ਅਸ਼ੋਕ ਵਰਮਾ
ਬਠਿੰਡਾ,7ਫਰਵਰੀ2021:ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮਜ਼ਦੂਰ ਕਾਰਕੁੰਨ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਵੱਲੋਂ ਝੂਠੇ ਕੇਸਾਂ ਤਹਿਤ ਗਿ੍ਰਫ਼ਤਾਰ ਕਰਨ ਅਤੇ ਹਿਰਾਸਤ ਵਿਚ ਉਸ ਉੱਪਰ ਜਿਨਸੀ ਤਸ਼ੱਦਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਸ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈਸ ਸਕੱਤਰ ਬੂਟਾ ਸਿੰਘ ਨੇ ਹਰਿਆਣਾ ਪੁਲਿਸ ਦੀ ਇਹ ਕਾਰਵਾਈ ਨਾਗਰਿਕਾਂ ਦੇ ਆਪਣੇ ਹੱਕਾਂ ਤੇ ਹਿੱਤਾਂ ਲਈ ਜਥੇਬੰਦ ਹੋਣ ਅਤੇ ਪੁਰਅਮਨ ਤਰੀਕੇ ਨਾਲ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੇ ਹਮਲਾ ਹੈ।
ਉਹਨਾਂ ਕਿਹਾ ਕਿ ਨੌਦੀਪ ਕੌਰ ਮਜ਼ਦੂਰ ਹੱਕਾਂ ਲਈ ਜੂਝਣ ਵਾਲੀ ਵੀਰਾਂਗਣਾ ਹੈ, ਜਿਸ ਨੇ ਦਿੱਲੀ ’ਚ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ’ਚ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਸਮਾਜਿਕ ਸਰੋਕਾਰਾਂ ਨਾਲ ਡੂੰਘੀ ਵਚਨਬੱਧਤਾ ਦਿਖਾਈ ਹੈ। ਉਹਨਾਂ ਕਿਹਾ ਕਿ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਅਤੇ ਜਿਨਸੀ ਹਮਲੇ ਰਾਹੀਂ ਜਿਨਸੀ ਤਸ਼ੱਦਦ ਨੂੰ ਮਿਸਾਲ ਬਣਾ ਕੇ ਹਰਿਆਣਾ ਸਰਕਾਰ ਕਿਰਤੀ ਲੋਕਾਂ ਨੂੰ ਦਹਿਸ਼ਤਜ਼ਦਾ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇੱਕ ਔਰਤ ਕਾਰਕੁੰਨ ਦੀ ਪੂਰੀ ਤਰਾਂ ਝੂਠੇ ਕੇਸਾਂ ਤਹਿਤ ਗਿ੍ਰਫ਼ਤਾਰੀ ਦੱਸਦੀ ਹੈ ਕਿ ਪੁਰਅਮਨ ਸੰਘਰਸ਼ਾਂ ਤੋਂ ਬੌਖਲਾਈ ਸੱਤਾ ਲੋਕਾਂ ਨੂੰ ਦਬਾਉਣ ਲਈ ਕਿੰਨੀ ਹਿੰਸਕ ਹੋ ਚੁੱਕੀ ਹੈ।
ਕਾਨੂੰਨ ਦਾ ਰਾਜ ਲਾਗੂ ਕਰਨ ਲਈ ਬਣਾਈ ਪੁਲਿਸ ਦਾ ਐਨਾ ਘਿਣਾਉਣਾ ਰਾਜਨੀਤੀਕਰਨ ਹੋ ਚੁੱਕਾ ਹੈ ਕਿ ਸੱਤਾ ਦੇ ਹੱਥਠੋਕੇ ਪੁਲਿਸ ਅਧਿਕਾਰੀ ਮੁੱਢਲੇ ਨਾਗਰਿਕ ਹੱਕਾਂ ਨੂੰ ਕੁਚਲਣ ਦਾ ਸੰਦ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਖ਼ਤਰਾ ਬਣੇ ਹੋਏ ਹਨ। ਉਹਨਾਂ ਸਮੂਹ ਇਨਸਾਫ਼ਪਸੰਦ, ਜਮਹੂਰੀ ਤਾਕਤਾਂ ਨੂੰ ਮਜ਼ਦੂਰ ਹੱਕ-ਜਤਾਈ ’ਤੇ ਇਸ ਹਮਲੇ ਦਾ ਇਕਜੁੱਟ ਹੋ ਕੇ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਜਾਨ-ਹੂਲਵੇਂ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਹੱਕਾਂ ’ਤ ਸੱਤਾ ਦੇ ਖ਼ੂਨੀ ਹਮਲੇ ਨੂੰ ਰੋਕਿਆ ਜਾ ਸਕੇ। ਉਹਨਾਂ ਨੌਦੀਪ ਕੌਰ ਖਿਲਾਫ ਦਰਜ ਸਾਰੇ ਝੂਠੇ ਕੇਸ ਤੁਰੰਤ ਰੱਦ ਅਤੇ ਲਾਕਾਨੂੰਨੀਆਂ ਕਰਨ ਵਾਲੇ ਅਧਿਕਾਰੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ।