ਅਸ਼ੋਕ ਵਰਮਾ
ਮਾਨਸਾ,6ਫਰਵਰੀ2021: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਭੈਣੀ ਬਾਘਾ ਵਿਖੇ ਬਠਿੰਡਾ ਸੁਨਾਮ ਸੜਕ ਤੇ ਧਰਨਾ ਦੇ ਕੇ ਤਿੰਨ ਘੰਟੇ ਆਵਾਜਾਈ ਠੱਪ ਕੀਤੀ ਜਿਸ ’ਚ ਹਜਾਰਾਂ ਕਿਸਾਨ ਮਜਦੂਰ ਅਤੇ ਔਰਤਾਂ ਸ਼ਾਮਲ ਹੋਈਆਂ। ਜੱਥੇਬੰਦੀ ਦੇ ਜਿਲ੍ਹਾ ਪਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਖਾਤਰ ਕਿਸਾਨਾਂ ਦੀਆਂ ਜਮੀਨਾਂ ਦਾਅ ਤੇ ਲਾ ਦਿੱਤੀਆਂ ਹਨ ਜਦੋਂਕਿ ਮੋਦੀ ਸਰਕਾਰ ਗੱਲਬਾਤ ਦਾ ਢਕਵੰਜ ਰਚਕੇ ਕਿਸਾਨਾਂ ਦੇ ਜਖਮਾਂ ਤੇ ਲੂਣ ਭੁੱਕ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਮਾਰੂ ਕਾਨੂੰਨ ਪੂਰੇ ਸਮਾਜ ਲਈ ਖ਼ਤਰਨਾਕ ਹਨ।
ਉਹਨਾਂ ਕਿਹਾ ਕਿ ਜੇਕਰ ਇਹ ਕਾਨੂੰਨ ਅਮਲ ’ਚ ਆ ਗਏ ਤਾਂ ਵਪਾਰ ਖਤਮ ਹੋ ਜਾਏਗਾ,ਮਹਿੰਗਾਈ ਵਧੇਗੀ ਅਤੇ ਮਜਦੂਰਾਂ ਤੇ ਕਿਰਤੀਆਂ ਦੀ ਜਿੰਦਗੀ ਦੁੱਭਰ ਹੋ ਜਾਂਏਗੀ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੋਹ ਤਿਆਗੇ ਅਤੇ ਖੇਤੀ ਕਾਨੂੰਨ ਵਾਪਿਸ ਲਵੇ ਨਹੀਂ ਤਾਂ ਸੰਘਰਸ਼ ਭਖਾਇਆ ਜਾਏਗਾ। ਇਸ ਮੌਕੇ ਜਗਦੇਵ ਸਿੰਘ ਭੈਣੀ ਬਾਘਾ , ਸਾਧੂ ਸਿੰਘ ਅਲੀਸੇਰ, ਭੋਲਾ ਮਾਖਾ, ਹਰਿੰਦਰ ਸਿੰਘ .ਅਤੇ ਗੁਰਦੀਪ ਸਿੰਘ ਭੈਣੀ ਬਾਘਾ ਆਦਿ ਹਾਜਰ ਸਨ।