ਅਸ਼ੋਕ ਵਰਮਾ
ਬਠਿੰਡਾ, 6 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਬਠਿੰਡਾ ਜ਼ਿਲ੍ਹੇ ’ਚ ਕਿਸਾਨ ਜੱਥੇਬੰਦੀਆਂ ਨੇ 12 ਥਾਵਾਂ ਤੇ ਆਵਾਜਾਈ ਠੱਪ ਕੀਤੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਅੱਜ ਦੇ ਜਾਮ ’ਚ ਹੋਰ ਵੀ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਮੁਕੰਮਲ ਬੰਦ ਰਹੀਆਂ। ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਦਿੱਤੀ ਹਮਾਇਤ ਕਾਰਨ ਅੱਜ ਕੋਈ ਵੀ ਨਿੱਜੀ ਬੱਸ ਸੜਕਾਂ ਤੇ ਨਹੀਂ ਉੱਤਰੀ। ਬੱਸਾਂ ਬੰਦ ਰਹਿਣ ਦਾ ਕਾਰੋਬਾਰੀ ਅਦਾਰਿਆਂ ਤੇ ਵੀ ਅਸਰ ਦਿਖਾਈ ਦਿੱਤਾ। ਅੱਜ ਦੇ ਧਰਨਿਆਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਔਰਤਾਂ ਅਤੇ ਬੱਚਿਆਂ ਨੇ ਜਾਮ ’ਚ ਭਾਗ ਲੈਕੇ ਕੇਦਰ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕਰਦਿਆਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ।
ਅੱਜ ਬਠਿੰਡਾ-ਅੰਮਿ੍ਰਤਸਰ ਕੌਮੀ ਸੜਕਮਾਰਗ ‘ਤੇ ਜੀਦਾ ਟੋਲ ਪਲਾਜ਼ਾ ਅਤੇ ਬਠਿੰਡਾ-ਚੰਡੀਗੜ ਸੜਕ ‘ਤੇ ਲਹਿਰਾ ਬੇਗਾ ਟੋਲ ਪਲਾਜਾ ’ਤੇ ਜਾਮ ਲਾਕੇ ਧਰਨਾ ਦਿੱਤਾ। ਇਸ ਤਰਾਂ ਹੀ ਅੱਜ ਬਠਿੰਡਾ- ਬਾਦਲ ਸੜਕ ‘ਤੇ ਪਿੰਡ ਘੁੱਦਾ, ਬਠਿੰਡਾ ਡੱਬਵਾਲੀ ਸੜਕ ਤੇ ਸੰਗਤ ਕੈਂਚੀਆਂ, ਤਲਵੰਡੀ ਸਾਬੋ ਚੌਂਕ ਬਠਿੰਡਾ-ਮਾਨਸਾ ਸੜਕ ਤੇ ਭਾਈ ਬਖਤੌਰ, ਮੌੜ ਕੈਂਚੀਆਂ ਅਤੇ ਰਾਮਪੁਰਾ ਚੌਕ ਤੋਂ ਇਲਾਵਾ ਬਠਿੰਡਾ ਦੇ ਭਾਈ ਘਨਈਆ ਚੌਕ ’ਚ ਵੀ ਜਾਮ ਰਿਹਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਨੇ ਮੋਦੀ ਹਕੂਮਤ ਨੂੰ ਦਿਖਾ ਦਿੱਤਾ ਹੈ ਕਿ ਹੁਣ ਖੇਤੀ ਕਾਨੂੰਨ ਰੱਦ ਕਰਨ ਤੋਂ ਬਗੈਰ ਕੋਈ ਚਾਰਾ ਨਹੀਂ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਅੱਜ ਦੇ ਕਿਸਾਨੀ ਰੋਹ ਨੂੰ ਦੇਖੇ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨਾ ਬੰਦ ਕਰੇ। ਉਹਨਾਂ ਕਿਹਾ ਕਿ ਮੁਲਕ ’ਚ ਫੈਲ ਗਏ ਕਿਸਾਨ ਸੰਘਰਸ਼ ਕਾਰਨ ਮੋਦੀ ਹਕੂਮਤ ਬੁਰੀ ਤਰਾਂ ਘਿਰ ਗਈ ਹੈ ਪਰ ਦੇਸੀ ਵਿਦੇਸ਼ੀ ਬਹੁ ਕੌਮੀ ਕੰਪਨੀਆਂ ਪ੍ਰਤੀ ਆਪਣੀ ਵਫ਼ਾਦਾਰੀ ਕਾਰਨ ਅੜੀ ਹੋਈ ਹੈ। ਉਹਨਾਂ ਕਿਹਾ ਕਿ ਅੱਜ ਵੀ ਸਰਕਾਰ ਨੂੰ ਇੱਕ ਤਰਾਂ ਨਾਲ ਟਰੇਲਰ ਹੀ ਦਿਖਾਇਆ ਹੈ ਜਦੋਂਕਿ ਫਿਲਮ ਕਿਹੋ ਜਿਹੀ ਹੋ ਸਕਦੀ ਹੈ ਇਹ ਕੇਦਰ ਬੈਠ ਕੇ ਵਿਚਾਰੇ ਤਾਂ ਪਤਾ ਲੱਗ ਜਾਏਗਾ। ਉਹਨਾਂ ਆਉਣ ਵਾਲੇ ਦਿਨਾਂ ਦੌਰਾਨ ਸੰਘਰਸ਼ ਹੋਰ ਵੀ ਭਖਾਉਣ ਦੀ ਲੌੜ ਤੇ ਜੋਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਨੇ ਕੇਂਦਰ ਸਰਕਾਰ ਦੇ ਹੱਠੀ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਹੁਣ ਦੇਸ਼ ਵਿਆਪੀ ਬਣ ਚੁੱਕਿਆ ਹੈ ਇਸ ਲਈ ਮੋਦੀ ਸਰਕਾ ਅੱਖਾਂ ਖੋਹਲੇ। ਉਹਨਾਂ ਅਪੀਲ ਕੀਤੀ ਕਿ ਕਿਸਾਨੀ ਸੰਘਰਸ਼ ਕਾਫੀ ਲੰਬਾ ਚੱਲ ਸਕਦਾ ਹੈ, ਇਸ ਲਈ ਸ਼ਾਂਤਮਈ ਰਹਿ ਕੇ ਲੋਕ ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਣ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕੱਢਣ ਲਈ ਇਹ ਕਾਨੂੰਨ ਲਿਆਂਦੇ ਹਨ ਜਿਸ ਕਰਕੇ ਸੰਘਰਸ਼ ਹੁਣ ਕੌਮਾਂਤਰੀ ਪੱਧਰ ਤੱਕ ਫੈਲ ਗਿਆ ਹੈ। ਉਹਨਾਂ ਆਖਿਆ ਕਿ ਖੇਤੀ ਵਿਰੋਧੀ ਇਹਨਾਂ ਕਾਨੂੰਨਾਂ ਦਾ ਅਸਰ ਸਮੁੱਚੇ ਤਬਕਿਆਂ ਤੇ ਪਵੇਗਾ ਇਸ ਲਈ ਹੋਰ ਵਰਗਾਂ ਦੇ ਲੋਕ ਵੀ ਸੰਘਰਸ਼ ਵਿੱਚ ਸ਼ਮੂਲੀਅਤ ਕਰ ਰਹੇ ਹਨ।