- ਦੇਸ਼ ਉੱਤੇ ਕਿਸਾਨਾਂ ਦਾ ਬਹੁਤ ਵੱਡਾ ਅਹਿਸਾਨ ਹੈ, ਪ੍ਰਧਾਨ ਮੰਤਰੀ ਖ਼ੁਦ ਸਨਮਾਨਯੋਗ ਢੰਗ ਨਾਲ ਗੱਲਬਾਤ ਕਰਕੇ ਮਸਲਾ ਨਿਬੇੜਨ: ਸੁਖਦੇਵ ਸਿੰਘ ਢੀਂਡਸਾ
ਚੰਡੀਗੜ੍ਹ, 5 ਫਰਵਰੀ, 2021 - ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਅੱਜ ਰਾਜ ਸਭਾ ਦੇ ਸੈਸ਼ਨ ਵਿੱਚ ਕਿਸਾਨੀ ਦਾ ਮੁੱਦਾ ਜੋLਰਦਾਰ ਢੰਗ ਨਾਲ ਚੁੱਕਿਆ ਅਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸਭਤੋਂ ਪਹਿਲਾਂ ਉਨ੍ਹਾਂ ਨੇ ਹੀ ਖੇਤੀ ਬਿਲਾਂ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਨ੍ਹਾਂ ਬਿਲਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਸੀ। ਪਰ ਕੇਂਦਰ ਸਰਕਾਰ ਨੇ ਬਿਲਾਂ ਨੂੰ ਕਾਨੂੰਨਾਂ ਵਿੱਚ ਬਦਲ ਦਿੱਤਾ ਅਤੇ ਪੰਜਾਬ ਸਮੇਤ ਦੇਸ਼ ਭਰ ਦੇ ਸੂਬਿਆਂ ਵੱਲੋਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ `ਤੇ ਵੀ ਇਨ੍ਹਾ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀ ਕੀਤਾ।
ਸਗੋਂ ਉਲਟਾ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਦੇ ਕਿਸੇ ਸੂਬੇ ਦੇ ਅਧਾਰ `ਤੇ ਕਦੇ ਬੋਲੀ ਤਾਂ ਕਦੇ ਜਾਤ ਜਾਂ ਕੌਮ ਦੇ ਅਧਾਰ ਤੇ ਵੰਡਣ ਦੀ ਕੋਝੀ ਸਾਜਿਸ਼ ਕੀਤੀ ਗਈ। ਉਨ੍ਹਾਂ ਨੇ ਸੰਘਰਸ਼ੀਲ ਕਿਸਾਨਾਂ ਨੂੰ ਖਾਲਿਸਤਾਨੀ, ਦੇਸ਼ਧ੍ਰੋਹੀ ਜਾਂ ਅਤਿਵਾਦੀ ਕਹਿ ਕਹਿ ਕੇ ਭੰਡਿਆ ਜਾ ਰਿਹਾ ਹੈ। ਉਨ੍ਹਾਂ ਨੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਪ੍ਰੰਤੂ ਸਭਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਅੱਜ ਦੇਸ਼ਧੋ੍ਰਹੀ ਆਦਿ ਕਹਿਕੇ ਜ਼ਲੀਲ ਕੀਤਾ ਜਾ ਰਿਹਾ ਹੈ।
ਢੀਂਡਸਾ ਨੇ ਕਿਹਾ ਕਿ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਤਾਂ ਪੰਜਾਬ ਅਤੇ ਹਰਿਆਣਾ ਨੇ ਵੱਡੇ ਪੱਧਰ `ਤੇ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਹੀ ਨਹੀ ਭਰਿਆ ਸਗੋਂ ਵਾਧੂ ਅਨਾਜ ਹੋਰਨਾਂ ਮੁਲਕਾਂ ਲਈ ਵੀ ਪੈਦਾ ਕੀਤਾ। ਇਸ ਕਰਕੇ ਦੇਸ਼ ਉੱਤੇ ਕਿਸਾਨਾਂ ਦਾ ਬਹੁਤ ਵੱਡਾ ਅਹਿਸਾਨ ਹੈ ਅਜਿਹੇ ਵਿੱਚ ਉਨ੍ਹਾਂ ਨੂੰ ਇਨਸਾਫ਼ ਜਰੂਰ ਮਿਲਣਾ ਚਾਹੀਦਾ ਹੈ।
ਲਾਲ ਕਿਲ੍ਹੇ `ਤੇ ਵਾਪਰੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦੇਸ਼ ਦੇ ਕੌਮੀ ਝੰਡੇ ਤਿਰੰਗੇ ਦਾ ਅਪਮਾਨ ਨਹੀ ਕੀਤਾ ਗਿਆ। ਪਰ ਉਸ ਸਮੁੱਚੇ ਘਟਨਾਕ੍ਰਮ ਵਿੱਚ ਵੀ ਸ਼ਰਾਰਤੀ ਅਨਸਰਾਂ ਦਾ ਹੱਥ ਜਾਪਦਾ ਹੈ, ਇਸਲਈ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾ ਨੇ ਕਿਸਾਨ ਅੰਦੋਲਨ ਦੌਰਾਨ ਦੇਸ਼ ਦੇ ਕੁੱਝ ਮੀਡੀਆ ਅਦਾਰਿਆਂ ਵੱਲੋਂ ਗਲਤ ਤੱਥਾਂ ਨੂੰ ਪੇਸ਼ ਕਰਨ ਦਾ ਨੋਟਿਸ ਲੈਂਦੇ ਹੋਏ ਕਿਹਾ ਕਿ ਕੁੱਝ ਮੀਡੀਆ ਦੇਸ਼ ਵਿੱਚ ਹਿੰਦੂ-ਸਿੱਖ ਏਕਤਾ ਦੀ ਭਾਵਨਾ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਜਿਸ ਨੂੰ ਰੋਕਣ ਦੀ ਸਖ਼ਤ ਜਰੂਰਤ ਹੈ। ਉਨ੍ਹਾ ਨੇ ਬੀਤੇ ਦਿਨੀ ਮੀਡੀਆ ਦੇ ਕੁੱਝ ਅਦਾਰਿਆਂ ਜੋਕਿ ਮਨਘੜਤ ਖ਼ਬਰਾਂ ਦੀ ਪੇਸ਼ਕਾਰੀ ਕਰ ਰਹੇ ਸਨ, ਵਿਰੁੱਧ ਆਪਣੇ ਵੱਲੋਂ ਦਿੱਲੀ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਖੇਤਰੀ ਪਾਰਟੀਆਂ ਇਹ ਮਹਿਸੂਸ ਕਰ ਰਹੀਆਂ ਹਨ ਕਿ ਦੇਸ਼ ਦੇ ਸੰਘੀ ਢਾਂਚੇ ਦੀ ਸਥਿਤੀ ਦਿਨੋਂ ਦਿਨ ਵਿਗੜ ਰਹੀ ਹੈ। ਜੋਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ, ਪ੍ਰੰਤੂ ਕੇਂਦਰ ਸਰਕਾਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਕੇ ਸੰਘੀ ਢਾਂਚੇ ਦੀ ਸੰਘੀ ਘੁੱਟ ਰਹੀ ਹੈ। ਉਨ੍ਹਾਂ ਨੇ ਐੱਮਐੱਸਪੀ ਲਈ ਤਰਕਸੰਗਤ ਨੀਤੀ ਬਣਾਉਣ `ਤੇ ਜ਼ੋਰ ਦਿੱਤਾ ਅਤੇ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨਾ ਲਾਗੂ ਕਰਨ `ਤੇ ਕੇਂਦਰ ਸਰਕਾਰ ਦੀ ਨੁਕਤਾਚੀਨੀ ਕੀਤੀ।
ਆਪਣੇ ਭਾਸ਼ਣ ਦੇ ਆਖ਼ਿਰ ਵਿੱਚ ਉਨ੍ਹਾ ਨੇ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ੁਦ ਕਿਸਾਨਾਂ ਨਾਲ ਸਨਮਾਨਯੋਗ ਢੰਗ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਫੌਰੀ ਹੱਲ ਕੱਢਣ ਦੀ ਮੰਗ ਕੀਤੀ।