ਚੰਡੀਗੜ੍ਹ, 28 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਗਾਇਆ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦਿਆਂ ਅਕਾਲੀ-ਭਾਜਪਾ ਗਠਜੋੜ ਨੇ ਇੱਕ ਨਵੀਂ ਚਾਲ ਖੇਡਦਿਆਂ ਕਈ ਸੀਟਾਂ ਉਤੇ ਕਾਂਗਰਸੀ ਉਮੀਦਵਾਰਾਂ ਨੂੰ ਸਮਰਥਨ ਦੇ ਦਿੱਤਾ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕਾਂਗਰਸੀ ਉਮੀਦਵਾਰਾਂ ਨਾਲੋਂ ਜਿਆਦਾ ਹਵਾ ਹੈ ਅਤੇ ਅਕਾਲੀ ਜਾਂ ਭਾਜਪਾ ਉਮੀਦਵਾਰ ਆਪਣੀ ਜਮੀਨ ਗੁਆ ਚੁੱਕੇ ਹਨ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਗੂਆਂ ਵੱਲੋਂ ਖਰੜ ਤੋਂ ਕਾਂਗਰਸੀ ਉਮੀਦਵਾਰ ਦੀ ਖੁਲ ਕੇ ਹਮਾਇਤ ਕੀਤੀ ਜਾ ਰਹੀ ਹੈ, ਜਿਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਆਪ ਡਾਇਲਾਗ ਕਮੇਟੀ ਦੇ ਕਨਵੀਨਰ ਕੰਵਰ ਸੰਧੂ ਜਿੱਤਣ ਦੀ ਹਾਲਤ ਵਿੱਚ ਹਨ। ਅਕਾਲੀ-ਭਾਜਪਾ ਗਠਜੋੜ ਵੱਲੋਂ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਦੇ ਖਿਲਾਫ ਇੱਕ ਕਮਜੋਰ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਉਮੀਦਵਾਰਾਂ ਵੱਲੋਂ ਕੰਗ ਨੂੰ ਹਮਾਇਤ ਕਰਨ ਦੀਆਂ ਮੀਡੀਆ ਵਿੱਚ ਰਿਪੋਰਟਾਂ ਆਈਆਂ ਹਨ (ਕਲਿੱਪਾਂ ਨੱਥੀ ਹਨ)। ਉਨਾਂ ਕਿਹਾ ਕਿ ਖਰੜ ਉਨਾਂ ਬਹੁਤੀਆਂ ਸੀਟਾਂ ਵਿੱਚੋਂ ਇੱਕ ਹੈ, ਜਿੱਥੇ ਅਜਿਹਾ ਸਭ ਵੇਖਣ ਨੂੰ ਮਿਲ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਵੀ ਬਾਦਲਾਂ ਨੂੰ ਉਨਾਂ ਦੇ ਜੱਦੀ ਹਲਕਿਆਂ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੂਬਾਈ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ-ਕਾਂਗਰਸ ਦੇ ਨਾਪਾਕ ਗਠਜੋੜ ਬਾਰੇ ਪਹਿਲਾਂ ਹੀ ਸੁਚੇਤ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਚੋਣਾਂ ਵਿੱਚ ਆਪਣੀ ਹਾਰ ਸਾਫ ਨਜਰ ਆ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਅੰਦਾਜਾ ਲਗਾ ਚੁੱਕੀ ਹੈ ਕਿ ਅਕਾਲੀਆਂ ਵੱਲੋਂ ਸੂਬੇ ਦੇ ਸੋਮਿਆਂ ਦੀ ਖੁੱਲੀ ਲੁੱਟ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਪੰਜਾਬ ਦੀ ਜਨਤਾ ਦੀਆਂ ਭਾਵਨਾਵਾਂ ਬਾਦਲ ਪਰਿਵਾਰ ਦੇ ਖਿਲਾਫ ਹਨ, ਜਿਸ ਕਾਰਨ ਆਮ ਆਦਮੀ ਪਾਰਟੀ ਹੁੰਝਾ ਫੇਰ ਜਿੱਤ ਹਾਸਿਲ ਕਰੇਗੀ।
ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਤੋਂ ਚੋਣ ਕੇਵਲ ਪ੍ਰਕਾਸ਼ ਸਿੰਗ ਬਾਦਲ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ, ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਤੋਂ ਹਾਰ ਰਹੇ ਹਨ। ਕਾਂਗਰਸ ਨੇ ਜਲਾਲਾਬਾਦ ਤੋਂ ਰਵਨੀਤ ਬਿੱਟੂ ਨੂੰ ਉਤਾਰਿਆ ਹੈ, ਤਾਂ ਜੋ ਬਾਦਲਾਂ ਵਿਰੋਧੀ ਵੋਟਾਂ ਨੂੰ ਵੰਡ ਕੇ ਸੁਖਬੀਰ ਬਾਦਲ ਨੂੰ ਜਿਤਾਇਆ ਜਾ ਸਕੇ। ਉਨਾਂ ਕਿਹਾ ਕਿ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਦਾ ਹਲਕਾ ਵੀ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਬਦਲਿਆ ਗਿਆ ਹੈ, ਪ੍ਰੰਤੂ ਰਾਏ ਸਿੱਖ ਭਾਈਚਾਰੇ ਦੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਨਾਲ ਹਨ।
ਉਨਾਂ ਕਿਹਾ ਕਿ ਅਕਾਲੀ ਦਲ ਦੇ 6 ਮੌਜੂਦਾ ਵਿਧਾਇਕਾਂ ਵੱਲੋਂ ਕਾਂਗਰਸ ਵਿੱਚ ਸ਼ਾਮਿਲ ਹੋਣਾ ਵੀ ਇਸੇ ਨਾਪਾਕ ਗਠਜੋੜ ਦਾ ਹਿੱਸਾ ਹੈ, ਤਾਂ ਜੋ ਕਾਂਗਰਸ ਦੇ ਹੱਕ ਵਿੱਚ ਝੂਠੀ ਲਹਿਰ ਪੈਦਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਸਭ ਚੰਗੀ ਤਰਾਂ ਜਾਣਦੇ ਹਨ ਕਿ ਕਾਂਗਰਸ ਨੇ ਅਕਾਲੀ ਦਲ ਦੀ ਸਹਾਇਤਾ ਕਰਨ ਲਈ ਤਿੰਨ ਸੀਟਾਂ ਤਲਵੰਡੀ ਸਾਬੋ, ਧੂਰੀ ਅਤੇ ਮੋਗਾ ਖਾਲੀ ਛੱਡ ਦਿੱਤੀਆਂ ਸਨ ਅਤੇ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਨੂੰ ਜਿੱਤ ਦੁਆਈ ਸੀ। ਜੋਗਿੰਦਰਪਾਲ ਜੈਨ, ਜੀਤ ਮਹਿੰਦਰ ਸਿੱਧੂ ਅਤੇ ਅਰਵਿੰਦ ਖੰਨਾ, ਸਾਰੇ ਹੀ ਕੈਪਟਨ ਅਮਰਿੰਦਰ ਦੇ ਖਾਸ ਸਨ ਅਤੇ ਉਨਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਤਿੰਨੋਂ ਸੀਟਾਂ ਅਕਾਲੀ ਦਲ ਦੀਆਂ ਝੋਲੀ ਪਾਈਆਂ ਸਨ, ਜਿਸ ਕਾਰਨ ਸੁਖਬੀਰ ਬਾਦਲ ਨੂੰ ਵਿਧਾਨ ਸਭਾ ਵਿੱਚ ਪੂਰਣ ਬਹੁਮਤ ਹਾਸਿਲ ਹੋ ਗਿਆ ਸੀ ਅਤੇ ਉਸਨੂੰ ਭਾਜਪਾ ਦੇ ਸਮਰਥਨ ਦੀ ਜਰੂਰਤ ਨਹੀਂ ਰਹੀ ਸੀ।
ਵੜੈਚ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਹਰ ਹਥਕੰਡਾ ਅਪਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕ ਹੁਣ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਝੀਆਂ ਚਾਲਾਂ ਨੂੰ ਚੰਗੀ ਤਰਾਂ ਜਾਣ ਗਏ ਹਨ ਅਤੇ ਉਨਾਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ। ਵੜੈਚ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਦੋਵਾਂ ਪਾਰਟੀਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ। ਉਨਾਂ ਮੁੜ ਦੋਹਰਾਇਆ ਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਬਾਦਲ ਪਰਿਵਾਰ ਵੱਲੋਂ ਕੀਤੇ ਗਏ ਘੋਟਾਲਿਆਂ ਦੀ ਜਾਂਚ ਕਰਵਾਏਗੀ, ਜਿਸ ਕਾਰਨ ਬਾਦਲ ਪਰਿਵਾਰ ਵੱਲੋਂ ਕਾਂਗਰਸ ਨਾਲ ਨਾਪਾਕ ਗਠਜੋੜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਵੀ ਪੰਜਾਬ ਵਿੱਚ ਨਸ਼ਿਆਂ ਅਤੇ ਰੇਤਾ ਬਜਰੀ ਮਾਫੀਆ ਲਈ ਬਰਾਬਰ ਦੀ ਜਿੰਮੇਵਾਰ ਹੈ। ਦੋਵਾਂ ਪਾਰਟੀਆਂ ਦੇ ਆਗੂ ਗੈਰਕਾਨੂੰਨੀ ਕਾਰੋਬਾਰਾਂ ਵਿੱਚ ਹਿੱਸੇਦਾਰ ਹਨ।