ਕਮਲਜੀਤ ਸਿੰਘ ਸੰਧੂ
- ਕੌਮ ਨੂੰ ਜੱਗੀ ਬਾਬੇ ’ਤੇ ਬਹੁਤ ਮਾਣ : ਭਾਈ ਹਰਜਿੰਦਰ ਸਿੰਘ ਮਾਝੀ
ਬਰਨਾਲਾ, 7 ਫਰਵਰੀ 2021 - ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਬਾਅਦ ਚੜ੍ਹਦੀ ਕਲਾ ਵਿੱਚ ਨਾਅਰੇ ਲਗਾਉਣ ਵਾਲਾ ਸਿੱਖ ਨੌਜਵਾਨ ਜਗਸੀਰ ਸਿੰਘ ਜੱਗੀ ਬਾਬਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਪੰਧੇਰ ਦੁਨੀਆਂ ਪੱਧਰ ’ਤੇ ਕਾਫ਼ੀ ਚਰਚਾ ਵਿੱਚ ਆਇਆ ਹੈ। ਇਸ ਘਟਨਾ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ, ਜੱਥੇਬੰਦੀਆਂ ਅਤੇ ਲੋਕ ਨੌਜਵਾਨ ਜੱਗੀ ਦੇ ਬਾਬੇ ਦਾ ਮਾਣ ਸਨਮਾਨ ਕਰਨ ਲਈ ਅੱਗੇ ਆ ਰਹੇ ਹਨ।
ਇਸੇ ਦੇ ਚੱਲਦਿਆਂ ਪਿੰਡ ਪੰਧੇਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਜੱਗੀ ਬਾਬਾ ਦਾ ਦੋ ਸਿੱਖ ਜੱਥੇਬੰਦੀਆਂ ਦਰਬਾਰ ਏ ਖਾਲਸਾ ਅਤੇ ਸਿੱਖ ਵਾਰਿਅਜ਼ ਵਲੋਂ ਜੱਗੀ ਬਾਬੇ ਦਾ ਸੋਨੇ ਦੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਪਿੰਡ ਦੀ ਪੰਚਾਇਤ ਵਲੋਂ ਜੱਗੀ ਸਿੰਘ ਦੇ ਪਰਿਵਾਰ ਨੂੰ ਘਰ ਬਨਾਉਣ ਲਈ 10 ਵਿਸਵੇ ਪੰਚਾਇਤੀ ਜਗਾ ਦਿੱਤੀ ਗਈ ਹੈ ਅਤੇ ਘਰ ਬਨਾਉਣ ਲਈ ਸਿੱਖ ਜੱਥੇਬੰਦੀਆਂ ਅਤੇ ਐਨਆਰਆਈ ਫ਼ੰਡ ਭੇਜ ਰਹੇ ਹਨ।
ਪਿੰਡ ਵਾਸੀ ਜੱਗੀ ਬਾਬੇ ਵਲੋਂ ਦਿਖਾਈ ਦਲੇਰੀ ਕਾਰਨ ਉਸ’ਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਜੱਗੀ ਬਾਬੇ ਦਾ ਸਨਮਾਨ ਕਰਨ ਪੁੱਜੇ ਦਰਬਾਰ ਏ ਖਾਲਸਾ ਜੱਥੇਬੰਦੀ ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਅਤੇ ਮਾਝੀ ਅਤੇ ਭਾਈ ਹਰਜੀਤ ਸਿੰਘ ਢਿਪਾਲੀ ਨੇ ਕਿਹਾ ਕਿ ਜਗਸੀਰ ਸਿੰਘ ਜੱਗੀ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਦਿਖਾਈ ਨਿਡਰਤਾ ਕੋਈ ਆਮ ਵਰਤਾਰਾ ਨਹੀਂ ਹੈ। ਬਲਕਿ ਗੁਰੂ ਸਾਹਿਬ ਵਲੋਂ ਬਖ਼ਸੀ ਅਪਾਰ ਕਿਰਪਾ ਸਦਕਾ ਇਹ ਕਰਾਮਾਤ ਹੋਈ ਹੈ। ਕਿਉਂਕਿ ਜੱਗੀ ਸਿੰਘ ਦੀ ਥਾ ’ਤੇ ਕੋਈ ਹੋਰ ਆਮ ਵਿਅਕਤੀ ਹੁੰਦਾ ਤਾਂ ਪੁਲਿਸ ਦਾ ਤਸ਼ੱਦਦ ਝੱਲ ਕੇ ਵਾਪਸ ਮੁੜ ਆਉਂਦਾ।
ਪਰ ਜਗਸੀਰ ਸਿੰਘ ਜੱਗੀ ਨੇ ਪੁਲਿਸ ਵਲੋਂ ਉਸਦੀ ਉਤਾਰੀ ਪੱਗ ਵਾਪਸ ਲੈਣ ਲਈ ਪੁਲਿਸ ਸਾਹਮਣੇ ਚੜ੍ਹਦੀ ਕਲਾ ਵਿੱਚ ਜੈਕਾਰੇ ਲਗਾਏ ਗਏ। ਜਿਸ ਕਾਰਨ ਉਹਨਾਂ ਨੂੰ ਅੱਜ ਸਿੱਖ ਜਗਤ ਵਲੋਂ ਦੁਨੀਆਂ ਪੱਧਰ ’ਤੇ ਮਾਣ ਬਖ਼ਸਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਖਾਸ ਕਰ ਸਿੱਖਾਂ ਨੂੰ ਅੱਤਵਾਦੀ ਪੇਸ਼ ਕਰ ਰਹੀ ਹੈ। ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦੇਸ਼ ਵਾਸੀ ਸਮਝਣ ਤੋਂ ਇਨਕਾਰੀ ਹੋ ਰਹੇ ਹਨ ਅਤੇ ਕਾਰਪੋਰੇਟਾਂ ਲਈ ਖੇਤੀ ਉਜਾੜਨ ’ਤੇ ਸਰਕਾਰ ਤੁਲੀ ਹੋਈ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਗਸੀਰ ਸਿੰਘ ਜੱਗੀ ਬਾਬਾ 26 ਨਵੰਬਰ ਤੋਂ ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਸੇਵਾ ਕਰਦੇ ਰਹੇ ਹਨ। ਪਰ ਦਿੱਲੀ ਪੁਲਿਸ ਵਲੋਂ ਉਹਨਾਂ ’ਤੇ ਕੀਤਾ ਗਿਆ ਜਾਨਲੇਵਾ ਹਮਲਾ ਬਹੁਤ ਨਿੰਦਣਯੋਗ ਹੈ। ਜੱਗੀ ਸਿੰਘ ਦੇ ਕਾਰਨ ਅੱਜ ਪਿੰਡ ਪੰਧੇਰ ਦੁਨੀਆਂ ਦੇ ਨਕਸ਼ੇ ’ਤੇ ਆ ਗਿਆ ਹੈ। ਜਿਸ ਲਈ ਸਮੁੱਚੇ ਪਿੰਡ ਵਾਸੀਆਂ ਨੂੰ ਉਹਨਾਂ ’ਤੇ ਮਾਣ ਹੈ। ਉਹਨਾਂ ਕਿਹਾ ਕਿ ਜੱਗੀ ਸਿੰਘ ਦੇ ਘਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ। ਜਿਸ ਲਈ ਪਿੰਡ ਦੀ ਪੰਚਾਇਤ ਵਲੋਂ ਉਹਨਾਂ ਨੂੰ 10 ਵਿਸਵੇ ਪੰਚਾਇਤੀ ਜਗਾ ਵਿੱਚੋਂ ਜਗਾ ਘਰ ਬਨਾਉਣ ਲਈ ਦਿੱਤੀ ਗਈ ਹੈ ਅਤੇ ਹੋਰ ਮਦਦ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੱਗੀ ਸਿੰਘ ਹੁਣ ਚੜ੍ਹਦੀ ਕਲਾ ਵਿੱਚ ਹਨ ਅਤੇ ਜਲਦ ਸੰਘਰਸ਼ ਵਿੱਚ ਮੁੜ ਸ਼ਾਮਲ ਹੋਣਗੇ।
ਇਸ ਮੌਕੇ ਜਗਸੀਰ ਸਿੰਘ ਜੱਗੀ ਬਾਬਾ ਨੇ ਕਿਹਾ ਕਿ ਸਨਮਾਨ ਕਰਨ ਵਾਲੀਆਂ ਸਮੂਹ ਜੱਥੇਬੰਦੀਆਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੀ ਸੰਗਤ ਨੂੰ ਗੁਰੂ ਨਾਲ ਜੁੜ ਕੇ ਨਾਮ ਸਿਮਰਨ ਕਰਨ ਦੀ ਲੋੜ ਹੈ ਅਤੇ ਇਸ ਸੰਘਰਸ਼ ਦੀ ਜਿੱਤ ਜ਼ਰੂਰ ਹੋਵੇਗੀ।