ਹਲਕਾ ਕਰਤਾਰਪੁਰ ਤੋਂ ਉਮੀਦਵਾਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਬੀਬੀ ਗੁਰਬਖਸ਼ ਕੌਰ ਸਾਦਿਕਪੁਰ
ਜਲੰਧਰ, 9 ਜਨਵਰੀ, 2017 : ਨਵ-ਜਮਹੂਰੀ ਇਨਕਲਾਬ ਦੇ ਮੁੱਦੇ ਨੂੰ ਪ੍ਰਚਾਰਨ ਅਤੇ ਮੌਜੂਦਾ ਲੁਟੇਰੇ ਪ੍ਰਬੰਧ ਨੂੰ ਮੁੱਢੋਂ-ਸੁੱਢੋਂ ਤਬਦੀਲ ਕਰਨ ਦੇ ਪ੍ਰੋਗਰਾਮ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਵਿੱਚ ਨਿੱਤਰੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਕਸ਼ਮੀਰ ਸਿੰਘ ਘੁੱਗਸ਼ੋਰ ਵੱਲੋਂ 12 ਜਨਵਰੀ ਨੂੰ ਰਿਟਰਨਿੰਗ ਅਫਸਰ ਪਾਸ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਜਾਣਗੇ ਅਤੇ ਇਸੇ ਤਰ੍ਹਾਂ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਬੀਬੀ ਗੁਰਬਖਸ਼ ਕੌਰ ਸਾਦਿਕਪੁਰ 16 ਜਨਵਰੀ ਨੂੰ ਰਿਟਰਨਿੰਗ ਅਫਸਰ ਸ਼ਾਹਕੋਟ ਵਿਖੇ ਨਾਮਜਦਗੀ ਪੱਤਰ ਭਰਨਗੇ।
ਪਾਰਟੀ ਦੇ ਸੀਨੀਅਰ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚੋਣਾਂ ਦੇ ਮਾਹੌਲ ਵਿੱਚ ਹਾਕਮ ਪਾਰਟੀਆਂ ਅਕਾਲੀ-ਭਾਜਪਾ ਗਠਜੋੜ, ਕਾਂਗਰਸ, ਆਮ ਆਦਮੀ ਪਾਰਟੀ, ਬਸਪਾ, ਸੀ.ਪੀ.ਆਈ, ਸੀ.ਪੀ.ਐਮ. ਆਦਿ ਅਸਲੀ ਮੁੱਦਿਆਂ ਦੀ ਥਾਂ ਇੱਕ-ਦੂਸਰੇ 'ਤੇ ਦੂਸ਼ਣਬਾਜੀ ਕਰਕੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਘੱਟੇ ਰੋਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਚੋਣਾਂ ਵਿੱਚ ਜਗੀਰਦਾਰਾਂ ਤੇ ਭੂਮੀਪਤੀਆਂ ਤੋਂ ਜ਼ਮੀਨ ਖੋਹ ਕੇ ਬੇਜ਼ਮੀਨੇ ਤੇ ਛੋਟੇ ਕਿਸਾਨਾਂ ਵਿੱਚ ਵੰਡਣ, ਵਿਦੇਸ਼ੀ ਅਤੇ ਦਲਾਲ ਸਰਮਾਇਆ ਜਬਤ ਕਰਕੇ ਦੇਸੀ ਸਨਅਤ ਨੂੰ ਵਿਕਸਤ ਕਰਨ, ਕਰਜ਼ਾ ਮੁਆਫੀ, ਘਰ ਤੇ ਰੁਜ਼ਗਾਰ, ਮੁਫ਼ਤ ਸਿੱਖਿਆ, ਔਰਤਾਂ ਲਈ ਬਰਾਬਰੀ, ਜਾਤ-ਪਾਤ ਖਤਮ ਕਰਨ, ਗੈਂਗਵਾਰ, ਨਸ਼ਿਆਂ 'ਤੇ ਰੋਕ ਵਰਗੇ ਹੋਰ ਸਾਰੇ ਮੁੱਦਿਆਂ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾ ਕੇ ਚੋਣਾਂ ਵਿੱਚ ਕੁੱਦੀ ਹੈ। ਇਹ ਮੁੱਦੇ ਸਰਕਾਰ ਬਦਲਣ ਨਾਲ ਨਹੀਂ ਸਗੋਂ ਇਸ ਲੁਟੇਰੇ ਪ੍ਰਬੰਧ ਨੂੰ ਮੁੱਢੋਂ-ਸੁੱਢੋਂ ਤਬਦੀਲ ਕਰਕੇ ਹੀ ਹੱਲ ਹੋਣੇ ਹਨ। ਪਿੰਡਾਂ ਅੰਦਰ ਪਾਰਟੀ ਵੱਲੋਂ ਚਲਾਈ ਜਾ ਰਹੀ ਚੋਣ-ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।