ਸੁਖਜਿੰਦਰ ਸਿੰਘ ਪੰਜਗਰਾਈਂ
- ਜਥੇਬੰਦੀ ਦੀ ਅਗਵਾਈ ਵਿੱਚ ਪੰਜਾਬ ਦੇ 11 ਜਿਲ੍ਹਿਆਂ ਤੋਂ 57 ਥਾਵਾਂ ’ਤੇ ਲੱਖਾਂ ਲੋਕਾਂ ਨੇ ਕੀਤਾ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ
ਸਿੰਘੂ-ਕੁੰਡਲੀ ਬਾਰਡਰ,ਪੰਜਗਰਾਈਂ ਕਲਾਂ,6 ਫਰਵਰੀ 2021 - ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਸਿੰਘੂ ਕੁੰਡਲੀ ਬਾਰਡਰ ਤੇ ਲਗਪਗ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਪਹੁੰਚਣਾ ਅੱਜ ਵੀ ਜਾਰੀ ਰਿਹਾ ਤੇ ਕਿਸਾਨਾਂ ਨੇ ਇਕ ਆਵਾਜ ਵਿੱਚ ਕਿਹਾ ਕੇ ਕਿਸਾਨਾਂ ਨੂੰ ਸੜਕਾਂ ਤੇ ਹੋਰ ਰੋਲਣ ਦੀ ਬਜਾਏ ਮੋਦੀ ਸਰਕਾਰ ਤਿੰਨੇ ਖੇਤੀ ਕਨੂੰਨਾਂ ਨੂੰ ਰੱਦ ਕਰੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਦੁਪਿਹਰ 12 ਤੋਂ 3 ਵਜੇ ਤੱਕ ਦੇ ਸੜਕੀ ਚੱਕਾ ਜਾਮ ਦੇ ਸੱਦੇ ਤਹਿਤ ਗ੍ਰਿਫ਼ਤਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ ਤੇ ਬਾਰਡਰਾਂ ਦੇ ਦੁਆਲੇ ਬੈਰੀਕੇਡਿੰਗ ਢਿੱਲੀ ਕਰਨ, ਬਿਜਲੀ, ਪਾਣੀ, ਇੰਟਰਨੈੱਟ, ਬਾਥਰੂਮ, ਆਵਾਜਾਈ, ਸਫਾਈ ਆਦਿ ਦੀਆਂ ਸਹੂਲਤਾਂ ਬਹਾਲ ਕੀਤੇ ਜਾਣ ਦੀਆਂ ਮੰਗਾਂ ਨੂੰ ਉਭਾਰਦਿਆਂ ਕਿਹਾ ਕਿ ਸਿੰਘੂ ਬਾਰਡਰ ਕੈਂਪ ’ਤੇ ਹਮਲਾ ਕਰਨ ਵਾਲੇ ਦੰਗਾਈਆਂ ਉਪਰ ਸਖਤ ਧਾਰਾਵਾਂ ਲਗਾ ਕੇ ਪਰਚਾ ਦਰਜ਼ ਕੀਤਾ ਜਾਵੇ ਤੇ ਮੁਕੰਮਲ ਖੇਤੀ ਕਾਨੂੰਨ ਰੱਦ ਕਰਕੇ ਐਮ.ਐਸ.ਪੀ. ਦੀ ਸਰਕਾਰੀ ਖਰੀਦ ਵਾਲਾ ਕਾਨੂੰਨ ਲਿਆਂਦਾ ਜਾਵੇ।
ਪੰਜਾਬ ਵਿੱਚ ਅੱਜ ਗੋਲਡਨ ਗੇਟ ਅੰਮ੍ਰਿਤਸਰ, ਰਸੂਲਪੁਰ ਨਹਿਰਾਂ ਤਰਨਤਾਰਨ ਸਮੇਤ 57 ਥਾਵਾਂ ’ਤੇ ਬਹੁਤ ਵਿਸ਼ਾਲ ਸੜਕੀ ਜਾਮ ਲਗਾਏ ਗਏ। ਦਿੱਲੀ ਵਿੱਚ ਸਿੰਘੂ ਬਾਰਡਰ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਦੇ ਲਾਗੇ ਰੋਸ ਮਾਰਚ ਕਰਕੇ ਪੁਲਸੀ ਨਾਕਿਆਂ ’ਤੇ ਜੋਰਦਾਰ ਨਾਹਰੇਬਾਜੀ ਕਰਕੇ ਰੋਸ ਜਾਹਰ ਕੀਤਾ ਗਿਆ। ਉਕਤ ਜਥੇਬੰਦੀ ਦੇ ਆਗੂੂੂਂਆਂ ਨੇ ਕਿਹਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਆਤਮ-ਨਿਰਭਰ ਕਰਨ ਦੀ ਗੱਲ ਕਰਦਾ ਹੈ, ਪਰ ਦੇਸ਼ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਐਮ.ਐਸ.ਪੀ. ਦੀ ਸਰਕਾਰੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾ ਕੇ ਹੀ ਆਤਮ-ਨਿਰਭਰ ਹੋ ਸਕਦਾ ਹੈ। ਕਿਸਾਨਾਂ ਮਜ਼ਦੂਰਾਂ ਦੀ ਮਜਬੂਤੀ ਹੀ ਦੇਸ਼ ਦੀ ਮਜਬੂਤੀ ਹੈ।
ਜਥੇਬੰਦੀ ਨੇ ਪੂਰੇ ਭਾਰਤੀਆਂ ਦਾ ਐਨਾ ਵੱਡਾ ਅੰਦੋਲਨ ਬਣਾਉਣ ਲਈ ਧੰਨਵਾਦ ਕਰਦੇ ਹੋਏ ਮੰਗ ਕੀਤੀ ਕਿ ਦਿੱਲੀ ਦੇ ਅੰਦਰ ਗ੍ਰਿਫਤਾਰ ਕੀਤੇ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਸਭਰਾ ਅਤੇ ਜਸਵੀਰ ਸਿੰਘ ਪਿੱਦੀ ਨੇ ਕਿਹਾ ਕੇ ਕੌਮਾਂਤਰੀ ਸਖਸ਼ੀਅਤਾਂ ਦਾ ਸਮਰਥਨ ਹਾਸਲ ਹੋਣ ਨਾਲ ਕੇਂਦਰ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ,ਜਿਸ ਕਰਕੇ ਉਹਨਾਂ ਖਿਲਾਫ ਕੇਸ਼ ਦਰਜ਼ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਥੇਬੰਦੀ ਅਜਿਹੀਆਂ ਕਾਰਵਾਈਆਂ ਦੀ ਨਿਖੇਧੀ ਕਰਦੀ ਹੈ।