ਮੋਹਾਲੀ: ਈ ਐਸ ਆਈ ਸੀ ਵੱਲੋਂ ਦਿੱਤੀ ਜਾ ਰਹੀ ਹੈ ਕੋਵਿਡ -19 ਰਾਹਤ ਯੋਜਨਾ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 17 ਜੂਨ 2021 - ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਵੱਲੋਂ ਕੋਵਿਡ -19 ਕਾਰਨ ਮਰਨ ਵਾਲੇ ਬੀਮਾਯੁਕਤ ਵਿਅਕਤੀਆਂ ਦੇ ਆਸ਼ਰਿਤਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ। ਇਹ ਜਾਣਕਾਰੀ ਈਐਸਆਈਸੀ ਦੇ ਬੁਲਾਰੇ ਨੇ ਦਿੱਤੀ।
ਇਹ ਸਕੀਮ 24.03.2020 ਤੋਂ 2 ਸਾਲਾਂ ਦੀ ਮਿਆਦ ਲਈ ਲਾਗੂ ਹੋਵੇਗੀ। ਬੀਮਾਯੁਕਤ ਵਿਅਕਤੀ ਜਿਹੜੇ ਈਐਸਆਈ ਐਕਟ, 1948 ਦੀ ਧਾਰਾ 2 (9) ਅਧੀਨ ਕਰਮਚਾਰੀ ਸਨ ਅਤੇ ਜਿਨ੍ਹਾਂ ਦੀ ਮੌਤ ਕੋਵਿਡ -19 ਬਿਮਾਰੀ ਕਾਰਨ ਹੋਈ ਸੀ, ਉਹਨਾਂ ਦੇ ਆਸ਼ਰਿਤ ਇਸ ਸਕੀਮ ਅਧੀਨ ਰਾਹਤ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਮ੍ਰਿਤਕ ਬੀਮਾਯੁਕਤ ਵਿਅਕਤੀ ਕੋਵਿਡ-19 ਬਿਮਾਰੀ ਦੀ ਜਾਂਚ ਦੀ ਮਿਤੀ ਤੋਂ 3 ਮਹੀਨੇ ਪਹਿਲਾਂ ਈਐਸਆਈਸੀ ਆਨਲਾਈਨ ਪੋਰਟਲ 'ਤੇ ਰਜਿਸਟਰ ਹੋਵੇ ਅਤੇ ਕੋਵਿਡ ਕਾਰਨ ਉਸ ਦੀ ਮੌਤ ਹੋਈ ਹੋਵੇ। ਮ੍ਰਿਤਕ ਬੀਮਾਯੁਕਤ ਵਿਅਕਤੀ ਕੋਵਿਡ-19 ਬਿਮਾਰੀ ਦੀ ਜਾਂਚ ਸਮੇਂ ਬੀਮਾ ਯੋਗ ਰੋਜ਼ਗਾਰ ਕਰਦਾ ਹੋਵੇ ਅਤੇ ਇਸਦੇ ਲਈ ਘੱਟੋ-ਘੱਟ 70 ਦਿਨਾਂ ਦਾ ਯੋਗਦਾਨ ਦਿੱਤਾ ਹੋਵੇ ਜਾਂ ਕੋਵਿਡ ਬੀਮਾਰੀ ਦੀ ਜਾਂਚ ਤੋਂ ਪਹਿਲਾਂ (ਬਾਅਦ ਵਿੱਚ ਮੌਤ ਹੋ ਗਈ) ਉਸ ਨੂੰ ਵੱਧ ਤੋਂ ਵੱਧ 1 ਸਾਲ ਦੀ ਅਵਧੀ ਲਈ ਭੁਗਤਾਨ ਯੋਗ ਹਨ।
