- ਸਮਾਗਮ ਨੇ ਕੀਤਾ ਭਾਜਪਾ, ਆਰ.ਐਸ.ਐਸ. ਦੇ ਸਮਾਜਿਕ ਬਾਈਕਾਟ ਦਾ ਐਲਾਨ ਤੇ ਭਾਜਪਾ, ਆਰ.ਐਸ.ਐਸ. ਦੇ ਸਮਾਜਿਕ ਬਾਈਕਾਟ ਲਈ ਸ੍ਰੀ ਅਕਾਲ ਤਖਤ ਸਾਹਿਬ ਤੋ ਹੁਕਮਨਾਮਾ ਜਾਰੀ ਕਰਨ ਦੀ ਕੀਤੀ ਮੰਗ
- ਭਾਈ ਨਵਰੀਤ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ
ਤਰਨ ਤਾਰਨ, 4 ਫਰਵਰੀ 2021 - ਅੱਜ ਤਰਨ ਤਾਰਨ ਵਿਖੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਭਾਈ ਨਵਰੀਤ ਸਿੰਘ ਨੂੰ ਸ਼ਰਧਾਜਲੀਆਂ ਦੇਣ ਲਈ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਭਾਈ ਨਵਰੀਤ ਸਿੰਘ ਦੇ ਕਤਲ ਦੀ ਨਿਰਪੱਖ ਅਦਾਲਤੀ ਪੜਤਾਲ ਕਰਵਾਈ ਜਾਵੇ ਕਿਉਂਕਿ ਭਾਈ ਨਵਰੀਤ ਸਿੰਘ ਦਿੱਲੀ ਪੁਲਿਸ ਦੀ ਗੋਲਾਬਾਈ ਕਾਰਨ ਸ਼ਹੀਦ ਹੋਇਆ ਹੈ ਅਤੇ ਇਸ ਕਤਲ ਲਈ ਭਾਜਪਾ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਸਮਾਗਮ ਦੌਰਾਨ ਪਾਸ ਕੀਤੇ ਮਤਿਆ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 5 ਸੂਬਿਆਂ ਵਿੱਚ ਪੱਤਰਕਾਰਾਂ ਉਪਰ ਜੋ ਦੇਸ਼ਧਰੋਹ ਦੇ ਪਰਚੇ ਦਰਜ ਕੀਤੇ ਹਨ ਉਹ ਤੁਰੰਤ ਰੱਦ ਕੀਤੇ ਜਾਣ।
ਸਮਾਗਮ ਸਮਝਦਾ ਹੈ ਕਿ ਮੋਦੀ ਸਰਕਾਰ ਨੇ ਪੱਤਰਕਾਰਾਂ ਉਪਰ ਪਰਚੇ ਇਸ ਕਰਕੇ ਦਰਜ ਕੀਤੇ ਹਨ ਕਿਉਂਕਿ ਉਹਨਾਂ ਦਿੱਲੀ ਪੁਲਿਸ ਵੱਲੋਂ ਭਾਈ ਨਵਰੀਤ ਸਿੰਘ ਉਪਰ ਚਲਾਈਆਂ ਗੋਲੀਆਂ ਦਾ ਭੇਦ ਖੋਲਿਆ ਹੈ ਅਤੇ ਇਸੇ ਕਰਕੇ ਮੋਦੀ ਸਰਕਾਰ ਸੱਚ ਤੇ ਪਰਦਾ ਨਹੀਂ ਪਾ ਸਕਦੀ। ਸਮਾਗਮ ਵਿੱਚ ਪਾਸ ਹੋਏ ਮਤੇ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਤਿਰੰਗੇ ਦੀ ਬੇਅਦਬੀ ਦਾ ਛੜਯੰਤਰ ਰਚ ਕੇ ਕਿਸਾਨਾਂ, ਗਰੀਬਾਂ ਅਤੇ ਸਿੱਖਾਂ ਦੀ ਕੁਲ ਨਾਸ਼ ਕਰਨਾ ਚਾਹੁੰਦੀ ਹੈ ਅਤੇ ਇਸੇ ਕਰਕੇ ਉਹ ਲਾਲ ਕਿਲ੍ਹੇ ਤੇ ਚੜਾਏ ਕੇਸਰੀ ਨਿਸ਼ਾਨ ਸਾਹਿਬ ਨੂੰ ਤਿਰੰਗੇ ਦੀ ਬੇਅਦਬੀ ਦੱਸ ਰਹੀ ਹੈ। ਸਮਾਗਮ ਨੇ ਕਿਹਾ ਹੈ ਕਿ ਮੰਨੂਵਾਦੀਏ ਕੇਸਰੀ ਨਿਸ਼ਾਨ ਸਾਹਿਬ ਅਤੇ ਸਿੱਖੀ ਨਾਲ ਸਿੱਖੀ ਦੇ ਜਨਮ ਤੋਂ ਹੀ ਵੈਰ ਕਮਾਉਂਦੇ ਆਏ ਹਨ ਕਿਉਂਕਿ ਸਿੱਖੀ ਦੀ ਮਨੁੱਖੀ ਬਰਾਬਰਤਾ, ਜੁਲਮ ਦਾ ਵਿਰੋਧ, ਸਰਬਤ ਦਾ ਭਲਾ, ਦਬਿਆ ਕੁਚਲਿਆ ਦਾ ਸਾਥ ਤੇ ਗਰੀਬ ਦੀ ਬਾਂਹ ਫੜਨ ਦੀ ਸੇਧ ਇਹਨਾਂ ਨੂੰ ਹਜ਼ਮ ਨਹੀਂ ਹੋ ਰਹੀ।
ਸਮਾਗਮ ਵਿੱਚ ਪਾਸ ਮਤਅਿਾ ਵਿੱਚ ਕਿਹਾ ਗਿਆ ਹੈ ਕਿ ਯੂ.ਏ.ਪੀ.ਏ. ਕਾਨੂੰਨ ਪਾਸ ਕਰਨ ਸਮੇਂ ਭਾਜਪਾ ਦੇ ਹੱਕ ਵਿੱਚ ਕਾਂਗਰਸ ਅਤੇ ਬਾਦਲਕਿਆ ਨੇ ਵੋਟਾਂ ਪਾਈਆ ਅਤੇ ਹੁਣ ਇਹ ਯੂ.ਏ.ਪੀ.ਏ. ਕਾਨੂੰਨ ਕਿਸਾਨਾਂ, ਗਰੀਬਾਂ ਅਤੇ ਸਿੱਖਾਂ ਉਪਰ ਲਾਗੂ ਹੋ ਰਿਹਾ ਹੈ। ਕਾਂਗਰਸ ਅਤੇ ਬਾਦਲਕੇ ਮਗਰਮੱਛ ਦੇ ਹੰਝੂ ਵਹਾ ਕੇ ਇਸ ਕਾਨੂੰਨ ਦਾ ਵਿਰੋਧ ਕਰਨ ਦਾ ਢੌਂਗ ਰਚ ਰਹੇ ਹਨ। ਸਮਾਗਮ ਨੇ ਮੰਗ ਕੀਤੀ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਯੂ.ਏ.ਪੀ.ਏ. ਕਾਨੂੰਨ ਰੱਦ ਕੀਤਾ ਜਾਵੇ। ਸਮਾਗਮ ਨੇ ਪਾਸ ਮਤੇ ਵਿੱਚ ਜਿੱਥੇ ਭਾਜਪਾ ਆਰ.ਐਸ.ਐਸ. ਦੇ ਸਮਾਜਿਕ ਬਾਈਕਾਟ ਦੀ ਲੋਕਾਂ ਨੂੰ ਅਪੀਲ ਕੀਤੀ ਉਥੇ ਭਾਜਪਾ ਅਤੇ ਆਰ.ਐਸ.ਐਸ. ਦੇ ਸਮਾਜਿਕ ਬਾਈਕਾਟ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨ ਦੀ ਮੰਗ ਕੀਤੀ।
ਪਾਸ ਮਤੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਕਿਸਾਨ ਮੋਰਚੇ ਦੇ ਭਾਜਪਾ ਸਰਕਾਰ ਦੀ ਗੋਲੀ ਨਾਲ ਹੋਣ ਵਾਲੇ ਪਹਿਲੇ ਸ਼ਹੀਦ ਭਾਈ ਨਵਰੀਤ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ। ਸਮਾਗਮ ਨੂੰ ਭਾਈ ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ ਅਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲਿਆਂ ਖਿਲਾਫ ਸਰਕਾਰ ਲੱਖਾਂ ਰੁਪਏ ਦੇ ਇਨਾਮ ਐਲਾਨ ਰਹੀ ਹੈ ਪਰ ਸ੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜਣ ਵਾਲਿਆ, ਝੂਠੇ ਮੁਕਾਬਲੇ ਬਣਾਉਣ ਵਾਲਿਆਂ ਅਤੇ ਮਾਇਆ ਦੀ ਲੁੱਟ ਕਰਨ ਵਾਲਿਆ ਵਿਜੈ ਮਾਲੀਆ, ਨੀਰਵ ਮੋਦੀ ਵਰਗਿਆ ਖਿਲਾਫ ਕਦੀ ਇਨਾਮ ਨਹੀਂ ਰੱਖੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆ ਭਾਈ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਕਿਸਾਨ ਇਨਸਾਨੀਅਤ ਦਾ ਰੋਲ ਮਾਡਲ ਹੈ। ਜੇ ਕਿਸਾਨ ਖਤਮ ਹੋ ਗਿਆ ਤਾਂ ਸਭ ਖਤਮ ਹੋ ਜਾਵੇਗਾ।
ਸਮਾਗਮ ਨੂੰ ਹਰਦਿਆਲ ਸਿੰਘ ਅਤੇ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਈ ਨਵਰੀਤ ਸਿੰਘ ਦੇ ਦਾਦਾ ਜੀ ਭਾਈ ਹਰਦੀਪ ਸਿੰਘ ਨੇ ਸਿੱਖ ਪੰਥ ਲਈ ਬੜੀ ਘਾਲਣਾ ਘਾਲੀ ਹੈ। ਉਹ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਸਨ। ਸਮਾਗਮ ਨੂੰ ਸੰਬੋਧਨ ਕਰਦਿਆ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਮੋਦੀ ਸਰਕਾਰ ਜਿੰਨੇ ਮਰਜੀ ਪਾਪੜ ਵੇਲ ਲਵੇ ਭਾਵੇ ਕਿਸਾਨ ਮੋਰਚੇ ਨੂੰ ਖਾਲਸਤਾਨੀ ਦੱਸ ਲਵੇ ਭਾਵੇ ਅੱਤਵਾਦੀ ਦੱਸ ਲਵੇ ਕਿਸਾਨ ਮੋਰਚਾ ਅਵੱਛ ਕਾਮਯਾਬ ਹੋਵੇਗਾ ਅਤੇ ਮੋਦੀ ਸਰਕਾਰ ਦੀ ਹਾਰ ਹੋਵੇਗੀ।
ਉਹਨਾਂ ਕਿਹਾ ਕਿ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਬੁਲਾਰਿਆ ਨੇ ਭਾਈ ਨਵਰੀਤ ਸਿੰਘ ਦੇ ਕਤਲ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਭਾਈ ਨਵਰੀਤ ਸਿੰਘ ਸਬੰਧੀ ਸਨਮਾਨ ਭਾਈ ਗੁਰਬਚਨ ਸਿੰਘ ਨੂੰ ਸੌਪਿਆ ਗਿਆ ਤਾਂ ਕਿ ਉਹ ਇਹ ਸਨਮਾਨ ਭਾਈ ਨਵਰੀਤ ਸਿੰਘ ਦੇ ਪਰਿਵਾਰ ਤੱਕ ਪਹੁੰਚਾ ਸਕਣ। ਇਸ ਮੌਕੇ ਤੇ ਹਾਜ਼ਰੀ ਭਰਨ ਵਾਲਿਆਂ ਵਿੱਚ ਹਰਮਨਦੀਪ ਸਿੰਘ, ਸਤਵਿੰਦਰ ਸਿੰਘ ਪਲਾਸੌਰ, ਸੁਰਿੰਦਰ ਸਿੰਘ, ਗੁਰਿੰਦਰ ਸਿੰਘ, ਗੋਪਾਲ ਸਿੰਘ ਖਾਲੜਾ, ਬਲਕਾਰ ਸਿੰਘ ਟਾਂਡਾ, ਜਗਿੰਦਰ ਸਿੰਘ, ਨਿਰਮਲ ਸਿੰਘ ਸਰਹਾਲੀ, ਬਲਜੀਤ ਸਿੰਘ ਸੁਰ ਸਿੰਘ, ਗੁਰਜੀਤ ਸਿੰਘ ਤਰਸਿੱਕਾ, ਬਲਜੀਤ ਸਿੰਘ ਭੰਡਾਲ, ਗੁਰਭੇਜ ਸਿੰਘ ਪਲਾਸੌਰ, ਬਲਵਿੰਦਰ ਸਿੰਘ ਸੰਧਾ, ਪਰਵੀਨ ਕੁਮਾਰ, ਸਿਮਰਨਜੀਤ ਸਿੰਘ ਤਰਸਿੱਕਾ, ਬੋਬੀ ਕੁਮਾਰ, ਸੁਖਵਿੰਦਰ ਸਿੰਘ ਤਰਨ ਤਾਰਨ, ਕਾਬਲ ਸਿੰਘ ਜੋਧਪੁਰ, ਸੰਤੋਖ ਸਿੰਘ ਕੰਡਿਆਲਾ, ਲਖਵਿੰਦਰ ਸਿੰਘ, ਸਿਮਰਜੀਤ ਕੌਰ ਢੋਟੀਆ ਆਦਿ ਨੇ ਹਾਜ਼ਰੀ ਭਰੀ।