ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2021 - ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਦੇ ਹਲਕੇ ਲੰਬੀ ’ਚ ਖੇਤੀ ਕਾਨੂੰਨਾਂ, ਦਲਿਤਾਂ ‘ਤੇ ਜਬਰ ਅਤੇ ਕਿਸਾਨਾਂ ’ਤੇ ਕੀਤੇ ਜਾ ਰਹੇ ਫਿਰਕੂ ਫਾਸ਼ੀ ਹਮਲਿਆਂ ਖਿਲਾਫ ਕੀਤੀ ਜਾਣ ਵਾਲੀ ਰੈਲੀ ਲਈ ਖੇਤ ਮਜਦੂਰਾਂ ਨੂੰ ਲਾਮਬੰਦ ਕਰਨ ਦੀ ਜਿੰਮੇਵਾਰੀ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਨੇ ਸੰਭਾਲੀ ਹੈ ਜੋ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ 19 ਫਰਵਰੀ ਨੂੰ ਲੰਬੀ ’ਚ ਕਰਵਾਈ ਜਾ ਰਹੀ ਹੈ। ਇਸ ਸਬੰਧ ’ਚ ਕੀਤੀ ਮੀਟਿੰਗ ਵਿੱਚ ਲੰਬੀ ਤੇ ਗਿੱਦੜਬਾਹਾ ਇਲਾਕੇ ਦੇ ਡਾਕਟਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਜਿਸ ਨੂੰ ਯੂਨੀਅਨ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ,ਮਹਿੰਦਰ ਸਿੰਘ ਖੁੱਡੀਆਂ,ਡਾਕਟਰ ਜਗਦੀਸ਼ ਕੁਮਾਰ ਮਹਿਣਾ,ਸੁਖਦੇਵ ਸਿੰਘ ਗਿੱਦੜਬਾਹਾ ਤੇ ਡਾਕਟਰ ਬਚਿੱਤਰ ਸਿੰਘ ਪਿਉਰੀ ਨੇ ਸੰਬੋਧਨ ਕੀਤਾ।
ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ ਨੂੰ ਤਕੜਾਈ ਦੇਣ ਲਈ ਇਸ ਘੋਲ ‘ਚ ਖੇਤ ਮਜਦੂਰਾਂ ਦੀ ਹਿੱਸੇਦਾਰੀ ਅਣਸਰਦੀ ਲੋੜ ਹੈ ਜਿਸ ਦੀ ਪੂਰਤੀ ਲਈ ਖੇਤ ਮਜਦੂਰ ਯੂਨੀਅਨ ਵੱਲੋਂ ਕੀਤੀ ਜਾ ਰਹੀ ਜਿਲਾ ਪੱਧਰੀ ਕਾਨਫਰੰਸ ਦੀ ਸਫਲਤਾ ਲਈ ਆਰ ਐਮ ਪੀ ਡਾਕਟਰ ਭਰਵਾਂ ਯੋਗਦਾਨ ਪਾਉਣਗੇ। ਉਹਨਾਂ ਐਲਾਨ ਕੀਤਾ ਕਿ ਮਜਦੂਰ ਕਾਨਫਰੰਸ ਦੀ ਸਫਲਤਾ ਲਈ ਉਹਨਾਂ ਨੇ ਆਪਣੀ ਜਥੇਬੰਦੀ ਦੇ ਡਾਕਟਰਾਂ ਰਾਹੀਂ ਪਿੰਡਾਂ ‘ਚ ਮਜਦੂਰ ਮੀਟਿੰਗਾਂ , ਰੈਲੀਆਂ ਕਰਨ ਤੋਂ ਇਲਾਵਾ ਖੇਤ ਮਜਦੂਰ ਜਥੇਬੰਦੀ ਵੱਲੋਂ ਪ੍ਰਕਾਸ਼ਿਤ ਪੰਜ ਹਜਾਰ ਪੋਸਟਰ ਤੇ ਪੰਦਰਾਂ ਹਜਾਰ ਹੱਥ ਪਰਚਾ ਆਪਣੀਂ ਜਥੇਬੰਦੀ ਵੱਲੋਂ ਛਪਵਾਕੇ ਵੰਡਣ ਦਾ ਫੈਸਲਾ ਵੀ ਲਿਆ ਗਿਆ ਹੈ।
