ਜ਼ਿਲ੍ਹੇ ਵਿੱਚ ਯੋਗ ਵਿਅਕਤੀਆਂ ਦਾ ਕੋਵਿਡ ਟੀਕਾਕਰਨ ਜਾਰੀ - ਸਿਵਲ ਸਰਜਨ ਫਿਰੋਜ਼ਪੁਰ
ਗੌਰਵ ਮਾਣਿਕ
- ਜ਼ਿਲ੍ਹੇ ਅੰਦਰ ਕੁੱਲ 11 ਟੀਕਾਕਰਨ ਕੇਂਦਰ ਇਸ ਵੇਲੇ ਕੰਮ ਕਰ ਰਹੇ ਹਨ - ਡਾ: ਮੀਨਾਕਸ਼ੀ ਅਬਰੋਲ
ਫਿਰੋਜ਼ਪੁਰ 2 ਜੂਨ 2021--- ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਵਿਡ ਵੈਕਸੀਨੇਸ਼ਨ ਮੁਹਿੰਮ ਜ਼ਿਲੇ ਵਿੱਚ ਲਗਾਤਾਰ ਜਾਰੀ ਹੈ। ਇਸ ਟੀਕਾਕਰਨ ਡਰਾਈਵ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਕੀਤਾ। ਉਹਨਾਂ ਮੁਹਿੰਮ ਬਾਰੇ ਵਿਸਤਿ੍ਰਤ ਜਾਣਕਾਰੀ ਦਿੰਦਆਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਕੋਵਿਡ ਵੈਕਸੀਨੇਸ਼ਨ ਕੇਂਦਰਾਂ ਨੁੰ ਸਿਹਤ ਸੰਸਥਾਵਾਂ ਵਿੱਚੋਂ ਤਬਦੀਲ ਕਰਕੇ ਵਿਦਿਅਕ ਜਾਂ ਹੋਰ ਸੰਸਥਾਵਾਂ ਵਿਖੇ ਲਿਜਾਇਆ ਗਿਆ ਹੈ ਤਾਂ ਕਿ ਟੀਕਾਕਰਨ ਕਰਵਾਉਣ ਲਈ ਆਉਣ ਵਾਲੇ ਵਿਅਕਤੀਆਂ ਨੂੰ ਖੁੱਲੀ ਜਗਾ ਉਪਲੱਬਧ ਕਰਵਾਈ ਜਾ ਸਕੇ ਅਤੇ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਇਸ ਮੰਤਵ ਲਈ ਜ਼ਿਲੇ ਅੰਦਰ ਕੁੱਲ 11 ਟੀਕਾਕਰਨ ਕੇਂਦਰ ਇਸ ਵੇਲੇ ਕੰਮ ਕਰ ਰਹੇ ਹਨ ਜਿਹਨਾਂ ਵਿੱਚ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਦਾ ਹੋਸਟਲ ਬਲਾਕ, ਫਿਰੋਜ਼ਪੁਰ ਸ਼ਹਿਰ ਦਾ ਪਰਮਾਰਥ ਭਵਨ, ਮਾਲਵਾ ਖਾਲਸਾ ਸਕੂਲ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਕੈਂਟ ਦਾ ਸਕਿਲ ਡਿਵੈਲਪਮੈਂਟ ਸੈਂਟਰ, ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਜੀਰਾ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮਮਦੋਟ, ਗੌਰਮਿੰਟ ਸੀਨੀਅਰ ਸਕੂਲ ਮਖੂ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਗੁਰੂਹਰਸਹਾਏ, ਗੌਰਮਿੰਟ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ,ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਅਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਸ਼ਾਮਿਲ ਹਨ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲੇ ਅੰਦਰ ਲਗਾਏ ਜਾ ਰਹੇ ਇਹਨਾਂ ਪੱਕੇ ਟੀਕਾਕਰਨ ਕੇਂਦਰਾਂ ਤੋ ਇਲਾਵਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੀ ਸਮੇ ਸਮੇ ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਅਤੇ ਕੱਲ ਓਲਡ ਏਜ਼ ਹੋਮ ਰਾਮ ਬਾਗ ਆਸ਼ਰਮ ਫਿਰੋਜ਼ਪੁਰ ਕੈਂਟ ਵਿਖੇ ਅਤੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸੰਤ ਨਿਰੰਕਾਰੀ ਸਤਸੰਗ ਭਵਨ ਫਿਰੋਜ਼ਪੁਰ ਸ਼ਹਿਰ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਯੋਗ ਵਿਅਕਤੀ ਕੋਵਿਡ ਟੀਕਾਕਰਨ ਲਈ ਅੱਗੇ ਆਉਣ ਅਤੇ ਕੋਵਿਡ ਪ੍ਰੋਟੋਕਾਲ ਦਾ ਪਾਲਣਾ ਯਕੀਨੀ ਬਣਾਉਣ ਜਿਸ ਵਿੱਚ ਸਮਾਜਿਕ ਦੂਰੀ ਕਇਮ ਰੱਖੀ ਜਾਵੇ, ਸਹੀ ਤਰੀਕੇ ਨਾਲ ਮਾਸਕ ਪਾਇਆ ਜਾਵੇ ਅਤੇ ਹੱਥਾਂ ਨੂੰ ਸਮੇ ਸਮੇ ਤੇ ਸਾਬਣ ਪਾਣੀ ਨਾਲ ਸਾਫ ਰੱਖਿਆ ਜਾਵੇ।ਉਹਨਾਂ ਆਪਣੀ ਅਪੀਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਕੋਵਿਡ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਸ਼ੁਰੂਆਤ ਵਿੱਚ ਹੀ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਇਹ ਟੈਸਟ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਉਪਲੱਬਧ ਹਨ।ਅਜਿਹਾ ਕਰਕੇ ਅਸੀਂ ਕਰੋਨਾ ਦੀ ਲੜੀ ਨੂੰ ਤੋੜ ਸਕਦੇ ਹਾਂ।