ਅਸ਼ੋਕ ਵਰਮਾ
ਨਵੀਂ ਦਿੱਲੀ, 4 ਫਰਵਰੀ 2021 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀਿ ਅਗਵਾਈ ਹੇਠ ਅੱਜ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਇਸ ਘੋਲ ਦੌਰਾਨ ਸ਼ਹੀਦੀਆਂ ਪਾ ਗਏ ਕਿਸਾਨਾਂ ਮਜਦੂਰਾਂ ਆਦਿ ਨੂੰ ਯਾਦ ਕੀਤਾ ਗਿਆ। ਬੁਲਾਰਿਆਂ ਨੇ ਕਿਸਾਨਾਂ ਨੂੰ ਰਿਹਾਅ ਕਰਨ ਅਤੇ ਸ਼ਾਂਤਮਈ ਕਿਸਾਨਾਂ ਦੇ ਕੈਂਪ ਤੇ ਭਾਜਪਾ ਦੇ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਨੂੰ ਲੈਕੇ ਹਮਲਾਵਰਾਂ ਖਿਲਾਫ ਕੇਸ ਦਰਜ ਕਰਕੇ ਗਿਰਫਤਾਰ ਕਰਨ ਦੀ ਮੰਗ ਕੀਤੀ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਮ ਨੂੰ ਜਥੇਬੰਦੀ ਦੇ ਸੱਦੇ ਤਹਿਤ ਹਜਾਰਾਂ ਕਿਸਾਨਾਂ ਨੇ ਕੈਂਡਲ ਮਾਰਚ ਕੱਢਿਆ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸ਼ਵਿੰਦਰ ਸਿੰਘ ਚਤਾਲਾ ਨੇ ਕਿਹਾ ਕਿ ਸ਼ਹੀਦ ਨਵਰੀਤ ਸਿੰਘ ਨੂੰ ਇਹੀ ਸੱਚੀ ਸਰਧਾਂਜਲੀ ਹੋਵੇਗੀ ਕਿ ਅਸੀਂ ਮੰਗਾਂ ਦੀ ਪੂਰਤੀ ਖਾਤਿਰ ਇਸ ਅੰਦੋਲਨ ਨੂੰ ਜਾਰੀ ਰੱਖੀਏ ਅਤੇ ਜਿੱਤਕੇ ਸ਼ਹੀਦਾਂ ਦੇ ਸੁਪਨੇ ਪੂਰੇ ਕਰੀਏ।
ਉਹਨਾਂ ਸਪਸ਼ਟ ਕੀਤਾ ਕਿ ਖੇਤੀ ਕਾਨੂੰਨਾਂ ਦੇ ਮਸਲੇ ਤੇ ਐਮ.ਐਸ.ਪੀ ਦਾ ਨਵਾਂ ਕਾਨੂੰਨ ਬਣਾਉਣ ਤੋਂ ਹੇਠਾਂ ਸਰਕਾਰ ਕੋਈ ਫੈਸਲਾ ਨਹੀਂ ਕਰਵਾ ਸਕਦੀ । ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਕੈਂਪ ਉੱਪਰ ਕੀਤੇ ਹਮਲੇ ਸਬੰਧੀ ਗੁੰਡਿਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਜੋ ਇਸ਼ਾਰਾ ਕਰਦਾ ਹੈ ਕਿ ਇਸ ਪਿੱਛੇ ਸੱਤਾ ਪੱਖ ਦਾ ਹੱਥ ਹੈ। ਉਹਨਾਂ ਕਿਹਾ ਕਿ ਜਿਹਨਾਂ ਬੰਦਿਆਂ ਦੀ ਸ਼ਨਾਖਤ ਹੋਈ ਹੈ ਸਰਕਾਰ ਦਾ ਉਹਨਾਂ ਪ੍ਰਤੀ ਕੀ ਰੁੱਖ ਹੈ ਇਹ ਵੀ ਜਾਹਰ ਨਹੀਂ ਕੀਤਾ ਹੈ।
ਇਸ ਸਮੇਂ ਸੂਬਾ ਆਗੂ ਜਸਵੀਰ ਸਿੰਘ ਪਿੱਦੀ ਅਤੇ ਸੁਖਵਿੰਦਰ ਸਿੰਘ ਸਭਰਾ ਨੇ ਗਿਰਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਅਤੇ ਧਰਨਿਆਂ ਦੁਆਲੇ ਕੀਤੀ ਸਖਤ ਪੁਲਿਸ ਦੀ ਪਹਿਰੇਦਾਰੀ ਤੇ ਰੋਕਾਂ ਹਟਾਈਆਂ ਜਾਣ ਤਾਂ ਹੀ ਸਰਕਾਰ ਨਾਲ ਗੱਲਬਾਤ ਲਈ ਸਾਰਥਿਕ ਮਹੌਲ ਬਣ ਸਕਦਾ ਹੈ। ਉਹਨਾਂ ਕਿਹਾ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ 6 ਫਰਵਰੀ ਦੇ ਸੜਕ ਰੋਕੂ ਪ੍ਰੋਗਰਾਮ ਨੂੰ ਪੂਰੇ ਦੇਸ਼ ਵਿਚ ਲਾਗੂ ਕਰੇਗੀ। ਉਹਨਾਂ ਹਰਿਆਣਾ ਪੰਜਾਬ ਤੇ ਪੰਜਾਬ ਦੀਆਂ ਪੰਚਾਇਤਾਂ ਅਤੇ ਕੌਂਮਾਤਰੀ ਪੱਧਰ ਤੇ ਵਿਸਾਲ ਸਮਰਥਨ ਦਾ ਧੰਨਵਾਦ ਵੀ ਕੀਤਾ ਹੈ।