- ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ 5 ਫ਼ਰਵਰੀ ਨੂੰ ਸ਼ੁਰੂ ਕਰਵਾਏ ਜਾਣਗੇ ਸ੍ਰੀ ਆਖੰਡ ਪਾਠ ਸਾਹਿਬ : ਡਾ. ਜੀਵਨਜੋਤ
ਮੋਹਾਲੀ, 4 ਫ਼ਰਵਰੀ 2021 - ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਵਿਰੁੱਧ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਅਤੇ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਗੈਰ ਸਰਕਾਰੀ ਸੰਸਥਾ ‘ਨਿਰਵੈਰ ਚੈਰੀਟੇਬਲ ਟਰੱਸਟ ਵੱਲੋਂ ਪਾਠ ਕਰਵਾਇਆ ਜਾ ਰਿਹਾ ਹੈ।
ਨਿਰਵੈਰ ਚੈਰੀਟੇਬਲ ਫਾਊਂਡੇਸ਼ਨ ਦੇ ਫਾਊਂਡਰ ਅਤੇ ਪ੍ਰਧਾਨ ਡਾ. ਜੀਵਨਜੋਤ, ਸਕੱਤਰ ਪ੍ਰੀਤੀ ਜਸਵਾਲ ਨੇ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਪਣੇ ਜਾਇਜ਼ ਹੱਕਾਂ ਦੀ ਲਡ਼ਾਈ ਲਡ਼ ਰਿਹਾ ਹੈ। ਕਿਸਾਨ ਸਮਾਜ ਦਾ ਇੱਕ ਵੱਡਾ ਹਿੱਸਾ ਹੋਣ ਦੇ ਨਾਲ-ਨਾਲ ਦੇਸ਼ ਦੀ ਰੀਡ਼੍ਹ ਦੀ ਹੱਡੀ ਵੀ ਹਨ। ਨਵੀਂ ਦਿੱਲੀ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਸਾਡੇ ਦੇਸ਼ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਅਸੀਂ ਸਾਰੇ ਭਲੀ ਭਾਂਤ ਵਾਕਫ਼ ਹਾਂ। ਉਨ੍ਹਾਂ ਕਿਹਾ ਕਿ ਕੁਦਰਤ ਅਤੇ ਕਿਸਾਨ ‘ਨਿਰਵੈਰ’ ਹਨ।
ਇਸੇ ਲਈ ਨਿਰਵੈਰ ਚੈਰੀਟੇਬਲ ਫਾਊਂਡੇਸ਼ਨ ਨੇ ਭਾਰਤੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਕਾਮਯਾਬੀ ਅਤੇ ਸੰਘਰਸ਼ ਦੌਰਾਨ ਵਿਛਡ਼ੀਆਂ ਕਿਸਾਨੀ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਦੀ ਤਿਆਰੀ ਕੀਤੀ ਹੈ। ਗਣਤੰਤਰਤਾ ਦਿਵਸ ਮੌਕੇ ਦਿੱਲੀ ਸਥਿਤ ਲਾਲ ਕਿਲੇ ਉਤੇ ਵਾਪਰੇ ਘਟਨਾਕ੍ਰਮ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜਿਹਾ ਕਾਰਾ ਕਿਸੇ ਸ਼ਰਾਰਤੀ ਅਨਸਰਾਂ ਦਾ ਹੀ ਸੀ ਅਤੇ ਦੇਸ਼ ਦਾ ਅੰਨਦਾਤਾ ਅਜਿਹੀ ਸ਼ਰਾਰਤ ਨਹੀਂ ਕਰ ਸਕਦਾ।
ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਫੇਜ਼ 8 ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿੱਖੇ 5 ਫ਼ਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ 7 ਫ਼ਰਵਰੀ ਨੂੰ ਪਾਏ ਜਾਣਗੇ ਜਿਸ ਉਪਰੰਤ ਸ਼ਬਦ ਕੀਰਤਨ ਹੋਵੇਗਾ। ਉਨ੍ਹਾਂ ਸਮੂਹ ਕਿਸਾਨ, ਮਜ਼ਦੂਰ ਦੇ ਨਾਲ-ਨਾਲ ਹਰ ਆਮ ਨਾਗਰਿਕ ਨੂੰ ਵੀ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵਿੱਚ ਸ਼ਾਮਿਲ ਹੋਣ।
ਇਸ ਮੌਕੇ ਪਰਮਿੰਦਰ ਕੌਰ, ਮਨਜੋਬਨਪ੍ਰੀਤ, ਸੁਖਬੀਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਕੀਰਤੀ, ਸੁਖਜੀਤ ਸਿੰਘ ਤਰੁਣ ਵੱਤਸ ਵੀ ਹਾਜ਼ਰ ਸਨ।