ਹੁਸ਼ਿਆਰਪੁਰ: ਜ਼ਿਲ੍ਹੇ ਦੇ 23 ਪਿੰਡਾਂ ’ਚ ਹੋਈ 100 ਫੀਸਦੀ ਵੈਕਸੀਨੇਸ਼ਨ : ਡੀ ਸੀ
- ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਹੁਣ ਤੱਕ 377790 ਲਾਭਪਾਤਰੀਆਂ ਦਾ ਹੋ ਚੁੱਕਾ ਹੈ ਟੀਕਾਕਰਨ
- ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ’ਚ ਸਿਵਲ ਤੇ ਪੁਲਿਸ ਅਧਿਕਾਰੀਆਂ ਵਲੋਂ ਪਿੰਡਾਂ ’ਚ ਲੋਕਾਂ ਨੂੰ ਕੋਵਿਡ ਬਚਾਅ ਸਬੰਧੀ ਕੀਤਾ ਜਾ ਰਿਹੈ ਜਾਗਰੂਕ
ਹੁਸ਼ਿਆਰਪੁਰ, 2 ਜੂਨ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਵਿੱਚ 100 ਫੀਸਦੀ ਟੀਕਾਕਰਨ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ ਗਏ ਕੋਰੋਨਾ ਮੁਕਤ ਪਿੰਡ ਅਭਿਆਨ ਤਹਿਤ ਹੁਣ ਤੱਕ ਜ਼ਿਲ੍ਹੇ ਦੇ 23 ਪਿੰਡਾਂ ਵਿੱਚ 100 ਫੀਸਦੀ ਟੀਕਾਕਰਨ ਯਕੀਨੀ ਬਣਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਅਤੇ ਟੈਸਟਿੰਗ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਇਸ ਅਭਿਆਨ ਨੂੰ ਸਫ਼ਲ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 1294 ਲਾਭਪਾਤਰੀਆਂ ਸਮੇਤ ਹੁਣ ਤੱਕ ਕੁਲ 377790 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ 100 ਫੀਸਦੀ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਾ ਹੈ, ਉਨ੍ਹਾਂ ਵਿੱਚ ਸੀ.ਐਚ.ਸੀ. ਹਾਜੀਪੁਰ ਦੇ ਚੱਕੜਿਆਲ, ਨੱਥੂਵਾਲ, ਗਵਾਲਚੱਕ, ਪਰਾਲੀਆਂ, ਰੌਲੀ, ਸ਼ੇਖਾਂ ਮਤਾ, ਸੀ.ਐਚ.ਸੀ. ਭੋਲਕਲੋਤਾ ਦੇ ਪਿੰਡ ਰਾਮਗੜ੍ਹ ਅਤੇ ਸਦਾਨੀ, ਸੀ.ਐਚ.ਸੀ. ਕਮਾਹੀ ਦੇਵੀ ਦੇ ਬੇਅਟਾ, ਬਲਾਕ ਹਾਰਟਾ ਬੱਡਲਾ ਦੇ ਪਿੰਡ ਨਵਾਂ ਜੱਟਪੁਰ, ਠਰੋਲੀ, ਰਾਮ ਕਲੋਨੀ ਕੈਂਪ, ਪੂੰਗਾ, ਪੂੰਜ, ਸੀ.ਐਚ.ਸੀ. ਭੂੰਗਾ ਦੇ ਪਿੰਡ ਦਿਉਲਵਾਲ, ਬਲਾਕ ਪੋਸੀ ਦੇ ਪਿੰਡ ਨਾਜਰਪੁਰ ਅਤੇ ਰਾਵਲਪਿੰਡੀ, ਬਲਾਕ ਪਾਲਦੀ ਦੇ ਪਿੰਡ ਬੱਡੋਵਾਲ, ਬਲਾਕ ਮੰਡ ਭੰਡੇਰ ਦੇ ਪਿੰਡ ਸਫਦਰਪੁਰ, ਮਖੋਵਾਲ, ਬਲਾਕ ਚੱਕੋਵਾਲ ਦੇ ਪਿੰਡ ਮੁਗਲਪੁਰਾ, ਚਾਂਦਪੁਰ ਸਰਹਾਲਾ ਸ਼ਾਮਲ ਹਨ।
ਅਪਨੀਤ ਰਿਆਤ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਦੇਖਰੇਖ ਵਿੱਚ ਕੋਵਿਡ ਟੀਕਾਕਰਨ, ਟੈਸਟਿੰਗ ਅਤੇ ਜਾਗਰੂਕਤਾ ਅਭਿਆਨ ਦੀ ਲੜੀਵਾਰ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜਨਾਂ ਨਾਲ ਸਬੰਧਤ ਐਸ.ਡੀ.ਐਮਜ. ਦੀ ਨਿਗਰਾਨੀ ਵਿੱਚ ਇਸ ਅਭਿਆਨ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵਲੋਂ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਵੀ ਵਾਇਰਸ ਦੀ ਰੋਕਥਾਮ ਲਈ ਅਹਿਮ ਯਤਨ ਕੀਤੇ ਗਏ ਹਨ ਅਤੇ ਹੁਣ ਦੁਬਾਰਾ ਪੰਚਾਇਤਾਂ ਕੋਰੋਨਾ ਮੁਕਤ ਪਿੰਡ ਅਭਿਆਨ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਅੱਗੇ ਆਉਣ ਤਾਂ ਜੋ ਪੇਂਡੂ ਖੇਤਰਾਂ ਵਿੱਚ ਇਸ ਵਾਇਰਸ ਦਾ ਖਾਤਮਾ ਕੀਤਾ ਜਾ ਸਕੇ।