- ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਫ਼ਰਵਰੀ 2021 - ਦਿੱਲੀ ਸਥਿਤ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸੇਵਾਵਾਂ ਲਗਾਤਾਰ ਜਾਰੀ ਹਨ। ਇਨ੍ਹਾਂ ਸੇਵਾਵਾਂ ਦੀ ਦੇਖ-ਰੇਖ ਲਈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਮੈਂਬਰ ਅਤੇ ਅਧਿਕਾਰੀ ਸਮੇਂ-ਸਮੇਂ ਸੇਵਾਵਾਂ ਦੇ ਰਹੇ ਹਨ। ਇਸੇ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਸ਼੍ਰੋਮਣੀ ਕਮੇਟੀ ਦੀਆਂ ਚੱਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਉਥੇ ਮੌਜੂਦ ਸੇਵਾਦਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਐਡਵੋਕੇਟ ਸਿਆਲਕਾ ਨੇ ਗਾਜੀਪੁਰ ਬਾਰਡਰ ਵਿਖੇ ਕਿਸਾਨ ਸੰਘਰਸ਼ ਵਿਚ ਜੁੱਟੇ ਕਿਸਾਨਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਵਾਇਆ। ਉਨ੍ਹਾਂ ਕਿਸਾਨੀ ਸੰਘਰਸ਼ ਸਬੰਧੀ ਕਿਸਾਨ ਆਗੂ ਸ੍ਰੀ ਰਾਕੇਸ਼ ਟਕੇਤ ਨਾਲ ਵਿਚਾਰ-ਚਰਚਾ ਵੀ ਕੀਤੀ ਅਤੇ ਲੋੜ ਅਨੁਸਾਰ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਵਿਚਾਰ-ਵਿਟਾਂਦਰਾ ਕੀਤਾ। ਐਡਵੋਕੇਟ ਸਿਆਲਕਾ ਨੇ ਕਿਸਾਨਾਂ ਨੂੰ ਮੰਚ ਤੋਂ ਸੰਬੋਧਨ ਕਰਦਿਆਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀ ਸਖ਼ਤ ਨਿੰਦਾ ਕੀਤੀ ਅਤੇ ਇਨ੍ਹਾਂ ਨੂੰ ਦੇਸ਼ ਦੀ ਖੁਸ਼ਹਾਲੀ ਲਈ ਘਾਤਕ ਦੱਸਿਆ। ਉਨ੍ਹਾਂ ਕੇਂਦਰ ਸਰਕਾਰ ਦੀ ਅੜ੍ਹੀ ਦੀ ਸਖ਼ਤ ਆਲੋਚਨਾ ਕਰਦਿਆਂ ਇਹ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ।