ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2021 - ਲੋਕ ਮੋਰਚਾ ਪੰਜਾਬ ਨੇ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਨੂੰ ਭਾਜਪਾਈ ਹਕੂਮਤ ਵੱਲੋਂ ਮੁਲਕ ਦੀ ਕੁੱਲ ਸੰਪਤੀ ਕਾਰਪੋਰੇਟਾਂ ਤੇ ਸਾਮਰਾਜੀਆਂ ਦੀ ਝੋਲੀ ਪਾ ਕੇ ਸੇਵਾ ਕਮਾਉਣ ਦੀ ਕਾਹਲੀ ਦੇ ਹੁਣ ਹੋਰ ਚੱਕਵੇਂ ਪੈਰੀਂ ਹੋ ਜਾਣ ਦੀ ਕਾਰਵਾਈ ਕਰਾਰ ਦਿੱਤਾ ਹੈ। ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਬਜਟ-ਭਾਸ਼ਣ ਦਾ ਸਿੱਧਾ ਅਰਥ, ਦੇਸ਼ ਵੇਚਣ ਦੀ ਬੋਲੀ ਦਾ ਐਲਾਨ ਕਰਨਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਦੇ ਬਜਟ ਭਾਸ਼ਣ ਦੇਣ ਵਾਲੀ ਥਾਂ ਸੰਸਦ ਤੋਂ ਕੁੱਝ ਦੂਰੀ ਤੇ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਮੰਗਾਂ ਮੰਨਣ ਦਾ ਜਿਕਰ ਨਾ ਕਰਕੇ, ਸਿਰਫ ‘ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਦਾ ਰਟਣ ਮੰਤਰ ਕਰਕੇ ਮੁਲਕ ਦੀ ਲੋਕ-ਰਾਇ ਨੂੰ ਟਿੱਚ ਸਮਝਿਆ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਦਰਜਨਾਂ ਸਰਕਾਰੀ ਕਾਰੋਬਾਰ,ਅਦਾਰੇ ਤੇ ਮਹਿਕਮੇ ਦੇਸੀ ਵਿਦੇਸ਼ੀ ਧਨ-ਲੁਟੇਰਿਆਂ ਦੀ ਝੋਲੀ ਪਹਿਲਾਂ ਹੀ ਪਾਏ ਜਾ ਚੁੱਕੇ ਹਨ ਜਦੋਂਕਿ ਰਹਿੰਦਿਆਂ ਨੂੰ ਪਰੋਸਣ ਦਾ ਇਸ ਬਜਟ ਰਾਹੀਂ ਐਲਾਨ ਕਰ ਦਿੱਤਾ ਗਿਆ ਹੈ। ਰੇਲਵੇ, ਰੇਲਵੇ-ਲਾਇਨਾਂ, ਹਵਾਈ ਅੱਡੇ, ਬੰਦਰਗਾਹਾਂ, ਵੇਅਰਹਾਊਸਿੰਗ, ਬਿਜਲੀ ਟਰਾਂਸਮਿਸ਼ਨ ਲਾਇਨਾਂ, ਤੇਲ ਪਾਈਪ ਲਾਈਨਾਂ ਅਤੇ ਸਟੇਡੀਅਮ ਤੱਕ ਵਿਕਾਊ ਕਰਨ ਦੀ ਗੱਲ ਕਹੀ ਗਈ ਹੈ।
ਉਹਨਾਂ ਕਿਹਾ ਕਿ ਲੋਕਾਂ ਦੇ ਮਸਲਿਆਂ ਦੇ ਨਾਲ ਨਾਲ ਖੇਤੀ ਸੰਕਟ ਦੇ ਹੱਲ ਲਈ ਜਮੀਨੀ ਸੁਧਾਰ ,ਖੇਤੀ ਲਾਗਤ ਵਸਤਾਂ ਦੀ ਮਹਿੰਗਾਈ ਘਟਾਉਣ, ਕਿਸਾਨਾਂ ਮਜਦੂਰਾਂ ਦੇ ਕਰਜਿਆਂ,ਬੇਰੁਜਗਾਰੀ ਭੱਤਾ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਨਿੱਤ ਵਰਤੋਂ ਦੀਆਂ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਦਾ ਹੱਲ ਕਰਨ ਦਾ ਕੋਈ ਕਦਮ ਨਹੀਂ ਚੁੱਕਿਆ ਹੈ। ਉਹਨਾਂ ਵਿਸ਼ਵ ਬੈਂਕ ਅਤੇ ਆਈ ਐਮ ਐਫ ਵਰਗੀਆਂ ਸੰਸਥਾਵਾਂ ਤੋਂ ਇਲਾਵਾ ਡਬਲਯੂ. ਟੀ. ਓ. ਨਾਲੋਂ ਤੋੜ ਵਿਛੋੜਾ ਕਰਨ ਦੀ ਮੰਗ ਕੀਤੀ।