ਸਰਕਾਰ ਦੇਵੇ ਸਾਨੂੰ ਸ਼ਰਾਬ ਦੇ ਠੇਕੇ ਖੋਲ੍ਹ ਕੇ : ਜਿੰਮ ਮਾਲਕ
ਕੁਲਵਿੰਦਰ ਸਿੰਘ
ਅੰਮ੍ਰਿਤਸਰ 2 ਜੂਨ 2020 - ਅੱਜ ਅੰਮ੍ਰਿਤਸਰ ਦੇ ਵਿੱਚ ਵੱਖ ਵੱਖ ਥਾਵਾਂ ਤੇ ਜਿੰਮ ਮਾਲਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜਿਨ੍ਹਾਂ ਵਿੱਚ ਏਸ਼ੀਅਨ ਲੈਵਲ ਅਤੇ ਮਿਸਟਰ ਇੰਡੀਆ ਦੇ ਮੈਡਲ ਤੱਕ ਲੈ ਚੁੱਕੇ ਖਿਡਾਰੀ ਸ਼ਾਮਲ ਸਨ। ਇਨ੍ਹਾਂ ਖਿਡਾਰੀਆਂ ਅਤੇ ਜਿੰਮ ਮਾਲਕਾਂ ਦਾ ਕਹਿਣਾ ਸੀ ਕਿ ਸਰਕਾਰ ਉਨ੍ਹਾਂ ਨੂੰ ਸ਼ਰਾਬ ਦੇ ਠੇਕੇ ਖੋਲ੍ਹ ਦੇਵੇ ਕਿਉਂਕਿ ਜਿੰਮ ਅਤੇ ਸਕੂਲ ਬੰਦ ਕਰਕੇ ਸਰਕਾਰ ਸ਼ਰਾਬ ਦੇ ਠੇਕੇ ਅਤੇ ਸਰਕਾਰੀ ਟਰਾਂਸਪੋਰਟ ਚਲਾ ਰਹੀ ਹੈ।
ਜਿੰਮ ਮਾਲਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਤਕਰੀਬਨ 300 ਜਿਮ ਹਨ ਜੋ ਕਿ ਕੋਵਿਡ ਦੀ ਹਿਦਾਇਤਾਂ ਦੇ ਚਲਦੇ ਬੰਦ ਪਏ ਹਨ ਅਤੇ ਉਨ੍ਹਾਂ ਦੀ ਰੋਜ਼ੀ ਰੋਟੀ ਖਾਣਾ ਬਿਜਲੀ ਬਿਲ ਕਰਾਇਆ ਅਤੇ ਘਰ ਦਾ ਖਰਚਾ ਕੱਢਣ ਲਈ ਉਨ੍ਹਾਂ ਨੂੰ ਕੋਈ ਰੁਜ਼ਗਾਰ ਚਾਹੀਦਾ ਹੈ ਜੋ ਕਿ ਇਸ ਵੇਲੇ ਉਨ੍ਹਾਂ ਕੋਲ ਨਹੀਂ ਹੈ। ਜ਼ਿੰਮ ਮਾਲਕਾਂ ਨੂੰ ਸ਼ਰਾਬ ਦੇ ਠੇਕੇ ਖੋਲ੍ਹ ਕੇ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੇ ਘਰ ਦਾ ਖਰਚਾ ਨਿਕਲ ਸਕੇ ਅਤੇ ਕੋਵਿਡ ਦੀਆਂ ਹਦਾਇਤਾਂ ਦੇ ਅਨੁਸਾਰ ਕਮਾਈ ਕੀਤੀ ਜਾ ਸਕੇ।
ਉਨ੍ਹਾਂ ਸਰਕਾਰ ਦੇ ਉਤੇ ਉਂਗਲ ਚੁੱਕਦਿਆਂ ਹੋਇਆਂ ਕਿਹਾ ਕਿ ਸਰਕਾਰ ਉਨ੍ਹਾਂ ਠੇਕਿਆਂ ਨੂੰ ਖੋਲ੍ਹ ਰਹੀ ਹੈ। ਜਿਨ੍ਹਾਂ ਦੇ ਬਾਹਰ ਲਿਖਿਆ ਹੁੰਦਾ ਹ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਜਿੰਮ ਜਾਣ ਵਾਲਾ ਵਿਅਕਤੀ ਕਦੀ ਵੀ ਬਿਮਾਰ ਨਹੀਂ ਹੁੰਦਾ ਹੈ ਅਤੇ ਉਸਦੇ ਫੇਫੜਿਆਂ ਦੇ ਵਿੱਚ ਆਕਸੀਜਨ ਦਾ ਲੈਵਲ ਵੱਧ ਹੁੰਦਾ ਹੈ ਜਿਸ ਨਾਲ ਉਸ ਨੂੰ ਰੋਗਾਂ ਨਾਲ ਲੜਨ ਦੀ ਵੱਧ ਸ਼ਕਤੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਜਿੰਮ ਬੰਦ ਰੱਖਣ ਨੂੰ ਤਿਆਰ ਹਾਂ। ਪਰ ਸਰਕਾਰ ਇਨ੍ਹਾਂ ਜਿੰਮ ਮਾਲਕਾਂ ਦੇ ਘਰ ਦੇ ਖ਼ਰਚੇ ਤੋਂ ਲੈ ਕੇ ਕਿਰਾਏ ਅਤੇ ਬੈਂਕਾਂ ਦੀ ਈਐਮ ਆਈ ਆਪਣੇ ਜ਼ਿੰਮੇ ਲੈ ਲਵੇ ਤਾਂ ਕਿ ਉਹ ਨਿਸ਼ਚਿੰਤ ਹੋ ਕੇ ਘਰ ਬੈਠ ਜਾਣ।