ਹਰ ਮਹੀਨੇ ਮ੍ਰਿਤਕ ਬੀਮਾਯੁਕਤ ਵਿਅਕਤੀ ਦੇ ਯੋਗ ਆਸ਼ਰਿਤਾਂ ਨੂੰ ਉਸ ਦੀ ਔਸਤਨ ਤਨਖਾਹ ਦੀ 90 ਫ਼ੀਸਦ ਦੀ ਦਰ ‘ਤੇ ਰਾਹਤ ਦਿੱਤੀ ਜਾਵੇਗੀ ਅਤੇ ਇਸਦਾ ਭੁਗਤਾਨ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਘੱਟੋ ਘੱਟ 1800 ਰੁਪਏ ਪ੍ਰਤੀ ਮਹੀਨਾ ਰਾਹਤ ਦਿੱਤੀ ਜਾਵੇਗੀ।
ਇਸ ਰਾਹਤ ਦਾ ਲਾਭ ਲੈਣ ਸਬੰਧੀ ਦਾਅਵੇ ਲਈ ਕੋਵਿਡ-19 ਪਾਜ਼ੇਟਿਵ ਰਿਪੋਰਟ ਅਤੇ ਬੀਮਾਯੁਕਤ ਵਿਅਕਤੀ ਦੀ ਮੌਤ ਦਾ ਸਰਟੀਫਿਕੇਟ ਨਜ਼ਦੀਕੀ ਈਐਸਆਈਸੀ ਸ਼ਾਖਾ ਦਫ਼ਤਰ ਵਿੱਚ ਜਮ੍ਹਾ ਕੀਤਾ ਜਾ ਸਕਦਾ ਹੈ। ਦਾਅਵਾ ਪੇਸ਼ ਕਰਨ ਦੇ 15 ਦਿਨਾਂ ਦੇ ਅੰਦਰ-ਅੰਦਰ ਇਸ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।
ਈਐਸਆਈਸੀ ਨੇ ਦੱਸਿਆ ਕਿ ਜੇਕਰ ਸਰਟਾਫਾਈਡ ਮੈਡੀਕਲ ਪ੍ਰੈਕਟੀਸ਼ਨਰ ਕਰਮਚਾਰੀ ਦੀ ਕੋਵਿਡ-19 ਲਈ ਪੁਸ਼ਟੀ ਕਰਦਾ ਹੈ, ਤਾਂ ਬੀਮਾਯੁਕਤ ਵਿਅਕਤੀ ਕੋਵਿਡ -19 ਬਿਮਾਰੀ ਕਾਰਨ ਗ਼ੈਰਹਾਜ਼ਰ ਰਹਿਣ ‘ਤੇ ਈਐਸਆਈ ਐਕਟ, 1948 ਤਹਿਤ ਬਿਮਾਰੀ ਦੌਰਾਨ ਔਸਤਨ ਰੋਜ਼ਾਨਾ ਉਜਰਤ ਦਾ 70 ਫ਼ੀਸਦੀ ਦਰ ਨਾਲ ਲਾਭ ਪ੍ਰਾਪਤ ਕਰ ਸਕਦਾ ਹੈ। ਇਹ ਲਾਭ 1 ਸਾਲ ਵਿੱਚ ਵੱਧੋ ਵੱਧ 91 ਦਿਨਾਂ ਤੱਕ ਮਿਲ ਸਕੇਗਾ ਅਤੇ ਇਹ ਲਾਭ ਲੈਣ ਲਈ ਬੀਮਾਯੁਕਤ ਵਿਅਕਤੀ ਦੇ 6 ਮਹੀਨੇ ਦੇ ਯੋਗਦਾਨ ਬਦਲੇ 78 ਦਿਨਾਂ ਦੇ ਭੁਗਤਾਨ ਯੋਗ ਹਨ।
ਬੀਮਾਯੁਕਤ ਵਿਅਕਤੀ ਦੀ ਮੌਤ ਦੀ ਸਥਿਤੀ ਵਿੱਚ ਉਸ ਦੇ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਜਾਂ ਉਸ ਦਾ ਅੰਤਮ ਸੰਸਕਾਰ ਕਰਨ ਵਾਲੇ ਵਿਅਕਤੀ ਨੂੰ ਅੰਤਿਮ ਸਸਕਾਰ ਦੀਆਂ ਰਸਮਾਂ ਲਈ 15,000 ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ।