ਅਸ਼ੋਕ ਵਰਮਾ
ਚੰਡੀਗੜ੍ਹ, 6 ਫਰਵਰੀ 2021 - ਜਮਹੂਰੀ ਕਿਸਾਨ ਸਭਾ ਪੰਜਾਬ ਨੇ ‘ਸੰਯੁਕਤ ਕਿਸਾਨ ਮੋਰਚਾ‘ ਵੱਲੋਂ ਦਿੱਤੇ ਗਏ ਅੱਜ ਦੇ ਚੱਕਾ ਜਾਮ ਐਕਸ਼ਨ ਦੀ ਲਾਮਿਸਾਲ ਸਫਲਤਾ ‘ਤੇ ਡੂੰਘੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਸ ਸੱਦੇ ਨੂੰ ਸਫਲ ਬਨਾਉਣ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ। ਇੱਕ ਸਾਂਝੇ ਬਿਆਨ ਰਾਹੀਂ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ, ਫਾਸ਼ੀਵਾਦੀ ਮੋਦੀ ਸਰਕਾਰ ਦੇ ਜਾਬਰ ਕਦਮਾਂ, ਨਖਿੱਧ ਭੰਡੀ ਪ੍ਰਚਾਰ ਅਤੇ ਅਤਿ ਨੀਵੇਂ ਦਰਜੇ ਦੀਆਂ ਵੱਖਵਾਦੀ ਸਾਜ਼ਿਸ਼ਾਂ ਦਾ ਚੱਕਾ ਜਾਮ ਦੀ ਕਾਮਯਾਬੀ ਰਾਹੀਂ ਲੋਕਾਈ ਨੇ ਢੁੱਕਵਾਂ ਜਵਾਬ ਦਿੱਤਾ ਹੈ ਅਤੇ ਕੇਂਦਰੀ ਮੰਤਰੀਆਂ ਵੱਲੋਂ ਸੰਸਦ ’ਚ ਬੋਲੇ ਨਿਰਲੱਜ ਝੂਠਾਂ ਦੀ ਫੂਕ ਕੱਢ ਦਿੱਤੀ ਹੈ।
ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੀ ਸਾਂਝੀ ਲੀਡਰਸ਼ਿਪ ਵੱਲੋਂ 26 ਜਨਵਰੀ ਨੂੰ ਗਿ੍ਰਫ਼ਤਾਰ ਕੀਤੇ ਬੇਕਸੂਰ ਕਾਰਕੁੰਨ ਰਿਹਾ ਕੀਤੇ ਜਾਣ, ਕਿਸਾਨ ਮੋਰਚਿਆਂ ਦੇ ਦੁਆਲੇ ਉਸਾਰੇ ਜਾ ਬੈਰੀਕੇਡਜ਼ ਤੋੜੇ ਜਾਣ, ਕਿਸਾਨ ਆਗੂਆਂ, ਹਮਦਰਦਾਂ ਅਤੇ ਸਮਰਥਕਾਂ ਖਿਲਾਫ਼ ਦਰਜ ਕੀਤੇ ਜਾ ਰਹੇ ਪਰਚੇ ਰੱਦ ਕੀਤੇ ਜਾਣ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਆਗੂਆਂ ਨੇ ਲੋਕਾਈ ਨੂੰ ਅਪੀਲ ਕੀਤੀ ਕਿ ਸੰਯੁਕਤ ਕਿਸਾਨ ਮੋਰਚਾ ਦੇ ਐਕਸ਼ਨਾਂ ਦਾ ਭਵਿੱਖ ਵਿੱਚ ਵੀ ਡਟਵੀਂ ਸਮਰਥਨ ਜਾਰੀ ਰੱਖਿਆ ਜਾਵੇ।