪਾਦਨ ਵਧਾਉਣ ਦਾ ਕੋਈ ਜ਼ਿਕਰ ਨਹੀਂ ਹੈ, ਕਿਉਂਕਿ ਪੰਜਾਬ ਨੂੰ ਪਹਿਲਾਂ ਹੀ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਜਾ ਚੁੱਕਾ ਹੈ। ਇਸ ਵਿਚ ਸਿਰਫ ਬਿਜਲੀ 4.99 ਰੁਪਏ ਪ੍ਰਤੀ ਯੂਨਿਟ ਦੇਣ ਦੀ ਗੱਲ ਕੀਤੀ ਹੈ, ਜਿਹੜੀ ਸਾਡੀ ਸਰਕਾਰ ਪਿਛਲੇ ਇੱਕ ਸਾਲ ਤੋਂ ਦੇ ਰਹੀ ਹੈ। ਉਹਨਾਂ ਕਿਹਾ ਇਸੇ ਤਰ•ਾਂ ਸੂਬੇ ਵਿਚ 170 ਸ਼ਹਿਰਾਂ ਦੇ ਵਿਕਾਸ ਜਾਂ ਸ਼ਹਿਰਵਾਸੀਆਂ ਨੂੰ ਸਾਫ ਸੁਥਰਾ ਪਾਣੀ ਅਤੇ ਸੀਵਰੇਜ ਦੀਆਂ ਸਹੂਲਤਾਂ ਦੇਣ ਬਾਰੇ ਕੁਝ ਨਹੀਂ ਕਿਹਾ ਗਿਆ, ਕਿਉਂਕਿ ਇਹ ਸਾਰੀਆਂ ਸਹਥੂਲਤਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ। ਮੈਨੀਫੈਸਟੋ ਵਿਚ ਸੜਕੀ ਨੈਟਵਰਕ ਨੂੰ ਸੁਧਾਰਨ ਬਾਰੇ ਇੱਕ ਸ਼ਬਦ ਵੀ ਨਹੀਂ ਲਿਖਿਆ ਗਿਆ, ਕਿਉਂਕਿ ਇਹ ਕੰਮ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਨੀਫੈਸਟੋ ਵਿਚ ਮੁਫਤ ਬਿਜਲੀ ਦੀ ਸਹੂਲਤ ਜਾਰੀ ਰੱਖਣ ਅਤੇ ਲੋਕ ਭਲਾਈ ਸਕੀਮਤਾ ਤਹਿਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਮਾਤਰਾ ਵਧਾਉਣ ਬਾਰੇ ਕਿਹਾ ਗਿਆ ਹੈ ਜੋ ਕਿ ਸਾਡੀ ਸਰਕਾਰ ਵੱਲੋਂ ਪਹਿਲਾਂ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਬੌਧਿਕ ਦਿਵਾਲੀਆਪਣ ਦੇਖੋ ਇਹ ਆਪਣੇ ਮੈਨੀਫੈਸਟੋ ਵਿਚ ਇਕ ਵੀ ਨਵਾਂ ਵਿਚਾਰ ਨਹੀਂ ਲੈ ਕੇ ਆ ਸਕੀ।
ਸ. ਬਾਦਲ ਨੇ ਕਿਹਾ ਮੈਨੀਫੈਸਟੋ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਾਂਗਰਸ ਪੰਜਾਬ ਵਾਸਤੇ ਸਪੈਸ਼ਲ ਟੈਕਸ ਦਾ ਰੁਤਬਾ ਜਾਰੀ ਕਰਵਾਏਗੀ। ਸਾਫ ਦਿਸਦਾ ਹੈ ਕਿ ਪਾਰਟੀ ਨਹੀਂ ਜਾਣਦੀ ਕਿ ਇਹ ਕੇਂਦਰ ਸਰਕਾਰ ਦਾ ਕੰਮ ਹੈ। ਯੂ.ਪੀ.ਏ ਆਪਣੇ 10 ਸਾਲਾਂ ਦੇ ਕਾਰਜਕਾਲਾਂ ਦੌਰਾਨ ਅਜਿਹਾ ਕਿਉਂ ਨਹੀਂ ਕਰ ਸਕੀ। ਉਨ੍ਹਾਂ ਨੇ ਪਾਰਟੀ ਦੇ ਉਸ ਸਟੈਂਡ ਦਾ ਵੀ ਮਜ਼ਾਕ ਉਡਾਇਆ ਕਿ ਕਾਂਗਰਸ ਵੀ.ਆਈ.ਪੀ. ਕਲਚਰ ਖਤਮ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਅਤੇ ਮੈਨੇਫੈਸਟੋ ਕਮੇਟੀ ਦੇ ਮੁਖੀ ਮਨਪ੍ਰੀਤ ਬਾਦਲ ਦੇ ਪਿਤਾ ਲਾਲ ਬੱਤੀਆਂ ਦੀ ਵਰਤੋਂ ਕਰ ਰਹੇ ਸਨ। ਮਨਪ੍ਰੀਤ ਦੇ ਪਰਿਵਾਰ ਕੋਲ 20 ਤੋਂ ਜ਼ਿਆਦਾ ਗੰਨਮੈਨ ਸਨ ਜਦੋਂ ਕਿ ਅਮਰਿੰਦਰ ਨਾਲ 100 ਤੋਂ ਵਧੇਰੇ ਗੰਨਮੈਨ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਹੈਲੀਕਾਪਟਰਾਂ ਦੀ ਵਰਤੋਂ ਨਾ ਕਰਨ ਦੀ ਗੱਲ ਕਰਨਾ ਵੀ ਹਾਸੋਹੀਣੀ ਗੱਲ ਹੈ। ਅਮਰਿੰਦਰ ਤਾਂ ਚੰਡੀਗੜ• ਤੋਂ ਮੋਹਾਲੀ ਜਾਣ ਵਾਸਤੇ ਵੀ ਹੈਲੀਕਾਪਟਰ ਦੀ ਵਰਤੋਂ ਕਰਦਾ ਹੁੰਦਾ ਸੀ। ਤੇ ਰਜਿੰਦਰ ਕੌਰ ਭੱਠਲ ਹੁਣ ਵੀ ਸਰਕਰੀ ਰਿਹਾਇਸ਼ ਲੈਣ ਬਾਰੇ ਕਹਿ ਰਹੀ ਹੈ। ਸ. ਬਾਦਲ ਨੇ ਮਨਪ੍ਰੀਤ ਬਾਦਲ ਦੀ ਸਬਸਿਡੀਆਂ ਦੇਣ ਦੇ ਵਾਅਦੇ ਦੀ ਭਰੋਸੇਯੋਗਤਾ ਉਤੇ ਵੀ ਉਂਗਲ ਉਠਾਈ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਇਸ ਲਈ ਛੱਡਿਆ ਸੀ ਕਿ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਕਰਨਾ ਚਾਹੁੰਦਾ ਸੀ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਸ ਸਮੇਂ ਮਨਪ੍ਰੀਤ ਨੂੰ ਇਹ ਵੀ ਨਹੀਂ ਸੀ ਪਤਾ ਕਿ ਸੂਬੇ ਦੇ ਲੋਕਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਆਖਿਆ ਕਾਂਗਰਸ ਫੂਡ ਪ੍ਰੋਸੈਸਿੰਗ ਉਦਯੋਗ ਉਤੇ ਇਨਪੁਟ ਟੈਕਸ ਹਟਾਉਣ ਦਾ ਵਾਅਦਾ ਕਰ ਰਹੀ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਇਸ ਇੰਡਸਟਰੀ ਉਤੋਂ ਇਨਪੁਟ ਅਤੇ ਆਉਟਪੁਟ ਦੋਵੇਂ ਟੈਕਸ ਹਟਾਏ ਜਾ ਚੁੱਕੇ ਹਨ। ਇਸੇ ਤਰ•ਾਂ ਕਾਂਗਰਸ ਨੇ ਬੱਚਿਆਂ ਦੀ ਸਿੱਖਿਆ ਲਈ 1 ਲੱਖ ਰੁਪਏ ਦੇਣ ਦਾ ਵਅਦਾ ਕੀਤਾ ਹੈ ਜਦੋਂ ਕਿ ਕੇਂਦਰ ਵੱਲੋਂ ਇਸ ਮਕਸਦ ਲਈ ਪਹਿਲਾਂ ਹੀ ਡੇਢ ਲੱਖ ਰੁਪਿਆ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਪ ਆਗੂ ਭਗਵੰਤ ਮਾਨ ਲੋਕਾਂ ਨੂੰ ਹਿੰਸਾ ਲਈ ਉਕਸਾ ਕੇ ਬਹੁਤ ਹੀ ਘਟੀਆ ਹਰਕਤਾਂ ਤੇ ਉਤਰ ਆਇਆ ਹੈ ਜਿਸ ਤੋਂ ਉਸ ਦੀ ਚੋਣ ਪ੍ਰਚਾਰ ਵਿਚ ਪਛੜ ਜਾਣ ਦੀ ਨਿਰਾਸ਼ਾ ਸਾਫ ਝਲਕਦੀ ਹੈ। ਜਲਾਲਾਬਾਦ ਦੇ ਕਿਸੇ ਵੀ ਹਿੱਸੇ ਵਿਚ ਉਸ ਦੀ ਚੋਣ ਮੁਹਿੰਮ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਂਤੀ ਤੇ ਭਾਈਚਾਰੇ ਵਿਚ ਵਿਸ਼ਵਾਸ ਰੱਖਦਾ ਹੈ ਪਰ ਇਸ ਨੂੰ ਸਾਡੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ।