ਰੂਪਨਗਰ, 13 ਫਰਵਰੀ, 2017 : ਚੋਣ ਪ੍ਰਕ੍ਰਿਆ ਦਾ ਪਹਿਲਾ ਗੇੜ ਮੁਕੰਮਲ ਹੋ ਜਾਣ ਉਪਰੰਤ ਬਿਜਲਈ ਵੋਟਿੰਗ ਮਸ਼ੀਨਾਂ ਨੂੰ ਸਖਤ ਸੁਰੱਖਿਆ ਪਹਿਰੇ ਵਿਚ ਥਰੀ ਟਾਇਰ ਸੁਰੱਖਿਆ ਤਹਿਤ ਸਰਕਾਰੀ ਕਾਲਜ ਰੂਪਨਗਰ ਦੇ ਤਿੰਨ ਵਖ ਵਖ ਹਾਲਾਂ ਅੰਦਰ ਡਬਲ ਲਾਕ ਵਿਚ ਵਿਧਾਨ ਸਭਾ ਹਲਕਾ ਵਾਈਜ਼ ਰਖ ਦਿਤਾ ਗਿਆ ਹੈ । ਇਹਨਾਂ ਸਟਰਾਂਗ ਰੂਮਾਂ ਦਾ ਸੁਰੱਖਿਆ ਅਤੇ ਹੋਰ ਬਾਹਰ ਦੇ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਸ਼੍ਰੀ ਕਰਨੇਸ਼ ਸ਼ਰਮਾ ਨੇ ਅੱਜ ਇਥੇ ਸਰਕਾਰੀ ਕਾਲਜ ਦਾ ਦੌਰਾ ਕੀਤਾ । ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ- ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਨਦੀਪ ਬਾਂਸਲ ਅਤੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਰੂਪਨਗਰ ਸ਼੍ਰੀ ਉਦੇਦੀਪ ਸਿੱਧੂ ਵੀ ਉਨਾਂ ਨਾਲ ਸਨ।
ਇਸ ਮੌਕੇ ਉਨਾਂ ਦਸਿਆ ਕਿ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਹੀ ਇਸ ਕਾਲਜ ਵਿਚ ਵੱਖ ਵੱਖ ਸਟਰਾਂਗ ਰੂਮਾਂ ਵਿਚ ਬਿਜਲਈ ਵੋਟਿੰਗ ਮਸ਼ੀਨਾਂ ਰਖੀਆਂ ਗਈਆਂ ਹਨ ਅਤੇ ਇੰਨਾਂ ਤੇ ਨਿਗ੍ਹਾ ਰੱਖਣ ਲਈ ਕਲੋਜ ਸਰਕਟ ਕੈਮਰੇ ਲਗਾਏ ਗਏ ਹਨ ਜੋ ਕਿ ਐਲ.ਈ.ਡੀ. ਨਾਲ ਅਟੈਚ ਕੀਤੇ ਗਏ ਹਨ । ਜੋ ਕਿ 24 ਘੰਟੇ ਚਾਲੂ ਰਖੇ ਗਏ ਹਨ ਅਤੇ ਇਨਾਂ ਨੂੰ ਕੰਟਰੋਲ ਰੂਮ ਨਾਲ ਵੀ ਜੋੜਿਆ ਗਿਆ ਹੈ ਜਿਥੇ ਕਿ ਇੰਨਾਂ ਦੀ ਰਿਕਾਰਡਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਸ਼ੱਕ ਦੀ ਗੁੰਜਾਇਸ਼ ਨਾ ਰਹੇ ਇਸ ਤੋਂ ਇਲਾਵਾ ਕਲੋਜ ਸਰਕਟ ਕੈਮਰਿਆਂ ਨੂੰ ਇਨਵਰਟਰ ਨਾਲ ਵੀ ਜੋੜਿਆ ਗਿਆ ਹੈ।ਉਨਾਂ ਸੁਰੱਖਿਆ ਦੇ ਮੱਦੇਨਜ਼ਰ ਤਿੰਨਾ ਸਟਰਾਂਗ ਰੂਮਾਂ ਤੇ 24 ਘੰਟੇ ਨਿਗਰਾਨੀ ਲਈ ਗਜ਼ਟਿਡ ਅਫਸਰ ਅਤੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਜਾ ਰਹੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇੰਨੇ ਸੁਰੱਖਿਆ ਪ੍ਰਬੰਧਾਂ ਨਾਲ ਕੋਈ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਹੋਣ ਦੀ ਗੁੰਜਾਇਸ਼ ਨਹੀਂ ਹੈ।ਕਲੋਜ ਸਰਕਟ ਕੈਮਰਿਆਂ ਨਾਲ ਜੁੜੀਆਂ ਐਲ.ਈ.ਡੀਆਂ ਦੇ ਸਾਹਮਣੇ ਚੋਣ ਉਮੀਦਵਾਰਾਂ ਦੇ ਬੈਠਣ ਲਈ ਟੈਂਟ ਵੀ ਲਗਾਏ ਗਏ ਹਨ ਜਿਥੇ ਕਿ ਬੈਠਣ ਦੀ ਅਤੇ ਹੋਰ ਸੁਵਿਧਾਵਾਂ ਮੁਹਈਆ ਕਰਵਾਈਆਂ ਗਈਆਂ ਹਨ।ਇੰਨਾਂ ਟੈਂਟਾਂ ਵਿਚ ਬੈਠ ਕੇ ਕੋਈ ਵੀ ਉਮੀਦਵਾਰ ਖੁਦ ਵੀ ਨਿਗਰਾਨੀ ਰਖ ਸਕਦਾ ਹੈ।ਇਸ ਸਬੰਧੀ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦਸਿਆ ਕਿ ਇੰਨਾਂ ਤਿੰਨੋਂ ਥਾਵਾਂ 'ਤੇ ਥਰੀ ਟਾਇਰ ਸੁਰਖਿਆ ਮੁਹਈਆ ਕਰਵਾਈ ਗਈ ਹੈ। ਅੰਦਰੂਨੀ ਘੇਰੇ ਵਿਚ ਸੀ.ਏ.ਪੀ.ਐਫ. ਦੂਜੇ ਘੇਰੇ 'ਤੇ ਪੀ.ਏ.ਪੀ. ਅਤੇ ਬਾਹਰਲੇ ਘੇਰੇ 'ਤੇ ਪੰਜਾਬ ਪੁਲਿਸ ਦੇ ਜਵਾਨ 24 ਘੰਟੇ ਤਾਇਨਾਤ ਕੀਤੇ ਗਏ ਹਨ।
ਸ਼੍ਰੀ ਸ਼ਰਮਾ ਨੇ ਇਹ ਵੀ ਦਸਿਆ ਕਿ ਕੋਈ ਵੀ ਵਾਹਨ ਕਾਲਜ ਦੇ ਅੰਦਰ ਦਾਖਲ ਨਹੀ ਹੋ ਸਕਦਾ। ਕਾਲਜ ਦੇ ਅੰਦਰ ਆਉਣ ਵਾਲਾ ਵਿਅਕਤੀ ਪੈਦਲ ਹੀ ਅੰਦਰ ਆ ਸਕਦਾ ਹੈ।