ਪਿੰਡ ਅਬਦਾਲ ਵਿਖੇ ਬਸਪਾ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ।
ਕੱਥੂਨੰਗਲ 20 ਜਨਵਰੀ 2017: ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ ਟੋਪੀਵਾਲਿਆਂ ਅਤੇ ਕਾਂਗਰਸ ਨੂੰ ਨਕਾਰਦਿਆਂ ਭਾਈਚਾਰਕ ਸਾਂਝ ਅਤੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਲਈ ਪੰਜਾਬ ਦੇ ਲੋਕ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾ ਕੇ ਇਤਿਹਾਸ ਰਚਣਗੇ।
ਸ: ਮਜੀਠੀਆ ਪਿੰਡ ਅਬਦਾਲ ਅਤੇ ਕੱਥੂਨੰਗਲ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ । ਅਬਦਾਲ ਵਿਖੇ ਸ: ਮਜੀਠੀਆ ਵੱਲੋਂ ਕਰਾਏ ਗਏ ਵਿਕਾਸ ਅਤੇ ਸਰਕਾਰ ਵੱਲੋਂ ਗਰੀਬ ਵਰਗ ਨੂੰ ਦਿੱਤਿਆਂ ਗਈਆਂ ਗਈਆਂ ਸਹੂਲਤਾਂ ਤੋਂ ਪ੍ਰਭਾਵਿਤ ਹੋ ਕੇ ਬਸਪਾ ਨੂੰ ਛੱਡ ਕੇ ਬਲਕਾਰ ਸਿੰਘ, ਸਰਦੂਲ ਸਿੰਘ, ਹਰਜਿੰਦਰ ਸਿੰਘ, ਪ੍ਰਕਾਸ਼ ਸਿੰਘ, ਰਾਜਵਿੰਦਰ ਸਿੰਘ, ਗੁਲਾਬ ਸਿੰਘ, ਰੇਸ਼ਮ ਸਿੰਘ, ਅੰਗਰੇਜ਼ ਸਿੰਘ, ਹਰਭਜਨ ਸਿੰਘ, ਤਲਵੰਡੀ ਖੁੰਮਣ ਪ੍ਰਧਾਨ ਬਾਜ਼ੀਗਰ ਬਸਤੀ ਸਮੇਤ 30 ਤੋਂ ਵੱਧ ਪਰਿਵਾਰਾਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਸ: ਮਜੀਠੀਆ ਦੀ ਚੋਣ ਮੁਹਿੰਮ ਨੂੰ ਭਾਰੀ ਬਲ ਮਿਲਿਆ ਹੈ।
ਸ: ਮਜੀਠੀਆ ਨੇ ਕੱਥੂਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਰਾਹੀਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਾਇਆ, ਰਾਜੀਵ ਗਾਂਧੀ ਦੇ ਸਮੇਂ ਸਿੱਖ ਕਤਲੇਆਮ ਕੀਤੇ ਗਏ।ਅਜਿਹੀ ਸਥਿਤੀ 'ਚ ਹੁਣ ਕਾਂਗਰਸ ਦੀ ਬੀ ਟੀਮ ਦੇ ਆਗੂ ਦਿਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਦਿਲੀ ਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਹੀਦੀ ਅਸਥਾਨ ਪ੍ਰਤੀ ਲੋਕਾਂ ਦੀ ਸ਼ਰਧਾ ਅਤੇ ਇਤਿਹਾਸਕ ਮਹੱਤਤਾ ਨੂੰ ਰੌਂਦ ਦਿਆਂ ਉੱਥੇ ਬਣੇ ਪਿਆਓ ਨੂੰ ਤੁੜਵਾ ਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ। ਉਹਨਾਂ ਕਿਹਾ ਕਿ ਦਿਲੀ ਹਾਈਕੋਰਟ ਵੱਲੋਂ ਪਿਆਓ ਨੂੰ ਮੁੜ ਬਣਾਉਣ ਲਈ ਦਿਲੀ ਗੁਰਦਵਾਰਾ ਕਮੇਟੀ ਨੂੰ ਕਲ ਦਿੱਤੀ ਗਈ ਮਨਜ਼ੂਰੀ ਨਾਲ ਕੇਜਰੀਵਾਲ ਦੀ ਕੋਝੀ ਹਰਕਤ ਅਤੇ ਬਦ ਨੀਯਤ ਦਾ ਵੀ ਪਰਦਾਫਾਸ਼ ਹੋਗਿਆ ਹੈ।
ਕੇਜਰੀਵਾਲ ਅਤੇ ਕੈਪਟਨ ਵੱਲੋਂ ਚੋਣ ਪ੍ਰਚਾਰ ਦੌਰਾਨ ਉਹਨਾਂ 'ਤੇ ਹੀ ਫੋਕਸ ਕਰੀ ਰੱਖਣ 'ਤੇ ਮਜੀਠੀਆ ਨੇ ਕਿਹਾ ਕਿ ਵਿਰੋਧੀਆਂ ਨੂੰ ਮਜੀਠੀਆ ਫੋਬੀਆ ਹੋਚੁਕਿਆ ਹੈ ਤਾਂ ਉਹ ਦਿਨ ਰਾਤ ਮਜੀਠੀਆ ਦਾ ਰਾਗ ਅਲਾਪ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਖਾਸ ਕਰ ਮਝੈਲਾਂ ਨੂੰ ਧਮਕਾਉਣਾ ਫਜ਼ੂਲ ਹੈ। ਪੰਜਾਬੀ ਹਰ ਚੁਨੌਤੀ ਦਾ ਬੜੇ ਸਾਹਸ ਨਾਲ ਮੁਕਾਬਲਾ ਕਰਨ ਦੇ ਆਦੀ ਹਨ, ਤੇ ਜਿਨ੍ਹਾਂ ਸਿਕੰਦਰ ਵਰਗਿਆਂ ਨੂੰ ਵੀ ਭਜਾ ਚੁੱਕੇ ਹਨ, ਉਹਨਾਂ ਲਈ ਕੇਜਰੀਵਾਲ ਕਿਸ ਬਾਗ ਦੀ ਮੂਲ਼ੀ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਿਸ ਦੀ ਕੁਰਸੀ ਖਿਸਕਣੀ ਹੈ ਇਹ ਫੈਸਲਾ ਲੋਕ ਕਰਨਗੇ। ਪਰ ਦੂਜਿਆਂ 'ਤੇ ਝੂਠੇ ਇਲਜ਼ਾਮ ਲਾਉਣ ਵਾਲਾ ਕੇਜਰੀਵਾਲ ਕੋਰਟ ਵੱਲੋਂ ਮੁਜਰਮ ਬਣ ਚੁੱਕਿਆ ਹੈ ਅਤੇ ਹਰ ਵਾਰ ਕੋਰਟ ਨੂੰ ਜਵਾਬ ਦੇਣ ਤੋਂ ਭਜਦਾ ਰਿਹਾ ਹੈ।ਉਹਨਾਂ ਹਾਈ ਕੋਰਟ ਵੱਲੋਂ ਗਠਿਤ ਐੱਸ ਆਈ ਟੀ ਦੇ ਰਿਪੋਰਟ ਦੀ ਆਲੋਚਨਾ ਨੂੰ ਕੋਰਟ ਦੀ ਤੌਹੀਨ ਕਰਾਰ ਦਿੱਤਾ।
ਵਿਰੋਧੀਆਂ ਵੱਲੋਂ ਬਾਦਲ ਪਰਿਵਾਰ ਅਤੇ ਮਜੀਠੀਆ ਨੂੰ ਟਾਰਗੈਟ ਕਰਨ ਬਾਰੇ ਪੁੱਛੇ ਜਾਣ 'ਤੇ
ਸ: ਮਜੀਠੀਆ ਨੇ ਕਿਹਾ ਕਿ ਉਹਨਾਂ ਦੇ ਵਿਰੋਧੀਆਂ ਕੋਲ ਪੰਜਾਬ ਨੂੰ ਹੋਰ ਬਿਹਤਰ ਬਣਾਉਣ ਦਾ ਨਾ ਕੋਈ ਸਾਰਥਿਕ ਏਜੰਡਾ ਹੈ ਨਾ ਹੀ ਅਜਿਹੇ ਕਿਸੇ ਮਿਸ਼ਨ ਨੂੰ ਲੈ ਕੇ ਮੈਦਾਨ ਵਿੱਚ ਆਏ ਹਨ। ਉਹ ਸੋਚਦੇ ਹਨ ਕਿ ਖੋਖਲੇ ਦਾਅਵਿਆਂ, ਦੂਜਿਆਂ ਨੂੰ ਗਾਲ੍ਹਾਂ ਕੱਢ ਕੇ ਜਾਂ ਮਾੜਾ ਕਹਿ ਕੇ ਵੋਟ ਲੈਣਗੇ। ਪਰ ਲੋਕ ਬੇਵਕੂਫ਼ ਨਹੀਂ ਬਣਾਇਆ ਜਾ ਸਕਦਾ, ਲੋਕ ਕੰਮਾਂ ਦੇ ਆਧਾਰ 'ਤੇ ਸਿਆਸੀ ਆਗੂਆਂ ਤੇ ਪਾਰਟੀਆਂ ਦੀ ਪਰਖ ਕਰ ਦੇ ਹਨ , ਤੇ ਅਸੀਂ ਕੰਮ ਕਰ ਕੇ ਪੰਜਾਬ ਦਾ ਵਿਕਾਸ ਕੀਤਾ ਹੈ। ਸੋਸ਼ਲ ਵੈੱਲਫੇਅਰ ਲਈ ਆਟਾ ਦਾਲ, ਸ਼ਗਨ ਸਕੀਮਾਂ, ਸਿਹਤ ਬੀਮਾ ਯੋਜਨਾ ਅਤੇ ਗਰੀਬਾਂ ਨੂੰ ਫਰੀ ਬਿਜਲੀ ਆਦਿ ਵਰਗੀਆਂ ਸਕੀਮਾਂ ਚਲਾਈਆਂ ਹਨ। ਅੱਜ ਪੰਜਾਬ ਸੜਕੀ ਬੁਨਿਆਦੀ ਢਾਂਚੇ 'ਚ ਨੰਬਰ ਇੱਕ 'ਤੇ ਹੈ, ਬਿਜਲੀ ਸਰਪਲੱਸ ਹੀ ਨਹੀਂ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਬਣ ਚੁੱਕਿਆ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਸਰਕਾਰ ਬਣਨ ਦੇ ਸੰਕੇਤਾਂ ਸੰਬੰਧੀ ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਨੂੰ ਅਜਿਹਾ ਆਭਾਸ ਹੋਣਾ ਅਕਾਲੀ ਦਲ ਲਈ ਸਦਾ ਲਾਹੇਵੰਦ ਰਿਹਾ ਹੈ, ਕੈਪਟਨ ਨੂੰ 2007 ਅਤੇ 2012 ਦੌਰਾਨ ਵੀ ਅਜਿਹੇ ਸੰਕੇਤ ਮਿਲੇ ਸਨ ਪਰ ਹੋਇਆ ਉਸ ਦੇ ਉਲਟ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਬਣਦੀਆਂ ਰਹੀਆਂ , ਇਸ ਵਾਰ ਵੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਰੀਪੀਟ ਹੋਣੀ ਤਹਿ ਹੈ।
ਉਹਨਾਂ ਕਿਹਾ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕੈਪਟਨ 'ਤੇ ਨਾ ਕਦੀ ਵਿਸ਼ਵਾਸ ਕੀਤਾ ਤੇ ਨਾ ਹੀ ਅੱਜ ਉਸ 'ਤੇ ਭਰੋਸਾ ਹੈ, ਜਿਸ ਕਾਰਨ ਕੈਪਟਨ ਨੂੰ ਜਾਂ ਕਿਸੇ ਹੋਰ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਕਰਨ ਤੋਂ ਕੰਨੀ ਕਤਰਾ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦੇ 30 ਤੋਂ 35 ਆਗੂ ਬਾਗੀ ਹੋ ਕੇ ਖੜੇ ਹਨ। ਉਹਨਾਂ ਕਿਹਾ ਕਿ ਜੋ ਆਪਣਾ ਘਰ ਨਹੀਂ ਸੰਭਾਲ ਸਕਿਆ ਉਹ ਪੰਜਾਬ ਦਾ ਕੀ ਸਵਾਰ ਸਕਦੇ ਹਨ। ਉਹਨਾਂ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਲਈ ਤਕੜੀ ਨੂੰ ਅਤੇ ਲੋਕ ਸਭਾ ਲਈ ਕੰਵਲ ਦੇ ਫੁੱਲ ਨੂੰ ਵੋਟ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਸ: ਤਲਬੀਰ ਸਿੰਘ ਗਿੱਲ, ਦਲਿਤ ਆਗੂ ਸ਼ੀਤਲ ਸਿੰਘ ਚਾਚੋਵਾਲੀ, ਸਰਪੰਚ ਸਤਨਾਮ ਸਿੰਘ ਅਬਦਾਲ, ਬਾਬਾ ਰਾਮ ਸਿੰਘ ਅਬਦਾਲ, ਸਰਪੰਚ ਅਵਤਾਰ ਸਿੰਘ, ਚੈਂਚਲ ਸਿੰਘ, ਲਖਬੀਰ ਸਿੰਘ ਤਤਲਾ, ਗੁਰਦਿਆਲ ਸਿੰਘ ਹੁੰਦਲ, ਨੰਬਰਦਾਰ ਦਲਬੀਰ ਸਿੰਘ, ਲਖਬੀਰ ਸਿੰਘ ਸੇਠ, ਅਮੋਲਕ ਸਿੰਘ, ਜੋਗਿੰਦਰ ਸਿੰਘ, ਸੁਲੱਖਣ ਸਿੰਘ ਇੰਸਪੈਕਟਰ, ਸੁੱਚਾ ਸਿੰਘ, ਕੰਵਲਜੀਤ ਸਿੰਘ, ਬਖਸ਼ੀਸ਼ ਸਿੰਘ ਸਾਬਕਾ ਸਰਪੰਚ, ਬਾਵਾ ਸਿੰਘ, ਕੁਲਵਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਮੇਜ ਸਿੰਘ ਅਨੰਦ ਸਿੰਘ, ਹੀਰਾ ਸਿੰਘ ਫੌਜੀ, ਪ੍ਰਗਟ ਸਿੰਘ ਮੈਂਬਰ, ਬਲਕਾਰ ਸਿੰਘ ਮੈਂਬਰ, ਡਾ: ਬਲਕਾਰ ਸਿੰਘ ਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।