ਇਸ ਮੀਟਿੰਗ ’ਚ ਸ਼ਾਮਲ ਹੋਏ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨ ਖੇਤੀ ਪੈਦਾਵਾਰ, ਫਸਲਾਂ ਦੇ ਮੰਡੀਕਰਨ, ਭੰਡਾਰੀਕਰਨ ਅਤੇ ਇਹਨਾਂ ਦੇ ਵਪਾਰ ਸਮੇਤ ਸਮੁੱਚੇ ਖੇਤੀ ਖੇਤਰ ਨੂੰ ਦੇਸੀ ਵਿਦੇਸੀ ਕਾਰਪੋਰੇਟ ਘਰਾਣਿਆਂ ਦੇ ਕਬਜੇ ਹੇਠ ਲਿਆਉਣ ਦਾ ਜਰੀਆ ਹਨ। ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਖੇਤੀ ਕਾਨੂੰਨ ਖੇਤ ਮਜਦੂਰਾਂ ਦਾ ਰੁਜਗਾਰ ਛਾਂਗਣ,ਜਨਤਕ ਵੰਡ ਪ੍ਰਣਾਲੀ ਤੇ ਐਫ ਸੀ ਆਈ ਦਾ ਭੋਗ ਪਾਉਣ ਅਤੇ ਅਨਾਜ ਤੇ ਹੋਰ ਖੁਰਾਕੀ ਵਸਤਾਂ ਦੀ ਕਾਲਾਬਾਜਾਰੀ ਤੇ ਮਹਿੰਗਾਈ ਵਧਾਉਣ ਦਾ ਸਾਧਨ ਬਣਨਗੇ ਇਸ ਲਈ ਇਹਨਾਂ ਕਾਨੂੰਨਾਂ ਖਿਲਾਫ ਸੰਘਰਸ਼ ਕਰਨਾ ਖੇਤ ਮਜਦੂਰਾਂ ਦੀ ਅਹਿਮ ਲੋੜ ਹੈ।
ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਖੇਤ ਮਜਦੂਰਾਂ ਨੂੰ ਜਾਗਿ੍ਰਤ ਤੇ ਜਥੇਬੰਦ ਕਰਨਾ ਸਮੁੱਚੀ ਕਿਸਾਨ ਤੇ ਲੋਕ ਲਹਿਰ ਦਾ ਅਹਿਮ ਕਾਰਜ ਹੈ। ਉਹਨਾਂ ਆਰ ਐਮ ਪੀ ਡਾਕਟਰਾਂ ਵੱਲੋਂ ਖੇਤ ਮਜਦੂਰ ਕਾਨਫਰੰਸ ਦੀ ਸਫਲਤਾ ਲਈ ਮਜਦੂਰਾਂ ਨੂੰ ਲਾਮਬੰਦ ਕਰਨ ਦੇ ਲਏ ਫੈਸਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਵਰਗਾਂ ਨੂੰ ਵੀ ਇਸ ਕਾਰਜ ‘ਚ ਹੱਥ ਵਟਾਉਣ ਦੀ ਅਪੀਲ ਕੀਤੀ।ਇਸ ਮੌਕੇ ਡਾਕਟਰ ਰੂਪ ਚੰਦ ਆਧਨੀਆ , ਡਾਕਟਰ ਗੁਰਮੀਤ ਸਿੰਘ ਤੇ ਡਾਕਟਰ ਰਾਜਾ ਸਿੰਘ ਭੀਟੀਵਾਲਾ ਤੋਂ ਇਲਾਵਾ ਖੇਤ ਮਜਦੂਰ ਆਗੂ ਕਾਲਾ ਸਿੰਘ,ਰਾਜਾ ਸਿੰਘ ਖੂਨਣ ਖੁਰਦ ਤੇ ਬਾਜ ਸਿੰਘ ਭੁੱਟੀਵਾਲਾ ਵੀ ਮੌਜੂਦ ਸਨ।